ਮੋਗਾ, 9 ਮਈ (ਸੁਰਿੰਦਰਪਾਲ ਸਿੰਘ)-ਪੰਜਾਬੀ ਦੇ ਨਾਮਵਰ ਵਾਰਤਕਕਾਰ ਅਤੇ ਸ਼ਾਇਰ ਡਾ. ਅੰਬਰੀਸ਼ ਦੀ ਪੁਸਤਕ ਘਾੜਤਾਂ ਵਿਲੱਖਣ ਤੇ ਵਿਵਿਧ ਕਿਸਮ ਦੀ ਵਾਰਤਕ ਹੈ | ਪੰਜਾਬੀ ਦੀ ਇਹ ਪਹਿਲੀ ਵਾਰਤਕ ਪੁਸਤਕ ਹੈ ਜਿਸ ਵਿਚ ਇਕੋ ਸਮੇਂ ਅਨੇਕਾਂ ਵਿਸ਼ਿਆਂ ਬਾਰੇ ਲਿਖਿਆ ਗਿਆ ਹੈ | ਘਾੜਤਾਂ ਪੁਸਤਕ ਪੰਜਾਬੀ ਵਾਰਤਕਕਾਰੀ ਵਿਚ ਜ਼ਿਕਰਯੋਗ ਵਾਧਾ ਕਰਨ ਵਾਲੀ ਪੁਸਤਕ ਹੈ | ਇਹ ਸ਼ਬਦ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਅਤੇ ਉੱਘੇ ਸ਼ਾਇਰ ਮਨਜੀਤ ਪੁਰੀ ਨੇ ਸੁਤੰਤਰਤਾ ਸੰਗਰਾਮੀ ਭਵਨ ਮੋਗਾ ਵਿਖੇ ਇਕ ਭਰਵੇਂ ਸਾਹਿਤਕ ਸਮਾਗਮ ਨੂੰ ਸੰਬੋਧਨ ਕਰਦਿਆਂ ਆਖੇ | ਮਹਿੰਦਰ ਸਾਥੀ ਮੰਚ ਵਲੋਂ ਕਰਵਾਏ ਇਸ ਸਮਾਗਮ ਵਿਚ ਪ੍ਰਸਿੱਧ ਸ਼ਾਇਰ ਅਤੇ ਵਾਰਤਕਕਾਰ ਡਾ. ਅੰਬਰੀਸ਼ ਨੂੰ ਅਮਰ ਸਿੰਘ ਸੇਖੋਂ ਦੀ ਯਾਦ ਵਿਚ ਊੜਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਊੜਾ ਪਬਲੀਕੇਸ਼ਨ ਵਲੋਂ ਸਥਾਪਿਤ ਇਹ ਪੁਰਸਕਾਰ ਇਸ ਤੋਂ ਪਹਿਲਾਂ ਸ਼ਾਇਰ ਗੁਰਪ੍ਰੀਤ ਨੂੰ ਪ੍ਰਦਾਨ ਕੀਤਾ ਜਾ ਚੁੱਕਾ ਹੈ | ਡਾ. ਅੰਬਰੀਸ਼ ਦੇ ਜੀਵਨ ਅਤੇ ਸ਼ਾਇਰੀ ਬਾਰੇ ਬੋਲਦਿਆਂ ਨਾਮਵਰ ਪੰਜਾਬੀ ਕਵੀ ਗੁਰਪ੍ਰੀਤ ਨੇ ਕਿਹਾ ਕਿ ਡਾ. ਅੰਬਰੀਸ਼ ਬਹੁਤ ਹੀ ਸੂਖਮ ਤੇ ਸੰਵੇਦਨਸ਼ੀਲ ਕਵਿਤਾ ਲਿਖਣ ਵਾਲਾ ਇਨਸਾਨ ਹੈ | ਸਨਮਾਨਿਤ ਸ਼ਾਇਰ ਬਾਰੇ ਬੋਲਦਿਆਂ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਅਤੇ ਮੰਚ ਸੰਚਾਲਕ ਗੁਰਪ੍ਰੀਤ ਧਰਮਕੋਟ ਨੇ ਕਿਹਾ ਕਿ ਡਾ. ਅੰਬਰੀਸ਼ ਪੰਜਾਬੀ ਦੇ ਉਨ੍ਹਾਂ ਵਿਕੋਲਿਤਰੇ ਸ਼ਾਇਰਾਂ ਵਿਚੋਂ ਹੈ ਜਿਹੜੇ ਦਿਲ ਨਾਲ ਸ਼ਾਇਰੀ ਕਰਦੇ ਹਨ | ਮਹਿੰਦਰ ਸਾਥੀ ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ ਨੇ ਆਏ ਸਾਹਿਤਕਾਰਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਮੰਚ ਡਾ. ਅੰਬਰੀਸ਼ ਦੀ ਵਿਲੱਖਣ ਕਾਵਿ ਅਤੇ ਵਾਰਤਕ ਕਲਾ ਦਾ ਸਨਮਾਨ ਕਰਦਿਆਂ ਖ਼ੁਸ਼ੀ ਮਹਿਸੂਸ ਕਰ ਰਿਹਾ ਹੈ | ਨਾਮਵਰ ਮਾਰਕਸਵਾਦੀ ਆਲੋਚਕ ਡਾ. ਸੁਰਜੀਤ ਬਰਾੜ ਅਨੁਸਾਰ ਡਾ. ਅੰਬਰੀਸ਼ ਨਿੱਕੀ ਗੱਲ ਨੂੰ ਵੱਡੇ ਅਰਥ ਦੇਣ ਦੇ ਸਮਰੱਥ ਹੈ | ਪ੍ਰਸਿੱਧ ਵਿਅੰਗਕਾਰ ਅਤੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਕੇ.ਐਲ. ਗਰਗ ਨੇ ਕਿਹਾ ਕਿ ਡਾ. ਅੰਬਰੀਸ਼ ਦਾ ਚਾਰ ਦਹਾਕਿਆਂ ਲੰਮਾ ਸਾਹਿਤਕ ਸਫ਼ਰ ਸਨਮਾਨ ਦਾ ਹੱਕਦਾਰ ਹੈ | ਗਰਗ ਨੇ ਪੰਜਾਬੀ ਕਹਾਣੀਕਾਰ ਪਵਿੱਤਰ ਕੌਰ ਮਾਟੀ ਦੀ ਸ਼ਲਾਘਾ ਕੀਤੀ ਕਿ ਉਸ ਨੇ ਆਪਣੇ ਪਿਤਾ ਦੇ ਨਾਂਅ 'ਤੇ ਇਹ ਪੁਰਸਕਾਰ ਸ਼ੁਰੂ ਕੀਤਾ ਹੈ | ਢਾਹਾਂ ਪੁਰਸਕਾਰ ਜੇਤੂ ਕਹਾਣੀਕਾਰ ਜਤਿੰਦਰ ਹਾਂਸ ਅਤੇ ਪੰਜਾਬੀ ਦੇ ਸਮਰੱਥ ਕਹਾਣੀਕਾਰ ਜਸਵੀਰ ਸਿੰਘ ਰਾਣਾ ਨੇ ਊੜਾ ਪ੍ਰਕਾਸ਼ਨ ਦੇ ਮੁਰੀਦ ਸੰਧੂ, ਪਵਿੱਤਰ ਕੌਰ ਮਾਟੀ, ਅਵਤਾਰ ਮੰਗਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਪੁਰਸਕਾਰ ਪੰਜਾਬੀ ਸਾਹਿਤ ਜਗਤ ਵਿਚ ਵਿਲੱਖਣ ਪਛਾਣ ਬਣਾਏਗਾ | ਉਨ੍ਹਾਂ ਪੁਰਸਕਾਰ ਪ੍ਰਾਪਤ ਕਰਤਾ ਡਾ. ਅੰਬਰੀਸ਼ ਦੀ ਸ਼ਾਇਰੀ ਨੂੰ ਭਾਵਾਂ ਦੀ ਸ਼ਾਇਰੀ ਕਿਹਾ | ਨਾਮਵਰ ਕਵੀ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਊੜਾ ਪਬਲੀਕੇਸ਼ਨ ਦੀ ਚੋਣ ਸ਼ਲਾਘਾਯੋਗ ਹੈ | ਉਨ੍ਹਾਂ ਕਿਹਾ ਕਿ ਅੰਬਰੀਸ਼ ਦੀ ਸ਼ਾਇਰੀ ਦੀ ਵਿਸ਼ੇਸ਼ਤਾ ਹੈ ਕਿ ਉਹ ਕਦੇ ਵੀ ਲਾਊਡ ਨਹੀਂ ਹੁੰਦੀ ਤੇ ਆਪਣੀ ਗੱਲ ਬੜੀ ਸਹਿਜਤਾ ਨਾਲ ਕਰਦੀ ਹੈ | ਇਸ ਮੌਕੇ ਹਾਜ਼ਰ ਡਾ. ਸਰਬਜੀਤ ਕੌਰ ਬਰਾੜ, ਕੈਪਟਨ ਜਸਵੰਤ ਸਿੰਘ ਪੰਡੋਰੀ, ਡਾ. ਸਾਧੂ ਰਾਮ ਲੰਗੇਆਣਾ, ਦਿਲਬਾਗ ਸਿੰਘ ਬੁੱਕਣ ਵਾਲਾ, ਸੋਨੀ ਮੋਗਾ, ਅਮਨਪ੍ਰੀਤ ਕੌਰ, ਸਿਮਰਜੀਤ ਸਿੰਮੀ, ਅਮਰਪ੍ਰੀਤ ਕੌਰ ਸੰਘਾ, ਕਰਮਜੀਤ ਕੌਰ ਲੰਢੇਕੇ, ਸਰਬਜੀਤ ਕੌਰ ਮਾਹਲਾ, ਮੰਗਲਮੀਤ ਪੱਤੋ, ਪ੍ਰੇਮ ਕੁਮਾਰ, ਦਰਸ਼ਨ ਦੁਸਾਂਝ, ਪਿਆਰਾ ਸਿੰਘ ਚਾਹਲ, ਹਰਪ੍ਰੀਤ ਮੋਗਾ, ਜਗੀਰ ਸਿੰਘ ਖੋਖਰ, ਚਰਨਜੀਤ ਸਿੰਘ ਸਮਾਲਸਰ, ਅਵਤਾਰ ਸਿੰਘ ਸਮਾਲਸਰ, ਵਿਵੇਕ ਕੋਟ ਈਸੇ ਖਾਂ, ਗੁਰਦੀਪ ਸਿੰਘ ਲੋਪੋ, ਨਰਿੰਦਰ ਰੋਹੀ, ਅਮਰੀਕ ਸੈਦੋਕੇ, ਜਸਬੀਰ ਕਲਸੀ ਕਹਾਣੀਕਾਰ, ਜਸਵਿੰਦਰ ਧਰਮਕੋਟ ਕਹਾਣੀਕਾਰ, ਰਾਜਵਿੰਦਰ ਸਿੰਘ ਰਾਜਾ ਕਹਾਣੀਕਾਰ, ਨੌਜਵਾਨ ਸ਼ਾਇਰ ਪ੍ਰੀਤ ਜੱਗੀ, ਪ੍ਰੇਮ ਕੁਮਾਰ, ਪਿ੍ੰਸੀਪਲ ਅਵਤਾਰ ਸਿੰਘ ਕਰੀਰ, ਗੁਰਮੇਲ ਸਿੰਘ ਬੌਡੇ, ਡਾ. ਹਰਨੇਕ ਸਿੰਘ ਰੋਡੇ, ਹਰਚਰਨ ਸਿੰਘ ਚੋਹਲਾ, ਪ੍ਰਤਾਪ ਹੀਰਾ ਅਤੇ ਮਨਦੀਪ ਸਿੰਘ ਘੱਲ ਕਲਾਂ ਸਮੇਤ ਹੋਰ ਵੀ ਬਹੁਤ ਸਾਰੇ ਸਾਹਿਤਕਾਰਾਂ ਨੇ ਡਾ. ਅੰਬਰੀਸ਼ ਨੂੰ ਵਧਾਈ ਦਿੱਤੀ | ਡਾ. ਅੰਬਰੀਸ਼ ਦੀ ਜੀਵਨ ਸਾਥਣ ਪਰਮਜੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ |