ਕਿਸ਼ਨਪੁਰਾ ਕਲਾਂ, 27 ਅਪ੍ਰੈਲ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪੰਜਾਬ ਵਿਚ ਪਾਵਰਕਾਮ ਵਲੋਂ ਪਿਛਲੇ ਕੁਝ ਦਿਨਾਂ ਤੋਂ ਲਗਾਏ ਜਾ ਰਹੇ ਅਣ ਐਲਾਨੇ ਬਿਜਲੀ ਦੇ ਕੱਟਾਂ ਨੂੰ ਲੈ ਕੇ ਹਲਕਾ ਧਰਮਕੋਟ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੱਗ ਰਹੇ ਬਿਜਲੀ ਦੇ ਲੰਬੇ ਤੇ ਬੇਤਰਤੀਬੇ ਕੱਟਾਂ ਕਾਰਨ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਐਡਵੋਕੇਟ ਰਵੀ ਗਰੇਵਾਲ ਨੇ ਕਿਹਾ ਕਿ ਬਿਜਲੀ ਦੀ ਪੰਜਾਬ ਵਿਚ ਕੋਈ ਘਾਟ ਨਾ ਹੋਣ ਦੇ ਸਰਕਾਰ ਦੇ ਵੱਡੇ-ਵੱਡੇ ਦਾਅਵੇ ਹੁਣ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਦਿਨ ਦੇ ਸਮੇਂ ਬਿਜਲੀ ਦੇ ਕੱਟ ਕਿਸੇ ਹੱਦ ਤੱਕ ਬਰਦਾਸ਼ਤ ਕੀਤੇ ਜਾ ਸਕਦੇ ਹਨ, ਪਰ ਰਾਤ ਦੇ ਵੇਲੇ ਲੰਬੇ ਕੱਟ ਲੋਕਾਂ ਲਈ ਵੱਡੀ ਮੁਸੀਬਤ ਬਣ ਗਏ ਹਨ | ਗਰਮੀ ਤੇ ਮੱਛਰਾਂ ਦੇ ਕਾਰਨ ਖ਼ਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਲਈ ਰਾਤ ਕੱਟਣੀ ਬਹੁਤ ਹੀ ਮੁਸ਼ਕਲ ਹੋ ਰਹੀ ਹੈ | ਰਵੀ ਗਰੇਵਾਲ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਬਿਜਲੀ ਸਪਲਾਈ ਪ੍ਰਬੰਧਾਂ ਨੂੰ ਠੀਕ ਕੀਤਾ ਜਾਵੇ ਤੇ ਖ਼ਾਸ ਤੌਰ 'ਤੇ ਰਾਤ ਦੇ ਸਮੇਂ ਕੱਟਾਂ ਨੂੰ ਰੋਕਿਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ | ਅੰਤ 'ਚ ਉਨ੍ਹਾਂ ਕਿਹਾ ਕਿ ਅਗਰ ਸਰਕਾਰ ਵਲੋਂ ਬਿਜਲੀ ਸਪਲਾਈ ਦਾ ਕੋਈ ਪੁਖ਼ਤਾ ਪ੍ਰਬੰਧ ਨਾ ਕੀਤਾ ਗਿਆ ਤਾਂ ਉਹ ਮਜਬੂਰਨ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਸੜਕਾਂ ਤੇ ਸਰਕਾਰ ਤੇ ਬਿਜਲੀ ਵਿਭਾਗ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਤਿਆਰ ਰਹਿਣਗੇ |