ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਦੁਆਵਾਂ

Ad Position 21
No active advertisement
ਅਜੀਤ ਡੈਸਕ 03-05-2026

ਭਾਰਤੀ ਸੱਭਿਆਚਾਰ ਵਿਚ ਦੁਆਵਾਂ ਅਤੇ ਅਸੀਸਾਂ ਨੂੰ ਵਿਸ਼ੇਸ਼ ਮਹੱਤਤਾ ਮਿਲੀ ਹੈ। ਇਹ ਮਨੁੱਖੀ ਸੰਵੇਦਨਾ, ਰਿਸ਼ਤਿਆਂ ਦੇ ਨਿੱਘ ਅਤੇ ਵੱਡਿਆਂ ਪ੍ਰਤੀ ਆਦਰ-ਸਤਿਕਾਰ ਦੀ ਮਹੱਤਵਪੂਰਨ ਨਿਸ਼ਾਨੀ ਹਨ। ਪੰਜਾਬੀਅਤ ਵਿਚ ਦੁਆਵਾਂ ਦੀ ਖੁਸ਼ਬੂ ਜੀਵਨ-ਧਾਰਾ ਦੇ ਧੁਰ ਅੰਦਰ ਤੱਕ ਰਚੀ ਹੋਈ ਹੈ। ਅਸੀਸ ਸਿਰਫ਼ ਉਚਾਰਨ ਨਹੀਂ, ਦਿਲ ਦੀ ਰਸਮ ਮੰਨੀ ਜਾਂਦੀ ਹੈ ਅਤੇ ਅਸੀਸ ਲੈਣਾ ਸਾਡੇ ਜੀਵਨ-ਰੀਤ ਦਾ ਅਟੁੱਟ ਅੰਗ ਹੈ।
ਮਾਂ ਦੀ ਲੋਰੀ ਵਾਂਗ ਦੁਆ ਵਿਚ ਵੀ ਆਪਣੇਪਨ ਦਾ ਨਿੱਘਾ ਸਨੇਹ ਵੱਸਦਾ ਹੈ, ਜੋ ਦੇਣ ਵਾਲੇ ਅਤੇ ਲੈਣ ਵਾਲੇ ਨੂੰ ਇਕ ਅਦ੍ਰਿਸ਼ਟ ਆਤਮਿਕ ਡੋਰ ਨਾਲ ਜੋੜ ਦਿੰਦਾ ਹੈ। ਮਾਤਾ-ਪਿਤਾ ਵਲੋਂ ਆਪਣੀ ਔਲਾਦ ਲਈ ਅਸੀਸਾਂ ਦੇਣਾ ਮਨੁੱਖੀ ਸੁਭਾਅ ਦਾ ਸਭ ਤੋਂ ਸੁੱਚਾ ਪ੍ਰਗਟਾਵਾ ਹੈ। ਦਰਅਸਲ, ਮਾਂ ਦੀ ਲੋਰੀ ਅਸੀਸਾਂ ਦੀ ਪਹਿਲੀ ਪਾਠਸ਼ਾਲਾ ਹੁੰਦੀ ਹੈ ਅਤੇ ਮਾਪਿਆਂ ਦੀ ਦੁਆ ਬੱਚੇ ਦੇ ਜੀਵਨ ਦੀ ਕੀਮਤੀ ਪੂੰਜੀ ਬਣ ਜਾਂਦੀ ਹੈ। ਅਸੀਸ ਮੁੱਖ ਤੌਰ 'ਤੇ ਬੁੱਲ੍ਹਾਂ ਤੋਂ ਨਹੀਂ, ਹਿਰਦੇ ਦੀ ਗਹਿਰਾਈ ਤੋਂ ਨਿਕਲਦੀ ਹੈ। ਇਹ ਉਹ ਅਦ੍ਰਿਸ਼ਟ ਨੇਕੀ ਹੈ ਜੋ ਚੰਗੇ ਕਿਰਦਾਰ ਦੀ ਸੁਗੰਧ ਵਾਂਗ ਫੈਲਦੀ ਹੈ।
ਅਸੀਸਾਂ ਦੀ ਗੂੰਜ ਲੋਕ-ਗੀਤਾਂ ਵਿਚ ਵੀ ਸੁਣਾਈ ਦਿੰਦੀ ਹੈ। 'ਲੋਕ-ਗੀਤਾਂ ਜਿੰਨੀ ਉਮਰ ਹੋਵੇ' ਕਹਿਣਾ ਅਸਲ ਵਿਚ ਕਿਸੇ ਲਈ ਲੰਬੇ, ਅਰਥਪੂਰਨ ਅਤੇ ਯਾਦਗਾਰ ਜੀਵਨ ਦੀ ਕਾਮਨਾ ਕਰਨਾ ਹੈ। ਇਤਿਹਾਸ ਗਵਾਹ ਹੈ ਕਿ ਕੁਝ ਗੀਤ ਆਮ ਤੋਂ ਖ਼ਾਸ ਹਰ ਦਿਲ ਵਿਚ ਆਪਣੀ ਨਿਵੇਕਲੀ ਥਾਂ ਬਣਾ ਲੈਂਦੇ ਹਨ। ਇਹ ਬੱਚਿਆਂ ਨੂੰ ਵੀ ਆਪਣੇ ਲੱਗਦੇ ਹਨ ਅਤੇ ਬਜ਼ੁਰਗਾਂ ਨੂੰ ਵੀ, ਕਿਉਂਕਿ ਇਨ੍ਹਾਂ ਵਿਚ ਮਨੋਰੰਜਨ ਦੇ ਨਾਲ ਸੰਸਕਾਰ ਅਤੇ ਜੀਵਨ-ਜਾਚ ਦੀ ਡੂੰਘੀ ਝਲਕ ਹੁੰਦੀ ਹੈ। ਜਿਵੇਂ ਕੁਝ ਗੀਤ ਸਮੇਂ ਦੀ ਧੂੜ ਨਾਲ ਮਿਟਦੇ ਨਹੀਂ ਅਤੇ ਪੀੜ੍ਹੀ-ਦਰ-ਪੀੜ੍ਹੀ ਦਿਲਾਂ ਵਿਚ ਵੱਸੇ ਰਹਿੰਦੇ ਹਨ, ਉਸੇ ਤਰ੍ਹਾਂ ਸੱਚੀ ਅਸੀਸ ਵੀ ਸਮੇਂ ਦੇ ਨਾਲ ਚੱਲਦੀ ਰਹਿੰਦੀ ਹੈ।
ਦੁਆ ਅਸਲ ਵਿਚ ਸ਼ਬਦਾਂ ਦਾ ਜੋੜ ਨਹੀਂ, ਦਿਲ ਦੀ ਖਾਮੋਸ਼ ਲਹਿਰ ਹੈ ਜੋ ਬਿਨਾਂ ਸ਼ੋਰ ਕੀਤੇ ਦੂਜੇ ਮਨੁੱਖ ਤੱਕ ਪਹੁੰਚਦੀ ਹੈ। ਉਰਦੂ ਅਦਬ ਨੇ ਇਸ ਨੂੰ ਰੂਹਾਂ ਦਰਮਿਆਨ ਇਕ ਨਾਜ਼ੁਕ ਪੁਲ ਕਿਹਾ ਹੈ, ਅਜਿਹਾ ਪੁਲ ਜੋ ਦਿਸਦਾ ਨਹੀਂ ਪਰ ਅਸਰ ਡੂੰਘਾ ਛੱਡਦਾ ਹੈ।
ਮੁੱਢ ਕਦੀਮ ਤੋਂ ਪੰਜਾਬੀ ਸਮਾਜ ਵਿਚ 'ਜਿਊਂਦਾ-ਵੱਸਦਾ ਰਹਿ' 'ਰੱਬ ਚੜ੍ਹਦੀ ਕਲਾ 'ਚ ਰੱਖੇ,' 'ਰੱਬ ਭਲਾ ਕਰੇ', 'ਤੇਰੀ ਲੰਮੀ ਉਮਰ ਹੋਵੇ', 'ਸਦਾ ਬੁੱਢ ਸੁਹਾਗਣ ਰਹੇਂ' ਵਰਗੀਆਂ ਦੁਆਵਾਂ ਸਿਰਫ਼ ਰਵਾਇਤੀ ਵਾਕ ਨਹੀਂ; ਇਹ ਆਪਸੀ ਪਿਆਰ, ਨੇਕੀ ਅਤੇ ਸੁਖਮਈ ਖੁਸ਼ਹਾਲ ਭਵਿੱਖ ਦੀ ਕਾਮਨਾ ਦਾ ਪ੍ਰਗਟਾਵਾ ਹਨ। ਪੇਂਡੂ ਜੀਵਨ ਸ਼ੈਲੀ ਵਿਚ ਅੱਜ ਵੀ ਇਹ ਵਿਸ਼ਵਾਸ ਮਜ਼ਬੂਤ ਹੈ ਕਿ ਵੱਡਿਆਂ ਦੀ ਅਸੀਸ ਕਿਸੇ ਵੀ ਔਖੇ ਸਮੇਂ ਵਿਚ ਰਾਹ ਸੁਖਾਲਾ ਕਰ ਦਿੰਦੀ ਹੈ।
ਇਸ ਸੱਚ ਨੂੰ ਮੈਂ ਖੁਦ ਵੀ ਮਹਿਸੂਸ ਕੀਤਾ ਹੈ। ਕੁਝ ਸਮਾਂ ਪਹਿਲਾਂ ਪਿਤਾ ਜੀ ਦੀ ਗੰਭੀਰ ਸਰਜਰੀ ਹੋਈ। ਹਸਪਤਾਲ ਦਾ ਮਾਹੌਲ ਚਿੰਤਾ ਨਾਲ ਭਰਿਆ ਸੀ। ਇਲਾਜ ਆਪਣੀ ਥਾਂ ਜਾਰੀ ਸੀ, ਪਰ ਮਨੋਦਸ਼ਾ ਬਦਲਣ ਲਈ ਅਸੀਂ ਉਨ੍ਹਾਂ ਦੇ ਮਨਪਸੰਦ ਗੀਤ ਹੌਲੀ ਆਵਾਜ਼ ਵਿਚ ਚਲਾਏ। ਉਨ੍ਹਾਂ ਦੇ ਚਿਹਰੇ 'ਤੇ ਉਭਰੀ ਰੌਣਕ ਨੇ ਸਾਨੂੰ ਸਭ ਨੂੰ ਹੈਰਾਨ ਕੀਤਾ। ਉਦੋਂ ਅਹਿਸਾਸ ਹੋਇਆ ਕਿ ਦਵਾਈ ਦੇ ਨਾਲ ਦੁਆ, ਰਿਸ਼ਤਿਆਂ ਦਾ ਨਿੱਘ ਅਤੇ ਸੰਗੀਤ, ਇਹ ਸਭ ਮਿਲ ਕੇ ਮਨੁੱਖ ਦੇ ਮਨ ਨੂੰ ਅਸਾਧਾਰਨ ਤਾਕਤ ਦੇ ਸਕਦੇ ਹਨ। ਕਾਗਜ਼ੀ ਦੌਲਤ ਇਲਾਜ ਖਰੀਦ ਸਕਦੀ ਹੈ, ਪਰ ਹੌਸਲਾ ਨਹੀਂ ਖਰੀਦ ਸਕਦੀ।
ਜਦੋਂ ਮਨੁੱਖ ਦੂਜੇ ਦੀ ਭਲਾਈ ਦਿਲੋਂ ਮੰਗਦਾ ਹੈ ਤਾਂ ਉਹ ਆਪ ਵੀ ਅੰਦਰੋਂ ਰੂਹਾਨੀ ਅਨੰਦ ਅਤੇ ਤਸੱਲੀ ਮਹਿਸੂਸ ਕਰਦਾ ਹੈ। ਇਹੀ ਰੂਹਾਨੀਅਤ ਭਾਵਨਾ ਸਮਾਜ ਵਿਚ ਮਨੁੱਖਤਾ ਨੂੰ ਜਿਊਂਦਾ ਰੱਖਦੀ ਹੈ। ਇਹ, ਕਦੇ ਹਾਲਾਤ ਬਦਲ ਦਿੰਦੀ ਹੈ, ਕਦੇ ਮਨੁੱਖ ਨੂੰ ਅਲੌਕਿਕ ਮਜ਼ਬੂਤੀ ਦੇ ਕੇ ਹਾਲਾਤਾਂ ਦਾ ਸਾਹਮਣਾ ਕਰਨ ਦੀ ਤਾਕਤ ਦੇ ਦਿੰਦੀ ਹੈ। ਸਿਆਣਿਆਂ ਦਾ ਕਥਨ ਹੈ 'ਅਸੀਸ' ਰੱਬ ਤੱਕ ਪਹੁੰਚ ਰੱਖਦੀ ਹੈ।
ਮਨੋਵਿਗਿਆਨ ਵੀ ਮੰਨਦਾ ਹੈ ਕਿ ਸਾਕਾਰਾਤਮਿਕ ਬੋਲ ਮਨੁੱਖ ਦੇ ਅੰਦਰ ਆਸ ਅਤੇ ਆਤਮ-ਵਿਸ਼ਵਾਸ ਪੈਦਾ ਕਰਦੇ ਹਨ, ਜਦਕਿ ਕਠੋਰ ਤੇ ਕੌੜੇ ਸ਼ਬਦ ਮਨ ਨੂੰ ਉਦਾਸੀਨਤਾ ਤੇ ਨਿਰਾਸ਼ਾ ਵੱਲ ਧੱਕਦੇ ਹਨ। ਇਹ ਅਸਰ ਸੁਣਨ ਵਾਲੇ ਤੱਕ ਹੀ ਸੀਮਤ ਨਹੀਂ ਰਹਿੰਦਾ; ਬੋਲਣ ਵਾਲੇ ਦੀ ਮਨੋਅਵਸਥਾ 'ਤੇ ਵੀ ਪੂਰਾ ਅਸਰ ਪੈਂਦਾ ਹੈ। ਇਸੇ ਲਈ ਸਾਡੀ ਪਰੰਪਰਾ ਨੇ ਬੋਲੀ ਦੀ ਮਿਠਾਸ ਅਤੇ ਅਸੀਸ ਨੂੰ ਉੱਚਾ ਦਰਜਾ ਦਿੱਤਾ ਹੈ। ਬੋਲੀ ਦੀ ਮਿਠਾਸ ਰਿਸ਼ਤਿਆਂ ਵਿਚ ਨੇੜਤਾ ਪੈਦਾ ਕਰਦੀ ਹੈ, ਜਦਕਿ ਤਿੱਖੇ ਬੋਲ ਦੂਰੀ ਵਧਾ ਦਿੰਦੇ ਹਨ। ਗੁਰਬਾਣੀ ਦੀ ਪੰਕਤੀ 'ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥' ਇਸ ਜੀਵਨ-ਸੱਚਾਈ ਨੂੰ ਸੰਖੇਪ ਪਰ ਬਹੁਤ ਹੀ ਡੂੰਘੇ ਅਰਥਾਂ ਵਿਚ ਪ੍ਰਗਟ ਕਰਦੀ ਹੈ।
ਅਰਦਾਸ ਦੀ ਅਮਰ ਪੰਕਤੀ 'ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ'-ਦੁਆ ਦੇ ਵਿਸ਼ਾਲ ਅਰਥ ਨੂੰ ਰੌਸ਼ਨ ਕਰਦੀ ਹੈ। ਇੱਥੇ ਦੁਆ ਨਿੱਜ ਤੋਂ ਉੱਪਰ ਉੱਠ ਕੇ ਸਮੂਹ ਮਨੁੱਖਤਾ ਦੀ ਭਲਾਈ ਦੀ ਕਾਮਨਾ ਬਣ ਜਾਂਦੀ ਹੈ। ਇਹ ਸੋਚ ਮਨੁੱਖ ਨੂੰ ਸਵਾਰਥ ਤੋਂ ਉੱਪਰ ਚੁੱਕ ਕੇ ਵਿਸ਼ਾਲ ਮਨੁੱਖੀ ਚੇਤਨਾ ਨਾਲ ਜੋੜਦੀ ਹੈ।
ਅੱਜ ਦੀ ਤੇਜ਼ ਤਰਾਰ ਜ਼ਿੰਦਗੀ ਅਤੇ ਤਣਾਅ-ਭਰੇ ਅਜੋਕੇ ਸਮੇਂ ਵਿਚ ਇਹ ਸਿੱਖਿਆ ਹੋਰ ਵੀ ਪ੍ਰਸੰਗਿਕ ਹੋ ਗਈ ਹੈ। ਜਿੱਥੇ ਮੁਕਾਬਲਾ, ਪਲ-ਪਲ ਦੀ ਚਿੰਤਾ ਅਤੇ ਇਕੱਲਾਪਣ ਵਧ ਰਿਹਾ ਹੈ, ਉਥੇ ਇਕ ਮਿੱਠਾ ਬੋਲ ਜਾਂ ਸੱਚੀ ਦੁਆ ਮਨੁੱਖ ਲਈ ਵਿਲੱਖਣ ਸਹਾਰੇ ਵਾਂਗ ਕੰਮ ਕਰਦੀ ਹੈ। ਦਰਅਸਲ, ਦੁਆ ਅਤੇ ਅਸੀਸ ਮਨੁੱਖੀ ਹਮਦਰਦੀ ਅਤੇ ਸਮਾਜਿਕ ਸਿਹਤ ਦੀ ਜੀਵੰਤ ਨਿਸ਼ਾਨੀ ਹਨ।
ਯਾਦ ਰਹੇ ਕਿ ਦੁਆ ਸਿਰਫ਼ ਵੱਡੇ ਹੀ ਨਹੀਂ ਦਿੰਦੇ; ਛੋਟੇ ਵੀ ਦੇ ਸਕਦੇ ਹਨ। ਸੱਚੀ ਨੀਅਤ ਨਾਲ ਕਿਹਾ ਗਿਆ 'ਰੱਬ ਭਲਾ ਕਰੇ' ਵੀ ਸਮਾਜ ਵਿਚ ਸਾਕਾਰਾਤਮਿਕ ਊਰਜਾ ਵੰਡਦਾ ਹੈ। ਦੁਆਵਾਂ ਮਨੁੱਖ ਦੇ ਅੰਦਰਲੀ ਸੋਚ ਨੂੰ ਠਾਰ ਦਿੰਦੀਆਂ ਹਨ ਅਤੇ ਉਸ ਦੇ ਫੈਸਲਿਆਂ ਨੂੰ ਹੋਰ ਸੰਵੇਦਨਸ਼ੀਲ ਬਣਾਉਂਦੀਆਂ ਹਨ। ਇਹ ਅੰਧਵਿਸ਼ਵਾਸ ਨਹੀਂ, ਮਨੁੱਖੀ ਹਮਦਰਦੀ ਦੀ ਮਨੋਵਿਗਿਆਨਕ ਤਾਕਤ ਦਾ ਪ੍ਰਗਟਾਵਾ ਹੈ।
ਇਸ ਦਾ ਵਿਰੋਧੀ ਪੱਖ ਵੀ ਸਮਝਣਾ ਜ਼ਰੂਰੀ ਹੈ। ਜਿਵੇਂ ਸੱਚੀ ਦੁਆ ਮਨੁੱਖ ਨੂੰ ਹੌਸਲਾ ਦਿੰਦੀ ਹੈ, ਉਵੇਂ ਹੀ ਕਿਸੇ ਦਾ ਦਿਲ ਦੁਖਾਉਣ ਨਾਲ ਨਿਕਲੀ ਆਹ ਜਾਂ ਬਦਦੁਆ ਮਨ 'ਤੇ ਬੋਝ ਪਾ ਦਿੰਦੀ ਹੈ। ਜਦੋਂ ਕਿਸੇ ਨਾਲ ਸੰਵੇਦਨਹੀਨ ਵਰਤਾਓ ਹੁੰਦਾ ਹੈ, ਤਾਂ ਉਸ ਦੇ ਦਿਲ ਦੀ ਪੀੜ ਸਿਰਫ਼ ਭਾਵਨਾ ਨਹੀਂ ਰਹਿੰਦੀ; ਉਹ ਸਮਾਜਿਕ ਅਤੇ ਮਨੋਵਿਗਿਆਨਕ ਪ੍ਰਤੀਕਿਰਿਆ ਵਜੋਂ ਵਾਪਸ ਆਉਂਦੀ ਹੈ ਅਲੌਕਿਕ ਤਰੰਗਾਂ ਰਾਹੀਂ। ਬਦਦੁਆ ਕੋਈ ਅਲੌਕਿਕ ਤਾਕਤ ਨਹੀਂ, ਸਗੋਂ ਮਨੁੱਖੀ ਅਨੁਭਵ ਦੀ ਉਹ ਚੇਤਾਵਨੀ ਹੈ ਜੋ ਸਾਨੂੰ ਸੰਵੇਦਨਸ਼ੀਲ ਅਤੇ ਨਿਆਂਪ੍ਰਸਤ ਰਹਿਣ ਦੀ ਯਾਦ ਦਿਵਾਉਂਦੀ ਹੈ। ਬਦਅਸੀਸ ਦੀ ਚੋਟ ਕਦੇ ਖਾਮੋਸ਼ ਨਹੀਂ ਰਹਿੰਦੀ। ਇਸ ਲਈ ਲੋਕ-ਸਿਆਣਪ ਹਮੇਸ਼ਾ ਚੇਤਾਉਂਦੀ ਆਈ ਹੈ, 'ਕਿਸੇ ਦਾ ਦਿਲ ਨਾ ਤੋੜੋ; ਟੁੱਟੇ ਦਿਲ ਦੀ ਆਹ ਦੂਰ ਤੱਕ ਜਾਂਦੀ ਹੈ'।
ਸੋ ਆਓ, ਅਸੀਂ ਆਪਣੇ ਸ਼ਬਦਾਂ ਅਤੇ ਭਾਵਨਾਵਾਂ ਰਾਹੀਂ, ਸਰਬੱਤ ਦੇ ਭਲੇ ਲਈ ਦੁਆਵਾਂ ਮੰਗਣ ਦੀ ਰੀਤ ਮੁੜ ਸੁਰਜੀਤ ਕਰੀਏ।

-ਮੋਬਾਈਲ: 95016-01144

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ 'ਚ ਲੋਕ ਅਰਪਣ ਹੋਵੇਗੀ ਬਾਲ ਲੇਖਕਾਂ ਦੀ ਕਿਤਾਬ ਅਗਲੀ ਖ਼ਬਰ ਪ੍ਰੋ-ਕਬੱਡੀ : ਮਿੱਟੀ ਤੋਂ ਮੈਟ ਤੱਕ ਦਾ ਸਫ਼ਰ
Ad Position 24
No active advertisement