ਨਿਹਾਲ ਸਿੰਘ ਵਾਲਾ, 24 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ)-ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮੋਗਾ ਦਵਿੰਦਰ ਸਿੰਘ ਲੋਟੇ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅਸ਼ੀਸ਼ ਕੁਮਾਰ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਵਿਸ਼ਵ ਧਰਤੀ ਦਿਵਸ ਉਤਸ਼ਾਹ ਪੂਰਵਕ ਮਨਾਇਆ ਗਿਆ | ਇਸ ਦੌਰਾਨ ਕਚਰਾ ਪ੍ਰਬੰਧਨ ਦੇ ਨਵੇਂ ਨਿਯਮਾਂ ਬਾਰੇ ਵਿਦਿਆਰਥੀਆਂ ਨੂੰ ਵਿਸਥਾਰਤ ਜਾਣਕਾਰੀ ਦਿੱਤੀ ਗਈ | ਵਿਭਾਗ ਦੇ ਅਧਿਕਾਰੀਆਂ ਦੁਆਰਾ ਭੇਜੇ ਗਏ ਲਿੰਕ ਤੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵਿਸ਼ੇ ਨਾਲ ਸਬੰਧਿਤ ਭਰਵਾਂ ਗਿਆਨ ਹਾਸਲ ਕੀਤਾ | ਇਸ ਉਪਰੰਤ ਮੈਨੇਜਿੰਗ ਡਾਇਰੈਕਟਰ ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਅਸੀਂ ਉਸ ਧਰਤੀ ਦੇ ਵਸਨੀਕ ਹਾਂ ਜਿਸ ਨੂੰ ਦੇਸ਼ ਵਾਸੀ ਧਰਤੀ ਮਾਤਾ ਕਹਿ ਕੇ ਸਤਿਕਾਰਦੇ ਹਨ | ਪਰ ਦੁਖਦਾਈ ਪਹਿਲੂ ਇਹ ਹੈ ਕਿ ਇਸ ਨੂੰ ਗੰਦਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ | ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਗਿੱਲੇ ਕੂੜੇ, ਸੁੱਕੇ ਕੂੜੇ, ਸੈਨੇਟਰੀ ਕਚਰੇ ਅਤੇ ਵਿਸ਼ੇਸ਼ ਧਿਆਨ ਦੇਣ ਯੋਗ ਕਚਰੇ ਦੇ ਪ੍ਰਬੰਧਨ ਬਾਰੇ ਭਰਵੀਂ ਜਾਣਕਾਰੀ ਦਿੱਤੀ | ਵਾਈਸ ਪਿ੍ੰਸੀਪਲ ਮੈਡਮ ਮੀਨਾ ਜੈਨ ਨੇ ਕਿਹਾ ਕਿ ਨਵੇਂ ਨਿਯਮਾਂ ਤਹਿਤ ਭਾਰਤ ਸਰਕਾਰ ਨੇ ਕੂੜਾ ਪ੍ਰਬੰਧਨ ਬਾਰੇ ਬਹੁਤ ਹੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਦੀ ਪਾਲਣਾ ਕਰਨੀ ਹਰ ਦੇਸ਼ ਵਾਸੀ ਲਈ ਬੇਹੱਦ ਜ਼ਰੂਰੀ ਹੈ | ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਵੱਖ-ਵੱਖ ਤਰ੍ਹਾਂ ਦੇ ਕੂੜਾ ਪ੍ਰਬੰਧਨ ਦੇ ਨਿਪਟਾਰੇ ਬਾਰੇ ਖੁੱਲ੍ਹ ਕੇ ਸਮਝਾਇਆ | ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਆਪਣੇ ਪੈਗ਼ਾਮ ਵਿਚ ਹਾਜ਼ਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਰਕਾਰੀ ਆਦੇਸ਼ਾਂ ਦੀ ਪਾਲਣਾ ਕਰਦਿਆਂ ਸਵੱਛ ਭਾਰਤ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਜਤਾਈ | ਇਸ ਸਮੇਂ ਵਿਦਿਆਰਥੀਆਂ ਦੇ ਚਾਰਟ ਬਣਾਉਣ ਮੁਕਾਬਲੇ ਕਰਵਾਏ ਗਏ | ਵਲੰਟੀਅਰਾਂ ਨੇ ਜਾਗਰੂਕਤਾ ਰੈਲੀ ਰਾਹੀਂ ਧਰਤੀ ਸੰਭਾਲਣ ਦਾ ਸੰਦੇਸ਼ ਦਿੱਤਾ |