ਮੋਗਾ, 26 ਅਪ੍ਰੈਲ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਟੈਲੇਂਟ ਹੰਟ-2026 ਦਾ ਆਯੋਜਨ ਕੀਤਾ ਗਿਆ ਜਿਸ 'ਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਆਪਣੇ ਅੰਦਰ ਛੁਪੀ ਪ੍ਰਤਿਭਾ ਦਾ ਦਿਲ ਖਿਚਵਾਂ ਪ੍ਰਦਰਸ਼ਨ ਕੀਤਾ | ਟੈਲੇਂਟ ਹੰਟ 'ਚ ਕਈ ਸ਼੍ਰੇਣੀਆਂ ਜਿਵੇਂ ਕਿ ਸਿੰਗਿੰਗ, ਕਵਿਤਾਵਾਂ, ਕੋਰੀਉਗਰਾਫ਼ੀ, ਇੰਸਟਰੂਮੈਂਟ ਪਲੇਇੰਗ, ਨਾਟਕ, ਮਮਿਕਰੀ, ਸਭਿਆਚਾਰਕ ਡਾਂਸ, ਸੋਲੋ ਡਾਂਸਿੰਗ, ਗਰੁੱਪ ਡਾਂਸਿੰਗ, ਦਸਤਾਰ ਬੰਦੀ ਮੁਕਾਬਲੇ, ਪੇਂਟਿੰਗ ਮੁਕਾਬਲੇ, ਮਹਿੰਦੀ ਮੁਕਾਬਲੇ ਆਦਿ 'ਚ ਹਰ ਉਮਰ ਵਰਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਸਕੂਲ ਚੇਅਰਪਰਸਨ ਕਮਲ ਸੈਣੀ ਨੇ ਦੱਸਿਆ ਬੀ.ਬੀ.ਐਸ. ਸੰਸਥਾ ਵਿੱਦਿਆ, ਖੇਡਾਂ, ਸਮਾਜਿਕ ਤੇ ਸੱਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿਚ ਆਪਣੀ ਇਕ ਵਿਲੱਖਣ ਪਹਿਚਾਣ ਬਣਾ ਚੁੱਕੀ ਹੈ ਤੇ ਇਸ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਲਈ ਵਚਨਬੱਧ ਹੈ | ਇਹ ਸੰਸਥਾ ਵਿਦਿਆਰਥੀਆਂ ਅੰਦਰ ਲੁਕੀ ਹੋਈ ਪ੍ਰਤਿਭਾ ਨੂੰ ਬਾਹਰ ਉਜਾਗਰ ਕਰਨ ਲਈ ਵੀ ਕਈ ਪ੍ਰਕਾਰ ਦੇ ਪਲੇਟਫ਼ਾਰਮ ਮੁਹੱਈਆ ਕਰਵਾ ਰਹੀ ਹੈ ਕਿਉਂਕਿ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਅੰਦਰ ਛੁਪੀ ਕਲਾ ਨੂੰ ਉਤਸ਼ਾਹਿਤ ਕਰਨਾ ਵੀ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਹਰ ਬੱਚੇ ਦਾ ਇਕ ਵਿਲੱਖਣ ਹੁਨਰ ਹੁੰਦਾ ਹੈ ਤੇ ਛੋਟੀ ਉਮਰ ਤੋਂ ਹੀ ਉਨ੍ਹਾਂ ਪ੍ਰਤਿਭਾਵਾਂ ਨੂੰ ਪਛਾਣਨਾ ਤੇ ਉਨ੍ਹਾਂ ਦਾ ਵਿਕਾਸ ਕਰਨਾ ਇਕ ਸੰਪੂਰਨ ਜੀਵਨ ਤੇ ਕਰੀਅਰ ਵੱਲ ਅਗਵਾਈ ਕਰ ਸਕਦਾ ਹੈ | ਇਸ ਕਰਕੇ ਹੀ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਸਕੂਲ ਵਿਚ ਟੈਲੇਂਟ ਹੰਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਲਈ ਇਹ ਟੈਲੇਂਟ ਹੰਟ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਂਦਾ ਹੈ ਜਿਸ ਦਾ ਮੁੱਖ ਮੰਤਵ ਵਿਦਿਆਰਥੀਆਂ ਅੰਦਰ ਲੁਕੀ ਹੋਈ ਪ੍ਰਤਿਭਾ ਨੂੰ ਬਾਹਰ ਕੱਢਣਾ ਹੈ | ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਦੱਸਿਆ ਕਿ ਬੀ.ਬੀ.ਐਸ. ਸੰਸਥਾਵਾਂ ਦਾ ਮੁੱਖ ਉਦੇਸ਼ ਹੀ ਇਹ ਹੈ ਕਿ ਵਿਦਿਆਰਥੀਆਂ ਨੂੰ ਸਿਰਫ਼ ਵਿੱਦਿਆ ਦੇ ਖੇਤਰ 'ਚ ਹੀ ਨਹੀਂ ਸਗੋਂ ਕਲਾ ਦੇ ਖੇਤਰ ਵਿਚ ਅੱਗੇ ਲੈ ਕੇ ਜਾਣਾ ਹੈ |