ਮੋਗਾ, 6 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਇਕ ਪਾਸੇ ਆਪ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਤੇ ਆ ਰਹੀਆਂ ਸਮੱਸਿਆ ਨੂੰ ਦੂਰ ਕਰਨ ਦੇ ਵੱਡੇ ਦਾਅਵੇ ਕਰਦਾ ਹੈ ਪਰ ਇਹ ਸਾਰੇ ਦਾਅਵੇ ਉਸ ਸਮੇਂ ਝੂਠੇ ਪੈ ਜਾਂਦੇ ਹਨ ਜਦ ਜ਼ਮੀਨੀ ਹਕੀਕਤ 'ਤੇ ਆਮ ਲੋਕ ਵੱਡੀਆਂ ਸਮੱਸਿਆਵਾਂ ਨਾਲ ਜੂਝਦੇ ਨਜ਼ਰ ਆਉਂਦੇ ਹਨ | ਮੋਗਾ ਸ਼ਹਿਰ ਜਿੱਥੇ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਉੱਥੇ ਸਭ ਤੋਂ ਵੱਡੀ ਸਮੱਸਿਆ ਮੋਗਾ-ਲੁਧਿਆਣਾ ਰੋਡ ਦੇ ਮੁੱਖ ਮਾਰਗ 'ਤੇ ਬੁੱਘੀਪੁਰਾ ਚੌਕ ਦੇ ਦੋਨੋਂ ਪਾਸੇ ਪਏ ਵੱਡੇ-ਵੱਡੇ ਟੋਏ ਜੋ ਕਿ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਜਿਸ ਨਾਲ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਤੇ ਵਾਪਰ ਵੀ ਰਹੇ ਹਨ ਪਰ ਸੱਤਾਧਾਰੀ ਸਰਕਾਰ, ਸਬੰਧਿਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਇਸ ਵੱਡੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ ਤੇ ਸਭ ਕੁੰਭਕਰਨੀ ਨੀਂਦ ਸੁੱਤੇ ਪਏ ਹਨ | ਭਾਵੇਂ ਕਿ ਇਨ੍ਹਾਂ ਖੱਡਿਆਂ ਵਿਚੋਂ ਦੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ, ਮੰਤਰੀ ਤੇ ਵਿਧਾਇਕ ਆਪ ਗੁਜ਼ਰਦੇ ਹਨ ਪਰ ਕਿਸੇ ਦੀ ਵੀ ਸਵੱਲੀ ਨਜ਼ਰ ਇਨ੍ਹਾਂ ਖੱਡਿਆਂ 'ਤੇ ਨਹੀਂ ਗਈ ਤੇ ਇਹ ਡੂੰਘੇ ਖੱਡੇ ਵਿਕਾਸ ਤੇ ਤਰੱਕੀ ਦੀ ਦੁਹਾਈ ਪਾਉਣ ਵਾਲੀ ਸੱਤਾਧਾਰੀ ਸਰਕਾਰ ਨੂੰ ਮੂੰਹ ਚਿੜਾ ਰਹੇ ਹਨ | ਜ਼ਿਕਰਯੋਗ ਹੈ ਕਿ ਤਲਵੰਡੀ ਭਾਈ-ਲੁਧਿਆਣਾ ਮੁੱਖ ਮਾਰਗ ਸ਼ੁਰੂ ਤੋਂ ਹੀ ਸਰਕਾਰ ਤੇ ਨੈਸ਼ਨਲ ਹਾਈਵੇ ਅਥਾਰਿਟੀ ਦੀ ਅਣਗਹਿਲੀ ਕਾਰਨ ਸੁਰਖ਼ੀਆਂ 'ਚ ਰਿਹਾ ਸੀ ਤੇ ਇਹ ਮਾਰਗ ਬਣਾਉਣ ਸਮੇਂ ਅਨੇਕਾਂ ਕੀਮਤੀ ਜਾਨਾਂ ਵੀ ਭੇਟ ਚੜ੍ਹ ਗਈਆਂ ਸਨ ਤੇ ਇਸ ਨੂੰ ਬਣਾਉਣ ਵਾਲੀ ਕੰਪਨੀ ਨੇ ਕਈ ਜਗ੍ਹਾ ਇਸ ਨੂੰ ਅੱਗੇ ਸਬਲਿਟ ਕਰ ਦਿੱਤਾ ਸੀ ਜਿਸ ਕਾਰਨ ਇਹ ਮਾਰਗ ਅੱਜ ਵੀ ਆਪਣੀ ਹੋਣੀ ਦੇ ਅੱਥਰੂ ਵਹਾਅ ਰਿਹਾ ਹੈ | ਇਹ ਮਾਰਗ ਜੋ ਮਿੱਟੀ ਦੇ ਉੱਚੇ ਪੁਲ ਨਾਲ ਬਣਿਆ ਹੋਣ ਕਾਰਨ ਇਸ ਨੇ ਸ਼ਹਿਰ ਨੂੰ ਜਿੱਥੇ ਦੋ ਹਿੱਸਿਆਂ ਵਿਚ ਵੰਡ ਦਿੱਤਾ ਉੱਥੇ ਇਸ ਦੀ ਸੁੰਦਰਤਾ 'ਤੇ ਵੀ ਸਵਾਲੀਆ ਚਿੰਨ੍ਹ ਲੱਗ ਗਏ | ਇੱਥੇ ਹੀ ਬਸ ਨਹੀਂ ਸਥਾਨਕ ਸ਼ਹਿਰ ਦੇ ਅੰਮਿ੍ਤਸਰ ਰੋਡ ਸਥਿਤ ਜਿੱਥੇ ਬੱਸ ਸਟੈਂਡ ਤੋਂ ਬੱਸਾਂ ਬਾਹਰ ਆਉਂਦੀਆਂ ਤੇ ਜਾਂਦੀਆਂ ਹਨ, ਦਾ ਰਸਤਾ ਮੀਂਹ ਦੇ ਪਾਣੀ ਨਾਲ ਨੱਕੋ-ਨੱਕ ਭਰਿਆ ਕਿਸੇ ਨਹਿਰ ਦਾ ਭੁਲੇਖਾ ਪਾਉਂਦਾ ਹੈ ਤੇ ਪੰਜਾਬ ਰੋਡਵੇਜ਼ ਦੇ ਅਧਿਕਾਰੀ, ਨਗਰ ਨਿਗਮ ਮੋਗਾ ਇਸ ਪਾਣੀ ਦੀ ਨਿਕਾਸੀ ਨਹੀਂ ਕਰਵਾ ਸਕਿਆ ਜਿਸ ਕਾਰਨ ਉਸ ਪਾਣੀ ਨਾਲ ਸੜਕ ਦਾ ਐਨਾ ਕੁ ਬੁਰਾ ਹਾਲ ਹੈ ਕਿ ਉੱਥੋਂ ਕਿਸੇ ਵੀ ਵਹੀਕਲ 'ਤੇ ਲੰਘਣਾ ਕਿਸੇ ਖ਼ਤਰੇ ਤੋਂ ਘੱਟ ਨਹੀਂ ਤੇ ਇਹ ਸਮੱਸਿਆ ਕੋਈ ਨਵੀਂ ਨਹੀਂ ਤੇ ਇਸ ਸਮੱਸਿਆ ਦਾ ਹੱਲ ਹੁਣ ਤੱਕ ਨਹੀਂ ਨਿਕਲ ਸਕਿਆ | ਗਰਮੀ ਦੇ ਮੌਸਮ ਵਿਚ ਅੱਗੇ ਆਉਣ ਵਾਲੀਆਂ ਬਰਸਾਤਾਂ ਨਾਲ ਇਹ ਸਮੱਸਿਆ ਹੋਰ ਵੀ ਗੰਭੀਰ ਬਣ ਜਾਵੇਗੀ |
-ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ-ਰਾਣੂੰ ਗਿੱਲ
ਮੋਗਾ-ਲੁਧਿਆਣਾ ਮੇਨ ਹਾਈਵੇ ਦੇ ਬੁੱਘੀਪੁਰਾ ਚੌਕ ਨੇੜੇ ਸੜਕ ਦੇ ਦੋਵੇਂ ਪਾਸੇ ਪਏ ਵੱਡੇ-ਵੱਡੇ ਖੱਡੇ ਕਿਸੇ ਸਮੇਂ ਵੀ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੇ ਹਨ ਤੇ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ | ਇਹ ਪ੍ਰਗਟਾਵਾ ਉੱਘੇ ਸਮਾਜ ਸੇਵੀ ਐਡਵੋਕੇਟ ਰਣਵਿੰਦਰ ਸਿੰਘ ਰਾਣੂੰ ਗਿੱਲ ਨੇ ਕਰਦਿਆਂ ਕਿਹਾ ਕਿ ਇਸ ਹਾਈਵੇ 'ਤੇ ਹਰ ਰੋਜ਼ ਅਨੇਕਾਂ ਵਹੀਕਲ ਨਿਕਲਦੇ ਹਨ ਪਰ ਬਰਸਾਤ ਦੇ ਦਿਨਾਂ ਵਿਚ ਇਸ ਦੀ ਹਾਲਤ ਬਦ ਤੋਂ ਬਦਤਰ ਬਣ ਜਾਂਦੀ ਹੈ ਜਿਸ ਨਾਲ ਵੱਡੇ-ਵੱਡੇ ਪਏ ਖੱਡਿਆਂ ਵਿਚ ਪਾਣੀ ਭਰ ਜਾਣ ਨਾਲ ਦੋ ਪਹੀਆ ਵਾਹਨ ਹਾਦਸੇ ਦਾ ਸ਼ਿਕਾਰ ਹੁੰਦੇ ਹਨ ਉੱਥੇ ਚਾਰ ਪਹੀਆ ਵਾਹਨਾਂ ਦਾ ਵੀ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਜਦ ਕਿ ਸਬੰਧਿਤ ਵਿਭਾਗ, ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਸ ਵੱਲ ਬਿਲਕੁਲ ਧਿਆਨ ਨਹੀਂ | ਰਾਣੂੰ ਗਿੱਲ ਨੇ ਕਿਹਾ ਕਿ ਸਰਕਾਰ ਦੇ ਮੰਤਰੀ, ਵਿਧਾਇਕ, ਜ਼ਿਲ੍ਹੇ ਦੇ ਪ੍ਰਮੁੱਖ ਅਧਿਕਾਰੀ ਇਸੇ ਮੁੱਖ ਮਾਰਗ ਤੋਂ ਹਰ ਰੋਜ਼ ਲੰਘਦੇ ਹਨ ਪਰ ਪਤਾ ਨਹੀਂ ਇਸ ਵੱਲ ਉਨ੍ਹਾਂ ਦਾ ਧਿਆਨ ਕਿਉਂ ਨਹੀਂ ਜਾਂਦਾ | ਜੇਕਰ ਜਾਂਦਾ ਹੈ ਤਾਂ ਉਹ ਇਸ ਸਮੱਸਿਆ ਦਾ ਹੱਲ ਕਰਨ ਵਿਚ ਅਸਮਰਥ ਜਾਪਦੇ ਹਨ | ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ ਤਾਂ ਜੋ ਹੋਣ ਵਾਲੇ ਇਨ੍ਹਾਂ ਹਾਦਸਿਆਂ ਤੋਂ ਬਚਿਆ ਜਾ ਸਕੇ ਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ |
ਮੋਗਾ-ਲੁਧਿਆਣਾ ਮੁੱਖ ਮਾਰਗ ਦੇ ਬੁੱਘੀਪੁਰਾ ਚੌਕ ਦੇ ਦੋਵੇਂ ਪਾਸੇ ਪਏ ਵੱਡੇ-ਵੱਡੇ ਖੱਡੇ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ
ਸਮਾਜ ਸੇਵੀ ਐਡਵੋਕੇਟ ਰਣਵਿੰਦਰ ਸਿੰਘ ਰਾਣੂੰ ਗਿੱਲ |<br/> ਮੋਗਾ-ਲੁਧਿਆਣਾ ਰੋਡ ਦੇ ਮੁੱਖ ਮਾਰਗ ਨੇੜੇ ਬੁੱਘੀਪੁਰਾ ਚੌਕ ਦੇ ਦੋਨੋਂ ਪਾਸੇ ਸੜਕ 'ਤੇ ਪਏ ਵੱਡੇ ਵੱਡੇ ਖੱਡਿਆਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ | ਤਸਵੀਰਾਂ: ਜਸਪਾਲ ਸਿੰਘ ਬੱਬੀ<br/>
07-05-2026