ਮੋਗਾ/ਧਰਮਕੋਟ, 6 ਮਈ (ਸੁਰਿੰਦਰਪਾਲ ਸਿੰਘ, ਪਰਮਜੀਤ ਸਿੰਘ)-ਜ਼ਿਲ੍ਹਾ ਮੋਗਾ ਦੇ ਧਰਮਕੋਟ ਸ਼ਹਿਰ ਵਿਖੇ ਬੀਤੇ ਕੱਲ੍ਹ ਕਾਂਗਰਸ ਪਾਰਟੀ ਦੇ ਇਕ ਸਮਾਗਮ ਦੌਰਾਨ ਜਿੱਥੇ ਸਾਬਕਾ ਵਿਧਾਇਕ ਤੇ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਧੜੇ ਦੀ ਗ਼ੈਰਹਾਜ਼ਰੀ ਰੜਕਦੀ ਰਹੀ, ਉੱਥੇ ਇਸ ਮਾਮਲੇ ਤੇ ਤਿੱਖਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਨਗਰ ਕੌਸ਼ਲ ਧਰਮਕੋਟ ਦੇ ਸਾਬਕਾ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਦੋਸ਼ ਲਗਾਇਆ ਕਿ ਇਸ ਸਮਾਗਮ ਵਿਚ ਬਾਹਵਾਂ ਖੜ੍ਹੀਆਂ ਕਰਕੇ ਨਵਿਆਂ ਦੀ ਰੁੱਤ ਆਈ ਕਹਿਣ ਵਾਲੇ ਆਗੂ ਇਹ ਦੱਸਣ ਕਦੇ ਉਨ੍ਹਾਂ ਮੈਂਬਰ ਪੰਚਾਇਤ ਦੀ ਚੋਣ ਵੀ ਜਿੱਤੀ ਹੈ, ਇੱਥੇ ਹੀ ਬੱਸ ਨਹੀਂ ਜਿਹੜੇ ਆਗੂ ਆਪਣੇ ਆਪ ਨੂੰ ਇਸ ਹਲਕੇ ਨਾਲ ਪੁਰਾਣਾ ਨਾਤਾ ਹੋਣਾ ਦੱਸਦੇ ਹਨ ਉਨ੍ਹਾਂ ਪਿਛਲੇ ਦੋ ਦਹਾਕਿਆਂ ਬਾਅਦ ਕਦੇ ਇਕ ਦਫ਼ਾ ਵੀ ਧਰਮਕੋਟ ਦਾ ਗੇੜਾ ਲਾਇਆ ਹੈ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਦਾਅਵੇ ਕਰਨ ਵਾਲੇ ਅੱਜ ਆਪ ਹੀ ਕਾਂਗਰਸ ਦੀਆਂ ਜੜ੍ਹਾਂ ਵਿਚ ਦਾਤੀ ਫੇਰਨ ਲੱਗੇ ਹਨ ਜਿਸ ਕਰਕੇ ਹਲਕਾ ਧਰਮਕੋਟ ਦੇ ਕਾਂਗਰਸੀ ਆਗੂ ਤੇ ਵਰਕਰ ਨਿਰਾਸ਼ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਹਲਕਾ ਧਰਮਕੋਟ ਦੇ ਵਸਨੀਕ ਜਾਣਦੇ ਹਨ ਕਿ ਕਿਸੇ ਆਗੂ ਨੇ ਪਹਿਲਾਂ 2012 ਤੋਂ 2017 ਤੱਕ ਅਕਾਲੀ ਹਕੂਮਤ ਸਮੇਂ ਤੇ ਹੁਣ 2022 ਤੋਂ ਆਪ ਦੀ ਸਰਕਾਰ ਸਮੇਂ ਕਿਸ ਆਗੂ ਨੇ ਕਾਂਗਰਸੀਆਂ ਤੇ ਆਮ ਲੋਕਾਂ ਦੀ ਬਾਂਹ ਫੜ੍ਹੀ ਹੈ | ਉਨ੍ਹਾਂ ਕਿਹਾ ਕਿ ਕਦੇ ਵੀ ਇਹ ਚੇਤਾ ਨਹੀਂ ਭੁੱਲਣਾ ਚਾਹੀਦਾ ਕਿ 2012 ਵਿਚ 22 ਵਰਿ੍ਹਆਂ ਬਾਅਦ ਕਾਂਗਰਸ ਦਾ ਝੰਡਾ ਸਿਰਫ਼ ਤੇ ਸਿਰਫ਼ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਹੀ ਬੁਲੰਦ ਕੀਤਾ ਸੀ | ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਇਕਲੌਤੇ ਅਜਿਹੇ ਕਾਂਗਰਸੀ ਆਗੂ ਹਨ ਜਿੰਨਾਂ ਨੇ 2022 ਵਿਚ ਹਾਰ ਮਗਰੋਂ ਵੀ 2023 ਵਿਚ ਹੜ੍ਹਾਂ ਦੌਰਾਨ ਬਿਨਾਂ ਕਿਸੇ ਸਿਆਸੀ ਰੰਜ ਦੇ ਹਰ ਘਰ ਤੱਕ 5-5 ਹਜ਼ਾਰ ਦੀ ਸਹਾਇਤਾ ਰਾਸ਼ੀ ਪੁੱਜਦੀ ਕੀਤੀ | ਸਾਬਕਾ ਪ੍ਰਧਾਨ ਬੰਟੀ ਨੇ ਕਿਹਾ ਕਿ ਦਰਵੇਸ਼ ਸਿਆਸਤਦਾਨ ਕਾਕਾ ਲੋਹਗੜ੍ਹ ਤੇ ਸਮੁੱਚਾ ਲੋਹਗੜ੍ਹ ਪਰਿਵਾਰ ਚੋਣਾ ਨੇੜੇ ਸਰਗਰਮ ਨਹੀਂ ਹੁੰਦਾ ਸਗੋਂ ਪਿਛਲੇ 5 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਲਗਾਤਾਰ ਹਲਕੇ ਦੀ ਸੇਵਾ ਨੂੰ ਸਮਰਪਿਤ ਹੈ | ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਹਾਈਕਮਾਂਡ ਨੂੰ ਵੀ ਇਸ ਤਰ੍ਹਾਂ ਦੀ ਧੜੇਬੰਦੀ ਪੈਦਾ ਹੋਣ ਤੋਂ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ |