ਮੋਗਾ, 2 ਮਈ (ਜਸਪਾਲ ਸਿੰਘ ਬੱਬੀ)-ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਫਗਵਾੜਾ ਵਿਖੇ ਸੁੱਖੀ ਬਾਠ ਤੇ ਉਂਕਾਰ ਸਿੰਘ ਤੇਜ਼ੇ ਦੀ ਰਹਿਨੁਮਾਈ ਹੇਠ 3 ਮਈ ਨੂੰ ਕਰਵਾਈ ਜਾ ਰਹੀ ਹੈ | ਇਸ ਮੌਕੇ ਪ੍ਰਧਾਨ ਬਲਜੀਤ ਸਿੰਘ ਸੇਖਾ ਤੇ ਮੀਡੀਆ ਕੋਆਰਡੀਨੇਟਰ ਪ੍ਰਦੀਪ ਸਿੰਘ ਰਖਰਾ ਨੇ ਦੱਸਿਆ ਕਿ ਹਰਸਿਮਰਨ ਸਿੰਘ ਮੌਂਟੀ ਦੁਆਰਾ ਸੰਪਾਦਕ ਕਿਤਾਬ ਨਵੀਆਂ ਕਲਮਾਂ ਨਵੀਂ ਉਡਾਣ ਭਾਗ-4 ਫਗਵਾੜਾ ਵਿਖੇ ਰਿਲੀਜ਼ ਕੀਤੀ ਜਾਵੇਗੀ | ਇਸ ਕਿਤਾਬ ਵਿਚ 75 ਬਾਲ ਲੇਖਕਾਂ ਦੀਆਂ ਰਚਨਾਵਾਂ ਦਰਜ ਹਨ | ਇਸ ਸਮੇਂ ਮੋਗਾ ਜ਼ਿਲੇ੍ਹ ਦੀ ਰਿਲੀਜ਼ ਹੋਣ ਵਾਲੀ ਕਿਤਾਬ ਦੇ ਪੋਸਟਰ ਦੀ ਘੁੰਡ ਚੁਕਾਈ ਅਸ਼ੀਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਮੋਗਾ ਤੇ ਮੰਜੂ ਭਾਰਦਵਾਜ ਜ਼ਿਲ੍ਹਾ ਸਿੱਖਿਆ ਅਫਸਰ (ਐਲੀ:) ਮੋਗਾ ਨੇ ਜਾਰੀ ਕੀਤਾ | ਉਨ੍ਹਾਂ ਕਿਹਾ ਕਿ ਸੁੱਖੀ ਬਾਠ ਵਲੋਂ ਇਹ ਬਹੁਤ ਵਧੀਆ ਉਪਰਾਲਾ ਹੈ | ਇਕ ਸਮੇਂ ਟੀਮ ਮੈਂਬਰ ਬਲਜਿੰਦਰ ਕੌਰ ਕਲਸੀ, ਅਮਨਦੀਪ ਕੌਰ ਡਗਰੂ ਤੇ ਨਿਸ਼ਾ ਬਜਾਜ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿਚ ਪੰਜਾਬ ਅਤੇ ਹੋਰ ਸਟੇਟਾਂ ਦੇ ਬੱਚੇ ਭਾਗ ਲੈ ਰਹੇ ਹਨ |