ਮੋਗਾ, 28 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ 'ਚ ਕਣਕ ਦੀ ਖ਼ਰੀਦ ਸੁਚਾਰੂ ਢੰਗ ਦੇ ਨਾਲ ਜਾਰੀ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਖ਼ਰੀਦੀ ਗਈ ਕਣਕ ਦੇ ਬਦਲੇ ਨਾਲੋਂ-ਨਾਲ ਅਦਾਇਗੀ ਯਕੀਨੀ ਬਣਾਈ ਜਾ ਰਹੀ ਹੈ | ਕਿਸਾਨਾਂ ਨੂੰ ਮੰਡੀਆਂ 'ਚ ਆਪਣੀ ਫ਼ਸਲ ਵੇਚਣ 'ਚ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾ ਰਿਹਾ | ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲ੍ਹੇ 'ਚ ਬੀਤੇ ਕੱਲ੍ਹ ਤੱਕ 593881 ਮੀਟਰਿਕ ਟਨ ਕਣਕ ਦੀ ਖ਼ਰੀਦ ਹੋਈ ਹੈ, ਜਿਸ 'ਚੋਂ 58153 ਮੀਟਰਿਕ ਟਨ ਕਣਕ ਦੀ ਖ਼ਰੀਦ ਕਰ ਲਈ ਗਈ ਹੈ | ਡਿਪਟੀ ਕਮਿਸ਼ਨਰ ਨੇ ਵੀ ਦੱਸਿਆ ਕਿ ਕਿਸਾਨਾਂ ਨੂੰ ਨਾਲੋਂ-ਨਾਲ ਕਣਕ ਦੀ ਅਦਾਇਗੀ ਯਕੀਨੀ ਬਣਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲ੍ਹੇ 'ਚ ਕਿਸਾਨਾਂ ਨੂੰ 1321 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਕਣਕ ਦੀ ਖ਼ਰੀਦ 'ਚ ਪਨਗਰੇਨ ਵਲੋਂ 202721 ਮੀਟਰਿਕ ਟਨ, ਮਾਰਕਫੈਡ ਵਲੋਂ 153465 ਮੀਟਰਿਕ ਟਨ, ਪਨਸਪ ਵਲੋਂ 131237 ਮੀਟਰਿਕ ਟਨ, 93729 ਵੇਅਰ ਹਾਊਸ ਵਲੋਂ ਮੀਟਰਿਕ ਟਨ ਤੇ ਪ੍ਰਾਈਵੇਟ ਵਪਾਰੀਆਂ ਵਲੋਂ 151 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ 'ਚ ਕਣਕ ਦੀ ਖ਼ਰੀਦ ਲਈ ਬਾਰਦਾਨਾ ਆਦਿ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਤੇ ਮੰਡੀਆਂ 'ਚ ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਸਾਫ਼-ਸੁਥਰੇ ਪਾਣੀ, ਬਿਜਲੀ, ਬੈਠਣ ਲਈ ਛਾਂਦਾਰ ਜਗ੍ਹਾ ਤੇ ਸਾਫ਼-ਸੁਥਰੇ ਪਖਾਨਿਆਂ ਦੇ ਪ੍ਰਬੰਧ ਹਨ |