ਮੋਗਾ, 6 ਮਈ (ਸੁਰਿੰਦਰਪਾਲ ਸਿੰਘ)-ਪੈਰਾ ਪੰਜਾਬ ਕਬੱਡੀ ਐਸੋਸੀਏਸ਼ਨ ਵਲੋਂ ਸੀ.ਆਰ.ਓ. ਸਟੇਟ ਪ੍ਰਧਾਨ ਪੰਕਜ ਸੂਦ ਨੂੰ ਮੋਗਾ ਦਾ ਜ਼ਿਲ੍ਹਾ ਪ੍ਰਧਾਨ ਅਤੇ ਹਰਜਿੰਦਰ ਹੈਪੀ ਨੂੰ ਮੋਗਾ ਦਾ ਜ਼ਿਲ੍ਹਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਸੀ | ਇਸ ਤੋਂ ਇਲਾਵਾ ਪੰਕਜ ਸੂਦ ਨੂੰ ਇਕ ਹੋਰ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਉਨ੍ਹਾਂ ਨੂੰ ਪੰਜਾਬ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਪੈਰਾ ਪੰਜਾਬ ਕਬੱਡੀ ਐਸੋਸੀਏਸ਼ਨ ਪੈਰਾ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਅਤੇ ਪੈਰਾ ਉਲੰਪਿਕ ਕਮੇਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਕੰਮ ਕਰਦੀ ਹੈ | ਪੈਰਾ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਕੰਮ ਪੰਜਾਬ ਦੇ ਅਪਾਹਜ ਖਿਡਾਰੀਆਂ ਨੂੰ ਕਬੱਡੀ ਸਿਖਾਉਣਾ ਅਤੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ 'ਤੇ ਕਬੱਡੀ ਦੀ ਖੇਡ ਦੀ ਨੁਮਾਇੰਦਗੀ ਕਰਨਾ ਹੈ ਜਿਸ ਵਿਚ ਅਪਾਹਜ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਸਰਕਾਰੀ ਸਕਾਲਰਸ਼ਿਪ ਦੀ ਸਹੂਲਤ ਵੀ ਹੈ | ਪੰਕਜ ਸੂਦ ਨੇ ਪੈਰਾ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਰਜਿੰਦਰ ਸੈਣੀ ਅਤੇ ਸਕੱਤਰ ਜਨਰਲ ਗੁਰਦੀਪ ਸਿੰਘ ਦਾ ਇਹ ਜ਼ਿੰਮੇਵਾਰੀ ਦੇਣ ਲਈ ਧੰਨਵਾਦ ਕੀਤਾ ਅਤੇ ਜਲਦੀ ਹੀ ਮੋਗਾ ਜ਼ਿਲ੍ਹੇ ਦੀ ਇਕ ਕਮੇਟੀ ਬਣਾਈ ਜਾਵੇਗੀ ਜਿਸ ਵਿਚ ਔਰਤਾਂ, ਅਪਾਹਜ ਅਤੇ ਬਜ਼ੁਰਗ ਕਬੱਡੀ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ ਤਾਂ ਜੋ ਪੈਰਾ ਕਬੱਡੀ ਨੂੰ ਉਤਸ਼ਾਹਿਤ ਅਤੇ ਪ੍ਰਸਾਰਿਤ ਕੀਤਾ ਜਾ ਸਕੇ |