ਮੋਗਾ, 3 ਮਈ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਵਲੋਂ ਕਿਸਾਨਾਂ ਦੀ ਖ਼ਰੀਦ ਕੀਤੀ ਕਣਕ ਮੰਡੀਆਂ ਵਿਚੋਂ ਚੁਕਾਉਣ ਵਿਚ ਅਸਮਰਥ ਨਜ਼ਰ ਆ ਰਹੀ ਹੈ | ਖ਼ਰੀਦ ਏਜੰਸੀਆਂ ਵਲੋਂ 16 ਅਪ੍ਰੈਲ ਤੋਂ ਮੋਗਾ ਮੰਡੀ ਵਿਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਗਈ ਸੀ ਜੋ ਕਿ ਸਰਕਾਰੀ ਦਾਅਵਿਆਂ ਮੁਤਾਬਿਕ ਨਾਲੋਂ-ਨਾਲ ਚੁੱਕਣ ਦਾ ਐਲਾਨ ਕੀਤਾ ਗਿਆ ਸੀ ਪਰ ਅੱਜ ਵੀ ਮੋਗਾ ਮੰਡੀ ਵਿਚ ਤਕਰੀਬਨ 5 ਲੱਖ ਬੋਰੀ ਨਾ ਚੁੱਕੇ ਜਾਣ ਕਾਰਨ ਖੁੱਲ੍ਹੇ ਅਸਮਾਨ ਥੱਲੇ ਪਈ ਹੈ | ਅੱਜ ਮੋਗਾ ਵਿਚ ਹੋਈ ਭਾਰੀ ਬਾਰਸ਼ ਨਾਲ ਮੰਡੀ ਵਿਚ ਪਈ ਕਣਕ ਪੂਰੀ ਤਰ੍ਹਾਂ ਭਿੱਜ ਗਈ ਜਿਸ ਨਾਲ ਇਸ ਦੀ ਗੁਣਵੱਤਾ ਵਿਚ ਫ਼ਰਕ ਪੈ ਸਕਦਾ ਹੈ ਜੋ ਕਿ ਪਹਿਲਾਂ ਹੀ ਕੇਂਦਰ ਸਰਕਾਰ ਦੀ ਰਿਆਇਤਾਂ 'ਤੇ ਖ਼ਰੀਦ ਕੀਤੀ ਗਈ ਸੀ | ਇਸ ਮੌਕੇ ਕੁਝ ਆੜ੍ਹਤੀਆਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਖ਼ਰੀਦ ਕੀਤੀ ਕਣਕ ਦੀ ਸਰਕਾਰ ਨੂੰ ਬਹੁਤ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਸਰਕਾਰੀ ਖ਼ਰੀਦ ਏਜੰਸੀਆਂ ਮੰਡੀ ਵਿਚੋਂ ਕਣਕ ਦੀ ਚੁਕਾਈ ਨਹੀਂ ਕਰਵਾ ਸਕੀਆਂ ਜਿਸ ਨਾਲ ਮੰਡੀ ਵਿਚ ਪਈ ਕਣਕ ਦਾ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ | ਆੜ੍ਹਤੀਆਂ ਨੇ ਕਿਹਾ ਕਿ ਮੰਡੀ ਵਿਚ ਪਈ ਕਣਕ ਦਾ ਨੁਕਸਾਨ ਹੁੰਦਾ ਹੈ ਤੇ ਉਹ ਨੁਕਸਾਨ ਠੇਕੇਦਾਰ ਅਤੇ ਟਰੱਕ ਯੂਨੀਅਨ ਤੋਂ ਵਸੂਲਿਆ ਜਾਵੇ ਕਿਉਂਕਿ ਨਾ ਹੀ ਠੇਕੇਦਾਰ ਲੇਬਰ ਦੇ ਕੇ ਸਮੇਂ ਸਿਰ ਕੰਮ ਕਰਦਾ ਹੈ ਅਤੇ ਨਾ ਹੀ ਮੰਡੀ ਵਿਚ ਟਰੱਕ ਪਹੁੰਚ ਰਹੇ ਹਨ ਜਿਸ ਕਾਰਨ ਮੰਡੀ ਵਿਚ ਕਣਕ ਦੀ ਚੁਕਾਈ ਦਾ ਕੰਮ ਲੇਟ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਅਡਾਨੀ ਸਾਇਲੋ ਪਲਾਂਟ 'ਤੇ ਕਣਕ ਉਤਰਾਈ ਦਾ ਕੰਮ ਵੀ ਢਿੱਲਾ ਮਿੱਠਾ ਚੱਲ ਰਿਹਾ ਹੈ ਜਿਸ ਕਾਰਨ ਸਾਰੀ ਪਰੇਸ਼ਾਨੀ ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਆ ਰਹੀ ਹੈ | ਆੜ੍ਹਤੀਆਂ ਨੇ ਕਿਹਾ ਕਿ ਮੀਂਹ ਪੈਣ ਕਾਰਨ ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕਣਕ ਦੀਆਂ ਬੋਰੀਆਂ ਦੇ ਮੰਡੀ ਵਿਚ ਸਟੈਕ ਲਗਵਾਉਣੇ ਪੈ ਰਹੇ ਹਨ ਜਿਸ ਦਾ ਖ਼ਰਚਾ ਵੀ ਆੜ੍ਹਤੀਆਂ ਨੂੰ ਝੱਲਣਾ ਪੈ ਰਿਹਾ ਹੈ | ਇਸ ਮੌਕੇ ਮੰਡੀ ਮਜ਼ਦੂਰਾਂ ਨੇ ਦੱਸਿਆ ਕਿ ਕਣਕ ਦੀ ਚੁਕਾਈ ਨਾ ਹੋਣ ਕਾਰਨ ਇਸ ਦੀ ਰਾਖੀ ਕਰਨੀ ਪੈਂਦੀ ਹੈ ਜੋ ਕਿ ਰਾਤ ਨੂੰ ਚੋਰੀ ਦਾ ਬਹੁਤ ਖ਼ਦਸ਼ਾ ਬਣਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਜੋ ਪ੍ਰਵਾਸੀ ਮਜ਼ਦੂਰ ਉਨ੍ਹਾਂ ਨਾਲ ਕੰਮ ਕਰਦੇ ਸਨ ਉਹ ਵੀ ਵਾਪਸ ਚਲੇ ਗਏ ਹਨ | ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਕਣਕ ਦੀ ਕਟਾਈ ਸਿਰਫ਼ ਸੱਤ ਦਿਨਾਂ ਵਿਚ ਹੋ ਕੇ ਪੂਰੀ ਤਰ੍ਹਾਂ ਮੰਡੀਆਂ ਵਿਚ ਆ ਜਾਂਦੀ ਹੈ | ਸਰਕਾਰ ਵਲੋਂ ਕਣਕ ਦੀ ਸਮੇਂ 'ਤੇ ਚੁਕਾਈ ਨਾ ਕੀਤੇ ਜਾਣ 'ਤੇ ਉਨ੍ਹਾਂ ਨੂੰ ਆਪਣੇ ਕੋਲੋਂ ਮਹੀਨਾ ਭਰ ਬੈਠ ਕੇ ਉਸ ਕਣਕ ਦੀ ਰਾਖੀ ਅਤੇ ਖ਼ਰਚਾ ਭਰਨਾ ਪੈਂਦਾ ਹੈ | ਇਸੇ ਤਰ੍ਹਾਂ ਹੀ ਮੋਗਾ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿਚ ਕਣਕ ਦੀਆਂ ਬੋਰੀਆਂ ਭਰੀਆਂ ਪਈਆਂ ਹਨ |