ਮੋਗਾ, 27 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸਿਵਲ ਸੁਸਾਇਟੀ ਮੋਗਾ ਵਲੋਂ ਡੀ.ਐਮ. ਕਾਲਜ ਸੰਸਥਾਵਾਂ ਉੱਪਰ ਕਾਬਜ਼ ਧਿਰਾਂ ਨੂੰ ਮਿਲ ਬੈਠ ਕੇ ਆਪਸੀ ਵਿਵਾਦ ਸੁਲਝਾਉਣ ਤੇ ਦਿਨੋਂ-ਦਿਨ ਨਿੱਘਰ ਰਹੀਆਂ ਇਨ੍ਹਾਂ ਸੰਸਥਾਵਾਂ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਕਾਬਜ਼ ਧਿਰਾਂ ਨੂੰ ਇਸ ਵਿਵਾਦ ਨੂੰ ਸੁਲਝਾਉਣ ਦੀ ਸ਼ਕਤੀ ਪ੍ਰਦਾਨ ਦੀ ਅਰਦਾਸ ਕਰਨ ਲਈ 30 ਅਪ੍ਰੈਲ ਨੂੰ ਡੀ.ਐਮ. ਕਾਲਜ ਮੋਗਾ ਦੇ ਗੇਟ ਅੱਗੇ ਸਵੇਰੇ 9 ਵਜੇ ਇਕ ਹਵਨ ਯੱਗ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸੁਸਾਇਟੀ ਮੋਗਾ ਦੀ ਪ੍ਰਜੀਡੀਅਮ ਕਮੇਟੀ ਨੇ ਉੱਚ ਅਹੁਦਿਆਂ ਤੋਂ ਰਿਟਾਇਰ ਹੋਏ ਡੀ.ਐਮ. ਕਾਲਜ ਦੇ ਪੁਰਾਣੇ ਵਿਦਿਆਰਥੀਆਂ ਵਲੋਂ ਸਾਬਕਾ ਆਈ.ਏ.ਐਸ. ਕੁਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਬੀਤੇ ਦਿਨ ਚੰਡੀਗੜ੍ਹ ਵਿਖੇ ਕੀਤੀ ਗਈ ਇਕੱਤਰਤਾ ਵਿਚ ਸਿਵਲ ਸੁਸਾਇਟੀ ਦੇ ਇਸ ਉੱਦਮ ਨੂੰ ਸਮਰਥਨ ਦਾ ਐਲਾਨ ਕਰਨ ਲਈ ਧੰਨਵਾਦ ਕਰਦਿਆਂ ਇਸ ਕਾਲਜ ਤੋਂ ਵਿੱਦਿਆ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ | ਇਸ ਮੌਕੇ ਸਿਵਲ ਸੁਸਾਇਟੀ ਮੋਗਾ ਦੇ ਪ੍ਰਜੀਡੀਅਮ ਮੈਂਬਰ ਮਹਿੰਦਰਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਮਨਿੰਦਰ ਬੇਦੀ, ਮਲਵਿੰਦਰ ਗਰੇਵਾਲ, ਜਨਰਲ ਸਕੱਤਰ ਪਿ੍ਤਪਾਲ ਸਿੰਘ, ਦਫ਼ਤਰ ਸਕੱਤਰ ਵੀ.ਪੀ. ਸੇਠੀ, ਵਿੱਤ ਸਕੱਤਰ ਦਿਆਲ ਸਿੰਘ ਅਤੇ ਕੰਵਲਜੀਤ ਮਹੇਸ਼ਰੀ ਹਾਜ਼ਰ ਸਨ |