ਮੋਗਾ, 3 ਮਈ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਅੰਦਰ ਸੀਵਰੇਜ, ਪੀਣ ਵਾਲੇ ਸੁੱਧ ਪਾਣੀ ਅਤੇ ਕੂੜੇ ਦੀ ਵੱਡੀ ਸਮੱਸਿਆ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਦੀ ਅਗਵਾਈ ਵਿਚ ਨਗਰ ਨਿਗਮ ਮੋਗਾ ਦੇ ਖ਼ਿਲਾਫ਼ ਭਲਕੇ 5 ਮਈ ਨੂੰ ਮੇਨ ਬਾਜ਼ਾਰ ਸਥਿਤ ਨਗਰ ਨਿਗਮ ਮੋਗਾ ਦੇ ਗੇਟ ਕੋਲ ਇਕ ਵਿਸ਼ਾਲ ਰੋਸ ਧਰਨਾ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਸੰਜੀਤ ਸਿੰਘ ਸਨੀ ਗਿੱਲ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿਚ ਨਗਰ ਨਿਗਮ ਮੋਗਾ ਬੁਰੀ ਤਰ੍ਹਾਂ ਫ਼ੇਲ੍ਹ ਹੈ ਅਤੇ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੀ ਇੰਨੀ ਵੱਡੀ ਸਮੱਸਿਆ ਹੈ ਕਿ ਅਕਸਰ ਹੀ ਵਾਰਡਾਂ ਵਿਚ ਜਗ੍ਹਾ-ਜਗ੍ਹਾ ਤੋਂ ਸੀਵਰੇਜ ਬਲਾਕ ਹੋ ਕੇ ਓਵਰਫ਼ਲੋ ਹੋ ਕੇ ਗਲੀਆਂ ਵਿਚ ਫੈਲ ਜਾਂਦਾ ਹੈ ਅਤੇ ਅਤੇ ਕਈ ਵਾਰ ਅਜਿਹੀ ਨੌਬਤ ਆਉਂਦੀ ਹੈ ਕਿ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਜਾਂਦਾ ਹੈ ਅਤੇ ਜਿੱਥੇ ਇਹ ਗੰਦੀ ਬਦਬੂ ਫੈਲਾਉਂਦਾ ਹੈ ਉੱਥੇ ਭਿਆਨਕ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ ਅਤੇ ਸ਼ਹਿਰ ਦਾ ਸੀਵਰੇਜ ਸਿਸਟਮ ਦਾ ਇੰਨਾ ਮਾੜਾ ਹਾਲ ਹੈ ਕਿ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਵਿਚ ਮਿਕਸ ਹੋ ਜਾਂਦਾ ਹੈ ਅਤੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ ਅਤੇ ਮੋਗਾ ਸ਼ਹਿਰ ਦੇ ਨਵੇਂ ਆਬਾਦ ਹੋਏ ਵਾਰਡਾਂ ਦੇ ਵਸਨੀਕ ਪੀਣ ਵਾਲੇ ਪਾਣੀ ਤੋਂ ਤਰਸੇ ਪਏ ਹਨ ਅਤੇ ਸ਼ਹਿਰ ਵਿਚ ਸਫ਼ਾਈ ਦਾ ਮੰਦਾ ਹਾਲ ਹੈ ਅਤੇ ਸ਼ਹਿਰ ਵਿਚ ਜਗ੍ਹਾ-ਜਗ੍ਹਾ 'ਤੇ ਵਸੋਂ ਦੇ ਖੇਤਰ ਵਿਚ ਕੂੜੇ ਦੇ ਡੰਪ ਬਣਾਏ ਹੋਏ ਹਨ ਜਿਸ ਨਾਲ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ | ਨਗਰ ਨਿਗਮ ਮੋਗਾ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਹੈ | ਇਸ ਲਈ ਨਗਰ ਨਿਗਮ ਮੋਗਾ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨਾ ਲਗਾਇਆ ਜਾ ਰਿਹਾ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 5 ਮਈ ਦੇ ਧਰਨੇ ਵਿਚ ਵੱਧ ਤੋਂ ਵੱਧ ਪਹੁੰਚਣ ਕਿਉਂਕਿ ਇਹ ਸ਼ਹਿਰ ਵਾਸੀਆਂ ਲਈ ਜਨਹਿਤ ਦਾ ਮਾਮਲਾ ਹੈ |