ਮੋਗਾ, 6 ਮਈ (ਗੁਰਤੇਜ ਸਿੰਘ ਬੱਬੀ)-ਮੋਗਾ ਜ਼ਿਲੇ੍ਹ ਦੇ ਪਿੰਡ ਖੋਸਾ ਰਣਧੀਰ ਨਿਵਾਸੀ ਛਿੰਦਰਪਾਲ ਸਿੰਘ ਗਿੱਲ ਨੇ ਇੰਗਲੈਂਡ ਦੇ ਸ਼ਹਿਰ ਮਿਲਟਨ ਕੀਨਜ ਮੈਰਾਥਨ ਦੌੜ ਜੋ 4 ਮਈ 2026 ਨੂੰ ਆਯੋਜਿਤ ਹੋਈ ਵਿਚ ਤੀਸਰੀ ਵਾਰ ਹਿੱਸਾ ਲੈ ਕੇ ਆਪਣੇ ਪਿੰਡ ਦਾ ਮਾਣ ਵਧਾਇਆ | ਇਸ ਮੈਰਾਥਨ ਦੌੜ ਵਿਚ ਕੋਈ ਦੋ ਹਜ਼ਾਰ ਦੇ ਕਰੀਬ ਹਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ | 65 ਸਾਲਾ ਛਿੰਦਰਪਾਲ ਸਿੰਘ ਗਿੱਲ ਇੰਗਲੈਂਡ ਦੇ ਆਕਸਫੋਰਡ ਵਿਚ ਪਿਛਲੇ ਲੰਮੇ ਸਮੇਂ ਤੋਂ ਰਹਿ ਰਹੇ ਹਨ | ਛਿੰਦਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਭਾਰਤ ਵਿਚ ਸਿਕਲੀਗਰ ਬਰਾਦਰੀ ਆਰਥਿਕ ਤੌਰ ਤੇ ਕਮਜ਼ੋਰ ਹੈ ਅਤੇ ਇਸ ਮੈਰਾਥਨ ਦੌੜ ਰਾਹੀਂ ਉਹ ਸਿਕਲੀਗਰ ਬਰਾਦਰੀ ਦੀਆਂ ਛੋਟੀਆਂ ਲੜਕੀਆਂ ਦੀ ਪੜ੍ਹਾਈ ਲਈ ਮਦਦ ਕਰਨਗੇ ਅਤੇ ਭਵਿੱਖ ਵਿਚ ਵੀ ਕਰਦੇ ਰਹਿਣਗੇ | ਉਨ੍ਹਾਂ ਕਿਹਾ ਕਿ ਸਰੀਰਕ ਤੰਦਰੁਸਤੀ ਲਈ ਸਵੇਰ ਦੀ ਸੈਰ ਤੇ ਕਸਰਤ ਬੇਹੱਦ ਜ਼ਰੂਰੀ ਹੈ ਤੇ ਅਜਿਹੀਆਂ ਮੈਰਾਥਨ ਦੌੜਾਂ ਵੀ ਸਾਨੂੰ ਇਹੀ ਸੰਦੇਸ਼ ਦਿੰਦੀਆਂ ਹਨ | ਆਕਸਫੋਰਡ ਗੁਰਦੁਆਰਾ ਸਾਹਿਬ ਦੇ ਸੈਕਟਰੀ ਗੁਰਦੀਪ ਸਿੰਘ ਸੈਣੀ, ਅਮਰਜੀਤ ਸਿੰਘ ਕੈਲਗਰੀ, ਸਤਪਾਲ ਸਿੰਘ ਖੋਸਾ ਨੇ ਛਿੰਦਰਪਾਲ ਦੇ ਇਸ ਉੱਦਮ ਤੇ ਉਪਰਾਲੇ ਦੀ ਸ਼ਲਾਘਾ ਕੀਤੀ |