ਕਿਸ਼ਨਪੁਰਾ ਕਲਾਂ, 28 ਅਪ੍ਰੈਲ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਤੇਜ਼ੀ ਨਾਲ ਵਿਗੜਦੀ ਬਿਜਲੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਭਰ ਦੇ ਲੋਕਾਂ ਨੂੰ ਲਗਾਤਾਰ ਲੰਮੇ-ਲੰਮੇ ਪਾਵਰ ਕੱਟਾਂ ਤੋਂ ਨਿਜਾਤ ਦਿਵਾਉਣ ਲਈ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਆਗੂ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਸ ਦੀ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ 30 ਅਪ੍ਰੈਲ ਦਿਨ ਵੀਰਵਾਰ ਨੂੰ ਲੰਬੇ ਅਤੇ ਰੋਜ਼ਾਨਾ ਬਿਜਲੀ ਕੱਟਾਂ ਵਿਰੁੱਧ ਸਾਰੇ ਸੂਬੇ ਵਿਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੋਗਾ ਦੇ ਚਾਰੋ ਵਿਧਾਨ ਸਭਾ ਹਲਕੇ ਦੇ ਇੰਚਾਰਜਾਂ, ਸੀਨੀਅਰ ਅਕਾਲੀ ਆਗੂ ਤੇ ਵਰਕਰ ਸਥਾਨਕ ਐਸ.ਡੀ.ਐਮ. ਦਫ਼ਤਰਾਂ ਦੇ ਸਾਹਮਣੇ 9 ਤੋਂ 12 ਵਜੇ ਤੱਕ ਵਿਰੋਧ ਪ੍ਰਦਰਸ਼ਨ ਕਰਨਗੇ ਅਤੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕਰਨਗੇ | ਪ੍ਰਧਾਨ ਭੁੱਲਰ ਨੇ ਕਿਹਾ ਕਿ ਇਹ ਭਿਆਨਕ ਬਿਜਲੀ ਕੱਟ ਅਚਾਨਕ ਨਹੀਂ ਹਨ, ਇਹ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੀ ਮਾੜੀ ਯੋਜਨਾਬੰਦੀ, ਸਮੇਂ ਸਿਰ ਬਿਜਲੀ ਸਮਝੌਤੇ ਕਰਨ ਵਿਚ ਅਸਫ਼ਲਤਾ ਤੇ ਪ੍ਰਸ਼ਾਸਕੀ ਅਯੋਗਤਾ ਦਾ ਸਿੱਧਾ ਨਤੀਜਾ ਹਨ | ਇਸ ਸੰਕਟ ਨੂੰ ਹੱਲ ਕਰਨ ਦੀ ਬਜਾਏ, ਸਰਕਾਰ ਆਪਣੇ ਸੰਸਦ ਮੈਂਬਰਾਂ ਅਤੇ ਨੇਤਾਵਾਂ ਦੇ ਵੱਡੇ ਪੱਧਰ 'ਤੇ ਦਲ ਬਦਲੀ ਕਰਨ ਕਰਕੇ ਅੰਦਰੂਨੀ ਅਸਥਿਰਤਾ ਅਤੇ ਆਪਣੇ ਵਜੂਦ ਨੂੰ ਬਚਾਉਣ ਤੇ ਖ਼ਤਰਿਆਂ ਨੂੰ ਸੰਭਾਲਣ ਵਿਚ ਰੁੱਝੀ ਹੋਈ ਹੈ | ਪਰ ਪੰਜਾਬ ਦੀ ਜਨਤਾ ਭਾਰੀ ਗਰਮੀ ਦੀ ਮਾਰ ਝੱਲਦੀ ਹੋਈ ਤ੍ਰਾਹ-ਤ੍ਰਾਹ ਕਰ ਰਹੀ ਹੈ | ਅੰਤ ਵਿਚ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਨੇ ਸਮੂਹ ਇੰਚਾਰਜਾਂ ਆਗੂਆਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 30 ਅਪ੍ਰੈਲ ਨੂੰ ਟਾਈਮ ਸਿਰ ਪਹੁੰਚ ਕੇ ਇਸ ਰੋਸ ਮੁਜ਼ਾਹਰੇ ਕਰਦਿਆਂ ਪੰਜਾਬ ਸਰਕਾਰ ਦੇ ਪੁਤਲੇ ਵੀ ਸਾੜੇ ਜਾਣਗੇ |