ਬਾਬਾ ਬਚਿੱਤਰ ਸਿੰਘ ਦੀ ਬਰਸੀ 'ਤੇ ਵੱਡੀ ਗਿਣਤੀ 'ਚ ਪਹੁੰਚੀ ਸੰਗਤ
ਅਜੀਤ ਡੈਸਕ
25-04-2026
ਨਿਹਾਲ ਸਿੰਘ ਵਾਲਾ, 24 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ)-ਸੱਚਖੰਡ ਵਾਸੀ ਬਾਬਾ ਬਚਿੱਤਰ ਸਿੰਘ ਦੀ ਪੰਦ੍ਹਰਵੀਂ ਸਲਾਨਾ ਬਰਸੀ ਪਿੰਡ ਦੀਪਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਈ ਗਈ | ਇਸ ਮੌਕੇ ਦੋ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਬਰਸੀ ਸਮਾਗਮ ਵਿਚ ਪਿੰਡ ਦੀਪਗੜ੍ਹ ਅਤੇ ਇਲਾਕੇ ਦੀ ਸੰਗਤ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾਈ | ਭਾਈ ਸੁਖਜਿੰਦਰ ਸਿੰਘ ਟੱਲੇਵਾਲ ਅਤੇ ਭਾਈ ਧਰਮ ਸਿੰਘ ਰਾਮਗੜ੍ਹ ਦੇ ਰਾਗੀ ਜਥੇ ਨੇ ਰਸ-ਭਿੰਨੇ ਕੀਰਤਨ ਅਤੇ ਕਥਾ ਵਿਚਾਰ ਨਾਲ ਸੰਗਤ ਨੂੰ ਗੁਰਮਤਿ ਦੀ ਰੌਸ਼ਨੀ ਵਿਚ ਸੇਵਾ ਅਤੇ ਸਿਮਰਨ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ | ਭਾਈ ਕਰਮਜੀਤ ਸਿੰਘ ਲੁਹਾਰਾ ਦੀ ਨਿਰਦੇਸ਼ਨ ਹੇਠ ਕਾਕਾ ਮਨਜਿੰਦਰ ਸਿੰਘ, ਬੀਬੀ ਇਕਵਿੰਦਰ ਕੌਰ ਤੇ ਬੀਬੀ ਜਸ਼ਨਦੀਪ ਕੌਰ ਦੇ ਕਵੀਸ਼ਰੀ ਜਥੇ ਨੇ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ | ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਅਮਰਜੀਤ ਸਿੰਘ ਤੇ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਬਾਬਾ ਬਚਿੱਤਰ ਸਿੰਘ ਦੇ ਜੀਵਨ ਬਾਰੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਨੂੰ ਸੇਵਾ, ਸਿਮਰਨ ਅਤੇ ਤਿਆਗ ਦੀ ਮੂਰਤ ਦੱਸਿਆ | ਬਾਬਾ ਬਚਿੱਤਰ ਸਿੰਘ ਵਲੋਂ ਵੱਖ-ਵੱਖ ਗੁਰੂ ਘਰਾਂ ਦੀ ਕੀਤੀ ਸੇਵਾ ਦਾ ਵੀ ਉਚੇਚਾ ਜ਼ਿਕਰ ਕੀਤਾ ਗਿਆ | ਇਸ ਸਮੇਂ ਬੀਬੀ ਚਰਨਜੀਤ ਕੌਰ ਢਿੱਲੋਂ ਵਲੋਂ ਗੁਰੂਘਰ ਵਿਖੇ ਸੰਗਤ ਦੀ ਸੇਵਾ ਲਈ ਨਿਭਾਈਆਂ ਜਾ ਰਹੀਆਂ ਮਹਾਨ ਸੇਵਾਵਾਂ ਬਾਰੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ | ਇਸ ਸਮੇਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਨਵੀਂ ਤੇ ਪੁਰਾਣੀ ਗ੍ਰਾਮ ਪੰਚਾਇਤ ਸਮੇਤ ਵੱਡੀ ਗਿਣਤੀ ਵਿਚ ਪਤਵੰਤਿਆਂ ਨੇ ਵੀ ਹਾਜ਼ਰੀ ਭਰੀ |