ਮੋਗਾ, 26 ਅਪ੍ਰੈਲ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਐਗਜ਼ੈਕਟਿਵ ਮੈਂਬਰ ਮੰਦਰਜੀਤ ਸਿੰਘ ਮਨਾਵਾਂ, ਜ਼ਿਲ੍ਹਾ ਮੋਗਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਜਰਨਲ ਸਕੱਤਰ ਰਵਿੰਦਰ ਸਿੰਘ ਭੋਲਾ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਦਾ ਖੇਤੀਬਾੜੀ ਵਿਭਾਗ ਨੇ ਜੋ ਪਿਛਲੇ ਸਾਲ ਸਬਸਿਡੀ 'ਤੇ ਖੇਤੀਬਾੜੀ ਮਸ਼ੀਨਾਂ ਸੰਦ ਮੁਹੱਈਆ ਕਰਾਉਣ ਲਈ ਕਿਸਾਨਾਂ ਤੋਂ ਸਿਕਿਉਰਿਟੀਆਂ ਦੇ ਰੂਪ ਵਿਚ ਪੈਸੇ ਜਮਾਂ ਕਰਵਾਏ ਸਨ, ਉਹ ਪੈਸੇ ਜਿੰਨਾ ਕਿਸਾਨਾਂ ਨੇ ਕੋਈ ਵੀ ਮਸ਼ੀਨਰੀ ਜਾਂ ਕੋਈ ਵੀ ਖੇਤੀਬਾੜੀ ਸੰਦ ਪੰਜਾਬ ਸਰਕਾਰ ਤੋਂ ਸਬਸਿਡੀ 'ਤੇ ਨਹੀਂ ਖ਼ਰੀਦਿਆ ਤਾਂ ਉਨ੍ਹਾਂ ਕਿਸਾਨਾਂ ਦੀ ਸਕਿਉਰਿਟੀ ਦੇ ਜਮਾਂ ਕਰਾਏ ਹੋਏ ਪੈਸੇ ਕਿਸਾਨਾਂ ਨੂੰ ਤੁਰੰਤ ਵਾਪਸ ਕੀਤੇ ਜਾਣ, ਕਿਉਂਕਿ ਆਏ ਸਾਲ ਸਰਕਾਰ ਵਲੋਂ ਖੇਤੀਬਾੜੀ ਮਸ਼ੀਨਾਂ ਸੰਦਾਂ 'ਤੇ ਸਬਸਿਡੀ ਦੇਣ ਦੀ ਅਨਾਉਂਸਮੈਂਟ ਕੀਤੀ ਜਾਂਦੀ ਹੈ, ਪਰ ਜੋ ਪਿਛਲੀਆਂ ਰਕਮਾਂ ਜਮਾਂ ਕਰਵਾਈਆਂ ਜਾਂਦੀਆਂ ਹਨ ਉਹ ਸਰਕਾਰ ਵਾਪਸ ਨਹੀਂ ਕਰਦੀ ਕਿਸਾਨ ਨੂੰ ਆਪਣੇ ਪੱਲਿਓਾ ਦੁਬਾਰਾ ਫੇਰ ਉਸ ਸਕਿਉਰਿਟੀ ਦੇ ਪੈਸੇ ਜਮਾਂ ਕਰਵਾਉਣੇ ਪੈਂਦੇ ਹਨ ਇਸ ਲਈ ਸਰਕਾਰ ਨੂੰ ਅਪੀਲ ਹੈ ਕਿ ਉਹ ਖੇਤੀਬਾੜੀ ਵਿਭਾਗ ਨੂੰ ਹਦਾਇਤਾਂ ਜਾਰੀ ਕਰੇ ਤਾਂ ਜੋ ਕਿਸਾਨਾਂ ਵਲੋਂ ਪਿਛਲੀਆਂ ਸਿਕਿਉਰਿਟੀਆਂ ਜਮਾਂ ਕਰਾਈਆਂ ਹਨ ਉਹ ਸਿਕਿਉਰਿਟੀਆਂ ਦੇ ਪੈਸੇ ਕਿਸਾਨਾਂ ਨੂੰ ਵਾਪਸ ਕੀਤੇ ਜਾਣ | ਜੇ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਜ਼ਿਲ੍ਹਾ ਮੋਗਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਬਲਕਰਨ ਸਿੰਘ ਢਿੱਲੋਂ ਨੇ ਮੰਗ ਕੀਤੀ ਕਿ ਪੰਜਾਬ ਅੰਦਰ ਬਿਜਲੀ ਸਪਲਾਈ ਨੂੰ ਨਿਰਵਿਘਨ ਚਾਲੂ ਕਰੇ ਕਿਉਂਕਿ ਜਿਸ ਤਰ੍ਹਾਂ ਜ਼ਿਲ੍ਹੇ ਵਿਚ ਬਿਜਲੀ ਦੇ ਕੱਟ ਲੱਗ ਰਹੇ ਹਨ ਉਸ ਦੇ ਨਾਲ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ |