ਬੱਧਨੀ ਕਲਾਂ, 2 ਮਈ (ਸੰਜੀਵ ਕੋਛੜ)-ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਵਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅਜੇ ਗਾਂਧੀ ਜ਼ਿਲ੍ਹਾ ਪੁਲਿਸ ਮੁਖੀ ਮੋਗਾ, ਬਾਲ ਕ੍ਰਿਸ਼ਨ ਸ਼ਰਮਾ ਐਸ.ਪੀ.ਆਈ., ਅਨਵਰ ਅਲੀ ਉਪ ਕਪਤਾਨ ਨਿਹਾਲ ਸਿੰਘ ਵਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਜਸਵਿੰਦਰ ਸਿੰਘ ਐਸ.ਐਚ.ਓ. ਬੱਧਨੀ ਕਲਾਂ ਵਲੋਂ ਚੋਰੀ ਦੀ ਗੱਡੀ ਸਮੇਤ ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੰਦੀਪ ਕੁਮਾਰ ਸਮੇਤ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਕਿਸੇ ਖਾਸ ਮੁਖਬਰ ਦੀ ਇਤਲਾਹ 'ਤੇ ਮੰਦੀਪ ਸਿੰਘ ਅਤੇ ਹਰਦੀਪ ਸਿੰਘ ਵਾਸੀ ਬੱਧਨੀ ਖੁਰਦ ਨੂੰ ਚੋਰੀ ਦੀ ਗੱਡੀ ਸਮੇਤ ਕਾਬੂ ਕੀਤਾ ਹੈ | ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਮੁੱਲਾਂਪੁਰ ਤੋਂ ਇਕ ਬੋਲੈਰੋ ਗੱਡੀ ਚੋਰੀ ਕੀਤੀ ਗਈ ਸੀ ਜਿੰਨ੍ਹਾਂ 'ਤੇ ਕਾਰਵਾਈ ਕਰਦਿਆਂ ਪੁਲਿਸ ਥਾਣਾ ਬੱਧਨੀ ਕਲਾਂ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |