ਮੋਗਾ, 16 ਮਈ (ਸੁਰਿੰਦਰਪਾਲ ਸਿੰਘ)-ਮਾਲਵਾ ਖੇਤਰ ਦੇ ਇਤਿਹਾਸਕ ਅਤੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਅਸਥਾਨ ਸੰਤ ਬਾਬਾ ਨਛੱਤਰ ਸਿੰਘ ਜੀ) ਚੰਦ ਪੁਰਾਣਾ ਵਿਖੇ ਜੇਠ ਦੀ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ 'ਤੇ ਧਾਰਮਿਕ ਦੀਵਾਨ ਸਜਾਏ ਗਏ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਨੇ ਸੰਗਤਾਂ ਨਾਲ ਪ੍ਰਵਚਨਾਂ ਸਾਂਝ ਪਾਉਂਦਿਆਂ ਕਿਹਾ ਕਿ ਅੱਜ ਦੇ ਦੁਨਿਆਵੀ ਯੁੱਗ ਵਿਚ ਮਨੁੱਖ ਬਹੁਤ ਸਾਰੇ ਦੁੱਖਾਂ ਕਲੇਸਾਂ ਵਿਚ ਫਸਿਆ ਹੋਇਆ ਹੈ ਅਤੇ ਇਨ੍ਹਾਂ ਦੁਨਿਆਵੀ ਬੁਰਾਈਆਂ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਹਰ ਰੋਜ਼ ਪਵਿੱਤਰ ਬਾਣੀ ਦਾ ਜਾਪ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਦਸ ਗੁਰੂਆਂ ਅਤੇ ਭਗਤਾਂ ਦੀ ਬਾਣੀ ਸਾਡੇ ਲਈ ਇਕ ਅਜਿਹਾ ਅਨਮੋਲ ਖਜ਼ਾਨਾ ਹੈ ਜਿਸ ਵਿਚੋਂ ਸਾਨੂੰ ਸਭ ਕੁਝ ਪ੍ਰਾਪਤ ਹੋ ਸਕਦਾ ਹੈ ਬੱਸ ਸਾਨੂੰ ਦਿ੍ੜ੍ਹ ਨਿਸ਼ਚਾ ਕਰਨ ਦੀ ਲੋੜ ਹੈ | ਸਾਡੇ ਮਨ ਦੀ ਭਟਕਣਾ ਹੀ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਦੁੱਖਾਂ ਕਲੇਸਾਂ ਵੱਲ ਲੈ ਕੇ ਜਾਂਦੀ ਹੈ ਅਤੇ ਇਸ ਮਨ ਦੀ ਭਟਕਣਾ ਤੋਂ ਛੁਟਕਾਰਾ ਗੁਰਬਾਣੀ ਪੜ੍ਹ ਸੁਣ ਕੇ ਹੀ ਮਿਲ ਸਕਦਾ ਹੈ |