ਮੋਗਾ, 6 ਮਈ (ਅਸ਼ੋਕ ਬਾਂਸਲ)-ਮੋਗਾ ਦੀ ਪੋਸ਼ ਕਾਲੋਨੀ ਵਿਚ ਬਣੇ ਕੇ.ਐਲ. ਕਪੂਰ ਪਾਰਕ ਵਿਚ ਸੈਰ ਕਰਨ ਗਈ ਔਰਤ ਦੀ ਅਣਪਛਾਤੇ ਬੰਦੇ ਵਲੋਂ ਚੈਨੀ ਲਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਔਰਤ ਨੇ ਬਹਾਦਰੀ ਨਾਲ ਨਾਕਾਮ ਕਰ ਦਿੱਤਾ | ਕੱਲ੍ਹ ਦੇਰ ਸ਼ਾਮ ਨਿਊ ਟਾਊਨ ਗਲੀ ਨੰਬਰ ਪੰਜ ਦੀ ਰਹਿਣ ਵਾਲੀ ਪੂਨਮ ਵਰਮਾ ਕੇ.ਐਲ. ਕਪੂਰ ਪਾਰਕ ਵਿਚ ਸੈਰ ਕਰਨ ਲਈ ਗਈ ਸੀ ਜਿੱਥੇ ਇਕ ਆਦਮੀ ਵਲੋਂ ਉਸ ਦੀ ਚੈਨੀ ਲਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਔਰਤ ਨੇ ਬਹਾਦਰੀ ਨਾਲ ਧੱਕਾ ਮੁੱਕੀ ਕਰ ਕੇ ਚੈਨੀ ਲਾਉਣ ਵਾਲੇ ਆਦਮੀ ਤੋਂ ਅੱਧੀ ਚੈਨੀ ਖੋਹ ਲਈ ਤੇ ਅੱਧੀ ਉਹ ਲੈ ਕੇ ਭੱਜ ਗਿਆ ਜਿਸ 'ਤੇ ਪੂਨਮ ਵਰਮਾ ਵਲੋਂ ਰੌਲਾ ਪਾਉਣ 'ਤੇ ਕੁਝ ਲੜਕੇ ਇਕੱਠੇ ਹੋ ਗਏ ਉਨ੍ਹਾਂ ਨੇ ਉਸ ਨੌਜਵਾਨ ਦਾ ਗਲੀ ਨੰਬਰ ਤਿੰਨ ਦੇ ਨਿਊ ਟਾਊਨ ਤੱਕ ਪਿੱਛਾ ਕੀਤਾ ਤੇ ਉਸ ਨੂੰ ਫੜ ਲਿਆ ਤੇ ਉਸ ਤੋਂ ਚੈਨੀ ਦਾ ਅੱਧਾ ਹਿੱਸਾ ਲੈ ਲਿਆ ਗਿਆ ਪਰ ਉੱਥੇ ਇਕ ਆਦਮੀ ਵਲੋਂ ਉਸ ਨੂੰ ਭਜਾ ਦਿੱਤਾ ਗਿਆ | ਚੈਨੀ ਤਾਂ ਲੁਟੇਰਾ ਲੈ ਕੇ ਜਾਣ ਤੋਂ ਨਾਕਾਮ ਰਿਹਾ ਪਰ ਉਹ ਭੱਜਣ ਵਿਚ ਸਫਲ ਰਿਹਾ | ਇਸ ਮੌਕੇ ਔਰਤ ਪੂਨਮ ਵਰਮਾ ਨੇ ਦੱਸਿਆ ਕਿ ਉਸ ਆਦਮੀ ਕੋਲ ਇਕ ਬਰਫ਼ ਤੋੜਨ ਵਾਲਾ ਸੂਆ ਵੀ ਸੀ ਜਿਸ ਨੂੰ ਉਹ ਚਲਾਉਣ ਵਿਚ ਨਾਕਾਮ ਰਿਹਾ | ਇਸ ਵਾਰਦਾਤ ਦੀ ਜਾਣਕਾਰੀ ਥਾਣਾ ਸਿਟੀ ਸਾਊਥ ਵਿਖੇ ਦਿੱਤੀ ਗਈ ਅਤੇ ਮੌਕੇ 'ਤੇ ਪੁਲਿਸ ਨੇ ਪੁੱਜ ਕੇ ਉਸ ਲੁਟੇਰੇ ਨੂੰ ਭਜਾਉਣ ਵਾਲੇ ਆਦਮੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਤੇ ਲੁਟੇਰੇ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ | ਇਸ ਘਟਨਾ ਨੂੰ ਲੈ ਕੇ ਨਿਊ ਟਾਊਨ ਦੇ ਨਿਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਘਟਨਾ ਉਪਰੰਤ ਚੋਰ ਦਾ ਲੁਟੇਰੇ ਦਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਇਕ ਹੋਰ ਲੁਟੇਰਾ ਤਿੰਨ ਨੰਬਰ ਨਿਊ ਟਾਊਨ ਵਿਚ ਇਕ ਨੌਜਵਾਨ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਿਆ | ਉੱਥੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਆਏ ਦਿਨ ਇਸ ਪਾਰਕ ਵਿਚ ਕੋਈ ਨਾ ਕੋਈ ਵਾਰਦਾਤ ਹੁੰਦੀ ਰਹਿੰਦੀ ਹੈ ਜਿਸ ਦੀ ਇਤਲਾਹ ਕਈ ਵਾਰ ਪੁਲਿਸ ਨੂੰ ਦਿੱਤੀ ਗਈ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਪਾਰਕ ਵਿਚ ਦੋ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਪਾਰਕ ਵਿਚ ਅਕਸਰ ਸਟਰੀਟ ਲਾਈਟ ਬੰਦ ਰਹਿੰਦੀ ਹੈ ਜੋ ਕਿ ਲੁਟੇਰਿਆਂ ਤੇ ਚੋਰਾਂ ਨੂੰ ਵਾਰਦਾਤ ਕਰਨ ਵਿਚ ਸਹਾਈ ਹੁੰਦੀ ਹੈ | ਉਨ੍ਹਾਂ ਨਗਰ ਨਿਗਮ ਤੋਂ ਵੀ ਮੰਗ ਕੀਤੀ ਕਿ ਇਸ ਇਲਾਕੇ ਦੀ ਸਟਰੀਟ ਲਾਈਟ ਨੂੰ ਚੱਲਦਾ ਕੀਤਾ ਜਾਵੇ ਤਾਂ ਕਿ ਕੋਈ ਵਾਰਦਾਤ ਨਾ ਹੋ ਸਕੇ | ਇਸ ਮੌਕੇ ਵਾਰਡ ਨੰਬਰ 37 ਦੀ ਕੌਂਸਲਰ ਡਾਕਟਰ ਰੀਮਾ ਸੂਦ ਦੇ ਪਤੀ ਸਮਾਜ ਸੇਵੀ ਡਾ. ਨਵੀਰ ਸੂਦ, ਮੋਹਿਤ ਸੂਦ, ਰਾਜ ਕੁਮਾਰ ਵਰਮਾ, ਸਚਿਨ ਵਰਮਾ ਅਤੇ ਹੋਰ ਨਿਊ ਟਾਊਨ ਦੇ ਨਿਵਾਸੀ ਹਾਜ਼ਰ ਸਨ |