ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪ੍ਰੋ-ਕਬੱਡੀ : ਮਿੱਟੀ ਤੋਂ ਮੈਟ ਤੱਕ ਦਾ ਸਫ਼ਰ

Ad Position 21
No active advertisement
ਅਜੀਤ ਡੈਸਕ 03-05-2026

ਮਿੱਟੀ ਦੀਆਂ ਖੇਡ ਗਰਾਊਂਡਾਂ ਨਾਲ ਜੁੜੀ ਕਬੱਡੀ ਨੇ ਪਿਛਲੇ ਇਕ ਦਹਾਕੇ ਵਿਚ ਜੋ ਕਰਵਟ ਲਈ ਹੈ, ਉਸ ਨੇ ਦੁਨੀਆਂ ਭਰ ਦੇ ਖੇਡ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ ਹੈ। ਪਿੰਡਾਂ ਦੇ ਕੱਚੇ ਪਿੜਾਂ ਵਿਚੋਂ ਨਿਕਲ ਕੇ ਚਮਕਦੇ ਰੰਗਦਾਰ ਮੈਟਾਂ ਅਤੇ ਏਅਰ-ਕੰਡੀਸ਼ਨਡ ਸਟੇਡੀਅਮਾਂ ਤੱਕ ਪਹੁੰਚੀ ਕਬੱਡੀ ਹੁਣ ਪ੍ਰੋ-ਕਬੱਡੀ ਲੀਗ ਦੇ ਰੂਪ 'ਚ ਬਦਲ ਗਈ ਹੈ। ਸਾਲ 2014 ਵਿਚ ਜਦੋਂ ਪ੍ਰੋ-ਕਬੱਡੀ ਲੀਗ ਦੀ ਸ਼ੁਰੂਆਤ ਹੋਈ, ਤਾਂ ਬਹੁਤ ਸਾਰੇ ਲੋਕਾਂ ਨੂੰ ਲਗਦਾ ਸੀ ਕਿ ਕੀ ਇਕ ਪੇਂਡੂ ਖੇਡ, ਟੈਲੀਵਿਜ਼ਨ ਦੇ ਗਲੈਮਰਸ ਸੰਸਾਰ ਵਿਚ ਟਿਕ ਸਕੇਗੀ? ਪਰ ਇਸ ਦੇ ਪਹਿਲੇ ਹੀ ਸੀਜ਼ਨ ਨੇ ਸਾਰੇ ਰਿਕਾਰਡ ਤੋੜ ਦਿੱਤੇ। ਕਬੱਡੀ ਹੁਣ ਪ੍ਰੋ-ਕਬੱਡੀ ਦੇੇ ਰੂਪ ਵਿਚ ਭਾਰਤ ਵਿਚ ਕ੍ਰਿਕਟ ਤੋਂ ਬਾਅਦ ਦੂਜੀ ਸਭ ਤੋਂ ਵੱਧ ਮੀਡੀਆ ਦੇ ਮਾਧਿਅਮ ਰਾਹੀਂ ਦੇਖੀ ਜਾਣ ਵਾਲੀ ਖੇਡ ਬਣ ਗਈ ਹੈ। ਪ੍ਰੋ-ਕਬੱਡੀ ਲੀਗ ਨੇ ਨਾ ਸਿਰਫ਼ ਖਿਡਾਰੀਆਂ ਨੂੰ ਆਰਥਿਕ ਮਜ਼ਬੂਤੀ ਦਿੱਤੀ, ਸਗੋਂ ਇਸ ਨੂੰ ਇਕ ਅੰਤਰਰਾਸ਼ਟਰੀ ਪਛਾਣ ਵੀ ਦਿਵਾਈ ਹੈ। ਅੱਜ ਕਬੱਡੀ ਸਿਰਫ਼ ਭਾਰਤ ਤੱਕ ਸੀਮਤ ਨਹੀਂ ਰਹੀ, ਸਗੋਂ ਈਰਾਨ, ਦੱਖਣੀ ਕੋਰੀਆ ਅਤੇ ਕੀਨੀਆ ਵਰਗੇ ਦੇਸ਼ਾਂ ਦੇ ਖਿਡਾਰੀ ਵੀ ਇਸ ਵਿਚ ਆਪਣਾ ਲੋਹਾ ਮੰਨਵਾ ਰਹੇ ਹਨ।
ਕਬੱਡੀ ਦੇ ਸਰੂਪ ਵਿਚ ਸਭ ਤੋਂ ਵੱਡਾ ਬਦਲਾਅ ਇਸ ਦੇ ਖੇਡਣ ਦੇ ਸਥਾਨ ਵਿਚ ਆਇਆ ਹੈ। ਰਵਾਇਤੀ ਤੌਰ 'ਤੇ ਕਬੱਡੀ ਮਿੱਟੀ ਵਾਲੇ ਖੇਡ ਮੈਦਾਨ 'ਤੇ ਖੇਡੀ ਜਾਂਦੀ ਸੀ, ਜਿੱਥੇ ਖਿਡਾਰੀ ਖੇਡਦੇ ਹੋਏ ਮਿੱਟੀ ਨਾਲ ਲਿਬੜੇ ਹੁੰਦੇ ਸਨ। ਪਰ ਪ੍ਰੋ-ਕਬੱਡੀ ਨੇ ਇਸ ਨੂੰ ਸਿੰਥੈਟਿਕ ਮੈਟ 'ਤੇ ਲੈ ਆਂਦਾ ਹੈ। ਇਸ ਬਦਲਾਅ ਨੇ ਖੇਡ ਦੀ ਗਤੀ ਨੂੰ ਕਈ ਗੁਣਾ ਵਧਾ ਦਿੱਤਾ ਹੈ ਕਿਉਂਕਿ ਮੈਟ 'ਤੇ ਖਿਡਾਰੀ ਜ਼ਿਆਦਾ ਫੁਰਤੀ ਨਾਲ ਚਲ ਫਿਰ ਸਕਦੇ ਹਨ, ਜਿਸ ਕਾਰਨ ਖੇਡ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਰੋਮਾਂਚਕ ਹੋ ਗਈ ਹੈ। ਇਸ ਦੇ ਨਾਲ ਹੀ ਖਿਡਾਰੀਆਂ ਦੇ ਪਹਿਰਾਵੇ ਵਿਚ ਵੀ ਵੱਡਾ ਬਦਲਾਅ ਆਇਆ ਹੈ। ਹੁਣ ਖਿਡਾਰੀ ਸਿਰਫ਼ ਲੰਗੋਟ ਜਾਂ ਨਿੱਕਰ ਵਿਚ ਨਹੀਂ, ਸਗੋਂ ਆਧੁਨਿਕ ਜਰਸੀਆਂ ਅਤੇ ਗੋਡਿਆਂ ਦੇ ਬਚਾਅ ਲਈ ਨੀਕੈਪ ਦੀ ਵਰਤੋਂ ਕਰਦੇ ਹਨ। ਇਹ ਬਦਲਾਅ ਖੇਡ ਨੂੰ ਪੇਸ਼ੇਵਰ ਦਿੱਖ ਪ੍ਰਦਾਨ ਕਰਦਾ ਹੈ।
ਪ੍ਰੋ-ਕਬੱਡੀ ਫੈਡਰੇਸ਼ਨ ਵਲੋਂ ਖੇਡ ਨੂੰ ਦਿਲਚਸਪ ਅਤੇ ਤੇਜ਼ ਬਣਾਉਣ ਲਈ ਕਈ ਨਵੇਂ ਨਿਯਮ ਲਿਆਂਦੇ ਗਏ ਜਿਨ੍ਹਾਂ ਵਿਚੋਂ ਡੂ-ਔਰ-ਡਾਈ ਰੇਡ ਨਿਯਮ ਅਨੁਸਾਰ ਜੇਕਰ ਇਕ ਟੀਮ ਲਗਾਤਾਰ ਦੋ ਰੇਡਾਂ ਖਾਲੀ ਕੱਢਦੀ ਹੈ, ਤਾਂ ਤੀਜੀ ਰੇਡ ਵਿਚ ਅੰਕ ਲੈਣਾ ਲਾਜ਼ਮੀ ਹੁੰਦਾ ਹੈ, ਨਹੀਂ ਤਾਂ ਰੇਡਰ ਆਊਟ ਮੰਨਿਆ ਜਾਂਦਾ ਹੈ। ਇਸ ਨਿਯਮ ਨੇ ਖੇਡ ਵਿਚੋਂ ਸੁਸਤੀ ਖ਼ਤਮ ਕਰ ਦਿੱਤੀ ਹੈ। ਇਕ ਹੋਰ ਨਿਯਮ ਸੁਪਰ ਟੈਕਲ ਵਿਚ ਜਦੋਂ ਡਿਫੈਂਸ ਵਿਚ ਸਿਰਫ਼ ਤਿੰਨ ਜਾਂ ਘੱਟ ਖਿਡਾਰੀ ਹੋਣ ਅਤੇ ਉਹ ਰੇਡਰ ਨੂੰ ਫੜ ਲੈਣ, ਤਾਂ ਦੋ ਅੰਕ ਮਿਲਦੇ ਹਨ। ਇਸ ਨੇ ਡਿਫੈਂਸ ਨੂੰ ਵੀ ਓਨਾ ਹੀ ਮਹੱਤਵਪੂਰਨ ਬਣਾ ਦਿੱਤਾ ਹੈ ਜਿੰਨਾ ਰੇਡਿੰਗ ਨੂੰ। ਹਰ ਰੇਡ ਲਈ 30 ਸਕਿੰਟ ਦਾ ਸਮਾਂ ਤੈਅ ਕੀਤਾ ਗਿਆ ਹੈ, ਜਿਸ ਨਾਲ ਖਿਡਾਰੀ ਨੂੰ ਤੁਰੰਤ ਫ਼ੈਸਲਾ ਲੈਣਾ ਪੈਂਦਾ ਹੈ। ਇਨ੍ਹਾਂ ਨਿਯਮਾਂ ਨੇ ਕਬੱਡੀ ਨੂੰ ਇਕ ਦਿਮਾਗ਼ੀ ਖੇਡ ਭਾਵ ਮਾਈਂਡ ਗੇਮ ਬਣਾ ਦਿੱਤਾ ਹੈ। ਹੁਣ ਸਿਰਫ਼ ਸਰੀਰਕ ਤਾਕਤ ਕਾਫ਼ੀ ਨਹੀਂ, ਸਗੋਂ ਸਮੇਂ ਦਾ ਸਹੀ ਪ੍ਰਬੰਧਨ ਅਤੇ ਰਣਨੀਤੀ ਵੀ ਜ਼ਰੂਰੀ ਹੈ।
ਆਧੁਨਿਕ ਕਬੱਡੀ ਵਿਚ ਤਕਨੀਕ ਦੀ ਵਰਤੋਂ ਨੇ ਪਾਰਦਰਸ਼ਤਾ ਵਧਾਈ ਹੈ। ਵੀਡੀਓ ਰੈਫਰਲ ਦੀ ਸਹੂਲਤ ਨਾਲ ਖਿਡਾਰੀ ਅੰਪਾਇਰ ਦੇ ਫ਼ੈਸਲੇ ਨੂੰ ਚੁਣੌਤੀ ਦੇ ਸਕਦੇ ਹਨ। ਹਾਈ-ਸਪੀਡ ਕੈਮਰੇ ਅਤੇ ਗ੍ਰਾਫਿਕਸ ਦੀ ਮਦਦ ਨਾਲ ਦਰਸ਼ਕ ਹਰ ਇਕ ਹਰਕਤ ਨੂੰ ਬਾਰੀਕੀ ਨਾਲ ਦੇਖ ਸਕਦੇ ਹਨ। ਮੈਟ 'ਤੇ ਖਿਡਾਰੀਆਂ ਦਾ ਫੁੱਟਵਰਕ ਅਤੇ ਹੱਥਾਂ ਦਾ ਟੱਚ ਇੰਨਾ ਤੇਜ਼ ਹੁੰਦਾ ਹੈ ਕਿ ਕਈ ਵਾਰ ਨੰਗੀ ਅੱਖ ਨਾਲ ਦੇਖਣਾ ਮੁਸ਼ਕਿਲ ਹੁੰਦਾ ਹੈ, ਉੱਥੇ ਤਕਨੀਕ ਮਦਦਗਾਰ ਸਾਬਤ ਹੁੰਦੀ ਹੈ।
ਪ੍ਰੋ-ਕਬੱਡੀ ਦੇ ਪੇਸ਼ੇਵਰ ਪੱਖ ਨੇ ਖਿਡਾਰੀਆਂ ਦੀ ਜ਼ਿੰਦਗੀ ਬਦਲ ਦਿੱਤੀ ਹੈ ਕਿਉਂਕਿ ਪਹਿਲਾਂ ਜਿਹੜੇ ਖਿਡਾਰੀ ਸਿਰਫ਼ ਸਰਕਾਰੀ ਨੌਕਰੀ ਦੀ ਆਸ ਵਿਚ ਖੇਡਦੇ ਸਨ, ਹੁਣ ਉਨ੍ਹਾਂ ਦੀ ਵੀ ਕ੍ਰਿਕਟ ਖਿਡਾਰੀਆਂ ਵਾਂਗ ਕਰੋੜਾਂ ਰੁਪਏ ਦੀ ਬੋਲੀ ਲਗਦੀ ਹੈ। ਪ੍ਰਦੀਪ ਨਰਵਾਲ, ਪਵਨ ਸਹਿਰਾਵਤ ਅਤੇ ਫਜ਼ਲ ਅਤਰਾਚਲੀ ਵਰਗੇ ਖਿਡਾਰੀ ਅੱਜ ਨੌਜਵਾਨਾਂ ਦੇ ਆਈਕਨ ਬਣ ਚੁੱਕੇ ਹਨ। ਇਸ ਲੀਗ ਨੇ ਪੇਂਡੂ ਖੇਤਰਾਂ ਦੇ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਇਕ ਅਜਿਹਾ ਮੰਚ ਦਿੱਤਾ ਹੈ, ਜਿੱਥੇ ਉਹ ਆਪਣੀ ਖੇਡ ਕਲਾ ਦਿਖਾ ਕੇ ਸਟਾਰ ਬਣ ਸਕਦੇ ਹਨ। ਸਮਾਜਿਕ ਤੌਰ 'ਤੇ ਕਬੱਡੀ ਨੇ ਸ਼ਹਿਰੀ ਅਤੇ ਪੇਂਡੂ ਪਾੜੇ ਨੂੰ ਵੀ ਘਟਾਇਆ ਹੈ। ਅੱਜ ਸ਼ਹਿਰਾਂ ਦੇ ਪੌਸ਼ ਇਲਾਕਿਆਂ ਵਿਚ ਵੀ ਬੱਚੇ ਕਬੱਡੀ-ਕਬੱਡੀ ਕਰਦੇ ਨਜ਼ਰ ਆਉਂਦੇ ਹਨ। ਮੀਡੀਆ ਦੀ ਕਵਰੇਜ ਨੇ ਇਸ ਖੇਡ ਨੂੰ ਘਰ-ਘਰ ਪਹੁੰਚਾ ਦਿੱਤਾ ਹੈ।
ਨੈਸ਼ਨਲ ਸਟਾਈਲ ਕਬੱਡੀ ਨੂੰ ਪ੍ਰੋ-ਕਬੱਡੀ ਦੇ ਰੂਪ ਵਿਚ ਮਿਲੀ ਅੰਤਰਰਾਸ਼ਟਰੀ ਮਾਨਤਾ ਨੇ ਇਸ ਦੇ ਸਰੂਪ ਨੂੰ ਬਦਲ ਦਿੱਤਾ ਹੈ। ਪ੍ਰੋ-ਕਬੱਡੀ ਨੇ ਸਾਡੀ ਰਵਾਇਤੀ ਖੇਡ ਕਬੱਡੀ ਨੂੰ ਇਕ ਨਵੀਂ ਰੂਹ ਦਿੱਤੀ ਹੈ। ਮਿੱਟੀ ਦੀ ਮਹਿਕ ਨੂੰ ਬਰਕਰਾਰ ਰੱਖਦੇ ਹੋਏ ਆਧੁਨਿਕਤਾ ਦਾ ਤੜਕਾ ਲਗਾਉਣਾ ਇਕ ਸਫਲ ਤਜਰਬਾ ਰਿਹਾ ਹੈ। ਕਬੱਡੀ ਦਾ ਬਦਲਦਾ ਸਰੂਪ ਸਾਨੂੰ ਇਹ ਦੱਸਦੈ ਕਿ ਜੇਕਰ ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੀਏ ਅਤੇ ਸਮੇਂ ਦੇ ਨਾਲ ਬਦਲਦੇ ਰਹੀਏ, ਤਾਂ ਕੋਈ ਵੀ ਰੁਕਾਵਟ ਸਾਨੂੰ 'ਗਲੋਬਲ' ਹੋਣ ਤੋਂ ਨਹੀਂ ਰੋਕ ਸਕਦੀ। ਅੱਜ ਕਬੱਡੀ ਸਿਰਫ਼ ਇਕ ਖੇਡ ਨਹੀਂ, ਸਗੋਂ ਪ੍ਰੋ-ਕਬੱਡੀ ਦੇ ਰੂਪ ਵਿਚ ਭਾਰਤ ਦੀ ਉੱਭਰਦੀ ਖੇਡ ਸ਼ਕਤੀ ਦਾ ਪ੍ਰਤੀਕ ਬਣ ਚੁੱਕੀ ਹੈ।

-ਮੋਬਾਈਲ : 94176-65241

Ad Position 22
No active advertisement
ਪਿਛਲੀ ਖ਼ਬਰ ਦੁਆਵਾਂ ਅਗਲੀ ਖ਼ਬਰ ਗੋਲਡਨ ਟਰੈਵਲ ਐਡਵਾਈਜ਼ਰ ਨੇ ਜੀਵਨਪਾਲ ਸਿੰਘ ਦਾ ਮਨੀਲਾ ਦਾ ਵਿਜ਼ਟਰ ਵੀਜ਼ਾ ਲਗਵਾਇਆ
Ad Position 24
No active advertisement