ਵਿਸ਼ਵ ਦੂਰਸੰਚਾਰ ਅਤੇ ਸੂਚਨਾ ਸਮਾਜ ਦਿਵਸ 'ਤੇ ਵਿਸ਼ੇਸ਼
ਮਨੁੱਖ ਸ਼ੁਰੂ ਤੋਂ ਹੀ ਆਪਣੇ ਜੀਵਨ ਨੂੰ ਸੁਖਾਲਾ ਤੇ ਬਿਹਤਰ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰਦਾ ਆਇਆ ਹੈ। ਇਸ ਪੈਂਡੇ 'ਚ ਮਨੁੱਖ ਨੇ ਪਰਮਾਤਮਾ ਵਲੋਂ ਬਖ਼ਸ਼ੀ ਸਭ ਤੋਂ ਅਦੁੱਤੀ ਦਾਤ ਆਪਣੇ ਦਿਮਾਗ ਦੀ ਵਰਤੋਂ ਕਰਦਿਆਂ ਬਹੁਤ ਸਾਰੇ ਤਕਨੀਕੀ ਵਿਕਾਸ ਦੇ ਪੜਾਅ ਸਰ ਕੀਤੇ ਹਨ। ਇਹ ਸਫ਼ਰ ਹਜ਼ਾਰਾਂ ਸਾਲਾਂ ਦੇ ਵਕਫ਼ੇ ਤੈਅ ਕਰਦਿਆਂ ਤਕਨੀਕ ਰਾਹੀਂ ਦੂਰ ਸੰਚਾਰ ਤੇ ਸੂਚਨਾ ਤਕਨੀਕ ਦੇ ਖੇਤਰ ਵਿਚੇ ਅੱਜ ਉਸ ਮੁਕਾਮ 'ਤੇ ਪਹੁੰਚ ਗਿਆ ਹੈ, ਜਿੱਥੇ ਅੱਜ ਮਨੁੱਖੀ ਦਿਮਾਗ ਦੀ ਸੋਚਣ ਸ਼ਕਤੀ ਨੂੰ ਤਕਨੀਕ ਦਾ ਆਧਾਰ ਬਣਾਇਆ ਜਾ ਰਿਹਾ ਹੈ, ਜਿਸ ਨੂੰ ਏ.ਆਈ. (ਆਰਟੀਫਿਸ਼ੀਅਲ ਇੰਟੈਲੀਜੈਂਸ) ਦਾ ਨਾਂਅ ਦਿੱਤਾ ਗਿਆ ਹੈ। ਏ.ਆਈ. ਵਾਲੇ ਡਿਜੀਟਲ ਯੁੱਗ ਨੇ ਮਨੁੱਖੀ ਜੀਵਨ ਦੀ ਰਫ਼ਤਾਰ ਤੇ ਦਿਸ਼ਾ ਦੋਹਾਂ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਹੁਣ ਤਕਨੀਕ ਸਿਰਫ਼ ਸਹਾਇਕ ਨਹੀਂ ਰਹੀ, ਸਗੋਂ ਵਿਕਾਸ ਦਾ ਕੇਂਦਰੀ ਧੁਰਾ ਬਣ ਗਈ ਹੈ। ਭਾਰਤ ਨੇ ਸੂਚਨਾ ਸੰਚਾਰ, ਤਕਨੀਕ ਅਤੇ ਏ.ਆਈ. ਵਾਲੇ ਇਸ ਕੇਂਦਰੀ ਧੁਰੇ ਦੀ ਨਬਜ਼ ਪਛਾਣੀ ਹੈ। ਮਨੁੱਖ ਦਾ ਜੀਵਨ ਹੋਰ ਸੁਖਾਲਾ ਬਣਾਉਣਾ ਹੀ ਇਸ ਨਵੇਂ ਤਕਨੀਕੀ ਯੁੱਗ ਦੀ ਪਹਿਲ ਹੈ। ਇੱਥੋਂ ਭਾਰਤ ਦਾ ਤਕਨੀਕੀ ਵਿਕਾਸ ਆਪਣੀ ਵਿਕਾਸ ਯਾਤਰਾ 'ਤੇ ਚਲਦਾ ਹੋਇਆ ਵਿਸ਼ਵ ਨੂੰ ਆਪਣੇ ਕਲਾਵੇ 'ਚ ਲੈ ਰਿਹਾ ਹੈ। ਇਸੇ ਹੀ ਵਿਕਾਸਮੁਖੀ ਸੋਚ 'ਚੋਂ ਉਪਜੀ ਤਕਨੀਕੀ ਉੱਨਤੀ ਦੀ ਇਬਾਰਤ ਨੂੰ ਸਮਰਪਿਤ ਵਿਸ਼ਵ ਦੂਰਸੰਚਾਰ ਅਤੇ ਸੂਚਨਾ ਸਮਾਜ ਦਿਵਸ ਭਾਰਤ ਵਾਸੀਆਂ ਦੀ ਭਲਾਈ ਲਈ ਮਿਹਨਤ ਕਰਦੇ ਰਹਿਣ ਦਾ ਅਹਿਦ ਹੈ। ਹਰ ਸਾਲ 17 ਮਈ ਨੂੰ ਮਨਾਇਆ ਜਾਣ ਵਾਲਾ ਇਹ ਆਮ ਦਿਨ ਨਹੀਂ, ਸਗੋਂ ਇਹ ਆਧੁਨਿਕ ਸਮਾਜ ਦੀ ਤਰੱਕੀ ਤੇ ਤਕਨੀਕੀ ਵਿਕਾਸ ਦਾ ਪ੍ਰਤੀਕ ਹੈ। ਇਸ ਸਾਲ ਭਾਵ 2026 ਲਈ 'ਡਿਜੀਟਲ ਜੀਵਨ ਰੇਖਾ : ਆਪਸ 'ਚ ਜੁੜੀ ਦੁਨੀਆ ਵਿਚ ਮਜ਼ਬੂਤ ਦ੍ਰਿੜ੍ਹਤਾ' ਦਾ ਥੀਮ ਇਹ ਦਿਨ ਮਨਾਉਣ ਲਈ ਐਲਾਨਿਆ ਗਿਆ ਹੈ। ਇਹ ਥੀਮ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਡਿਜੀਟਲ ਸਹੂਲਤਾਂ ਸਾਡੇ ਜੀਵਨ ਦਾ ਜ਼ਰੂਰੀ ਅੰਗ ਬਣ ਗਈਆਂ ਹਨ, ਜਿਸ ਤੋਂ ਬਿਨਾਂ ਜੀਵਨ ਅਧੂਰਾ ਲਗਦਾ ਹੈ। ਇਸ ਦਿਨ ਦਾ ਮੂਲ ਉਦੇਸ਼ ਸੰਚਾਰ ਦੇ ਤਕਨੀਕੀ ਵਿਕਾਸ ਰਾਹੀਂ ਹਰ ਤਰ੍ਹਾਂ ਦੀ ਜਾਣਕਾਰੀ ਨੂੰ ਹਰ ਇਕ ਦੀ ਪਹੁੰਚ ਤੱਕ ਯਕੀਨੀ ਬਣਾਉਣਾ ਤੇ ਡਿਜੀਟਲ ਪਾੜੇ ਨੂੰ ਘਟਾਉਣਾ ਹੈ।
ਇਸ ਦਿਨ ਦੀ ਸ਼ੁਰੂਆਤ 1865 'ਚ ਹੋਈ ਜਦੋਂ ਅੰਤਰਰਾਸ਼ਟਰੀ ਦੂਰਸੰਚਾਰ ਯੂਨੀਅਨ ਦੀ ਸਥਾਪਨਾ ਕੀਤੀ ਗਈ। ਇਹ ਯੂਨੀਅਨ ਸੰਯੁਕਤ ਰਾਸ਼ਟਰ ਦੀ ਇਕ ਮਹੱਤਵਪੂਰਨ ਏਜੰਸੀ ਹੈ, ਜੋ ਵਿਸ਼ਵ ਪੱਧਰ 'ਤੇ ਦੂਰਸੰਚਾਰ ਨੀਤੀਆਂ, ਮਿਆਰ ਤੇ ਵਿਕਾਸ ਨੂੰ ਉਤਸ਼ਾਹਿਤ ਕਰਦੀ ਹੈ। ਪਹਿਲਾਂ ਆਪਸੀ ਸੰਚਾਰ ਟੈਲੀਗ੍ਰਾਫ਼ ਤੇ ਟੈਲੀਫ਼ੋਨ ਜ਼ਰੀਏ ਹੁੰਦਾ ਸੀ, ਪਰ ਅੱਜ ਇੰਟਰਨੈੱਟ, ਸੈਟੇਲਾਈਟ ਤੇ ਵਾਇਰਲੈੱਸ ਤਕਨੀਕ ਨੇ ਦੁਨੀਆ ਨੂੰ ਇਕ 'ਗਲੋਬਲ ਪਿੰਡ' ਵਿਚ ਬਦਲ ਦਿੱਤਾ ਹੈ। ਆਧੁਨਿਕ ਯੁੱਗ 'ਚ ਇੰਟਰਨੈੱਟ ਤੇ ਮੋਬਾਈਲ ਫ਼ੋਨ ਨੇ ਸਿੱਖਿਆ, ਸਿਹਤ, ਵਪਾਰ ਤੇ ਮਨੋਰੰਜਨ ਦੇ ਖੇਤਰਾਂ 'ਚ ਅਸੀਮਤ ਕ੍ਰਾਂਤੀ ਲਿਆਂਦੀ ਹੈ। ਭਾਰਤ ਦੇ ਉਦਯੋਗਿਕ ਇਤਿਹਾਸ 'ਚ ਜੇ ਕਿਸੇ ਖੇਤਰ ਨੇ ਸਭ ਤੋਂ ਤੇਜ਼ੀ ਨਾਲ ਤਰੱਕੀ ਕੀਤੀ ਹੈ ਤਾਂ ਉਹ ਟੈਲੀਕਾਮ ਸੈਕਟਰ ਹੈ। ਅੱਜ ਇਹ ਖੇਤਰ 'ਨਵੇਂ ਭਾਰਤ' ਦੀ ਰੀੜ੍ਹ ਦੀ ਹੱਡੀ ਬਣਨ ਜਾ ਰਿਹਾ ਹੈ। ਮੌਜੂਦਾ ਸਮੇਂ 'ਚ ਦੇਸ਼ ਦੀ ਕੁੱਲ ਜੀ.ਡੀ.ਪੀ. ਵਿਚ ਟੈਲੀਕਾਮ ਦਾ ਹਿੱਸਾ 10 ਤੋਂ 14 ਫ਼ੀਸਦੀ ਹੈ ਤੇ ਇਹ ਅਗਲੇ ਦਹਾਕੇ 'ਚ 20 ਫ਼ੀਸਦੀ ਤੱਕ ਪਹੁੰਚਣ ਦੀ ਉਮੀਦ ਹੈ। ਹਾਲਾਂਕਿ ਡਿਜੀਟਲ ਪਾੜਾ ਇਕ ਵੱਡੀ ਸਮੱਸਿਆ ਹੈ, ਜਿਵੇਂ ਕਿ ਸ਼ਹਿਰੀ ਖੇਤਰਾਂ 'ਚ ਜਿੱਥੇ ਤੇਜ਼ ਚੱਲਣ ਵਾਲਾ ਇੰਟਰਨੈੱਟ ਤੇ ਆਧੁਨਿਕ ਤਕਨੀਕ ਹੈ, ਉੱਥੇ ਹੀ ਪਿੰਡਾਂ 'ਚ ਅਜੇ ਵੀ ਬਹੁਤ ਸਾਰੇ ਲੋਕ ਇਨ੍ਹਾਂ ਸਹੂਲਤਾਂ ਤੋਂ ਵਾਂਝੇ ਹਨ। ਪਰ ਇਹ ਅੰਕੜੇ ਹੈਰਾਨ ਕਰਨ ਵਾਲੇ ਹਨ ਕਿ 120 ਕਰੋੜ ਤੋਂ ਵੱਧ ਲੋਕ ਮੋਬਾਈਲ ਅਤੇ 97.5 ਕਰੋੜ ਇੰਟਰਨੈੱਟ ਖ਼ਪਤਕਾਰਾਂ ਦੇ ਨਾਲ ਭਾਰਤ ਨੇ ਉਹ ਮੁਕਾਮ ਹਾਸਲ ਕੀਤਾ ਹੈ, ਜੋ ਇਕ ਦਹਾਕਾ ਪਹਿਲਾਂ ਅਸੰਭਵ ਲਗਦਾ ਸੀ। ਇਹ ਤਰੱਕੀ ਸਿਰਫ਼ ਸ਼ਹਿਰਾਂ ਤੱਕ ਸੀਮਤ ਨਹੀਂ, ਸਗੋਂ 'ਭਾਰਤ ਨੈੱਟ' ਪ੍ਰੋਜੈਕਟ ਰਾਹੀਂ ਪਿੰਡ-ਪਿੰਡ ਤੱਕ ਹਾਈ-ਸਪੀਡ ਫਾਈਬਰ ਨੈੱਟਵਰਕ ਪਹੁੰਚਾਇਆ ਜਾ ਰਿਹਾ ਹੈ। ਭਾਰਤ 'ਚ 'ਡਿਜੀਟਲ ਇੰਡੀਆ' ਮੁਹਿੰਮ ਨੇ ਇਸ ਖੇਤਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਭਾਰਤ ਦੀ 65 ਫ਼ੀਸਦੀ ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ, ਜਿਸ ਲਈ ਹਾਈ-ਸਪੀਡ ਡਾਟਾ ਕੋਈ ਲਗਜ਼ਰੀ ਨਹੀਂ, ਸਗੋਂ ਰੋਜ਼ਾਨਾ ਦੀ ਲੋੜ ਬਣ ਚੁੱਕਾ ਹੈ। ਅੱਜ ਦੂਰ-ਦੁਰਾਡੇ ਦੇ ਪਿੰਡਾਂ 'ਚ ਬੈਠੇ ਕਿਸਾਨ ਵੀ ਮੋਬਾਈਲ ਐਪਸ ਰਾਹੀਂ ਮੌਸਮ ਦੀ ਜਾਣਕਾਰੀ, ਮੰਡੀਆਂ ਦੇ ਭਾਅ ਤੇ ਖੇਤੀਬਾੜੀ ਸਲਾਹ ਲੈ ਰਹੇ ਹਨ। ਇਸ ਤੋਂ ਇਲਾਵਾ ਡਿਜੀਟਲ ਪੇਮੈਂਟ ਨੇ ਭਾਰਤੀ ਅਰਥਚਾਰੇ ਦੀ ਨੁਹਾਰ ਬਦਲ ਦਿੱਤੀ ਹੈ।
ਭਾਵੇਂ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ, ਪਰ ਟੈਲੀਕਾਮ ਕੰਪਨੀਆਂ ਲਈ ਚੁਣੌਤੀਆਂ ਵੀ ਵੱਡੀਆਂ ਹਨ। ਨੈੱਟਵਰਕ ਨੂੰ ਅਪਗ੍ਰੇਡ ਕਰਨਾ, ਸਪੈਕਟ੍ਰਮ ਖਰੀਦਣਾ ਤੇ ਟਾਵਰ ਲਗਾਉਣੇ ਬਹੁਤ ਮਹਿੰਗਾ ਸੌਦਾ ਹੈ। ਜਿੱਥੇ ਇਕ ਪਾਸੇ ਅਜੇ 5-ਜੀ ਪੂਰੀ ਤਰ੍ਹਾਂ ਸੈੱਟ ਹੋ ਰਿਹਾ ਹੈ, ਉੱਥੇ 6-ਜੀ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ। ਪਹਿਲਾਂ ਭਾਰਤ ਦੂਜੇ ਦੇਸ਼ਾਂ ਦੀ ਤਕਨੀਕ 'ਤੇ ਨਿਰਭਰ ਸੀ, ਪਰ 'ਭਾਰਤ 6-ਜੀ ਵਿਜ਼ਨ' ਇਸ ਤਸਵੀਰ ਨੂੰ ਬਦਲਣ ਵਾਲਾ ਹੈ। ਭਾਰਤ ਦਾ ਟੀਚਾ ਹੈ ਕਿ 2030 ਤੱਕ ਦੁਨੀਆ ਦੇ ਕੁੱਲ 6-ਜੀ ਪੇਟੈਂਟਸ ਵਿਚ 10 ਫ਼ੀਸਦੀ ਹਿੱਸਾ ਭਾਰਤ ਦਾ ਹੋਵੇ। 'ਭਾਰਤ 6-ਜੀ ਅਲਾਇੰਸ' 'ਚ 80 ਤੋਂ ਵੱਧ ਸੰਸਥਾਵਾਂ ਦਾ ਜੁੜਨਾ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਹੁਣ ਤਕਨੀਕੀ ਗੁਲਾਮੀ ਛੱਡ ਕੇ 'ਤਕਨੀਕੀ ਪ੍ਰਭੂਸੱਤਾ' ਵੱਲ ਵਧ ਰਹੇ ਹਾਂ। ਆਉਣ ਵਾਲੇ ਸਮੇਂ 'ਚ ਏ.ਆਈ. ਅਤੇ ਇੰਟਰਨੈੱਟ ਆਫ ਥਿੰਗਸ ਟੈਲੀਕਾਮ ਦੀ ਪਰਿਭਾਸ਼ਾ ਬਦਲ ਦੇਣਗੇ। ਜਿੱਥੇ ਇਹ ਤਕਨੀਕਾਂ ਸਮਾਰਟ ਸਿਟੀ ਤੇ ਉਦਯੋਗਾਂ 'ਚ ਮਦਦਗਾਰ ਹੋਣਗੀਆਂ, ਉੱਥੇ ਹੀ ਸਾਈਬਰ ਖ਼ਤਰੇ ਤੇ ਧੋਖਾਧੜੀ ਰੋਕਣਾ ਵੀ ਇਕ ਵੱਡੀ ਚੁਣੌਤੀ ਹੋਵੇਗੀ। ਸਾਈਬਰ ਸੁਰੱਖਿਆ ਤੇ ਨਿੱਜੀ ਡਾਟੇ ਦੀ ਚੋਰੀ ਵੱਡਾ ਖ਼ਤਰਾ ਬਣ ਚੁੱਕੀ ਹੈ। ਨਾਲ ਹੀ ਫੇਕ ਨਿਊਜ਼ ਤੇ ਗਲਤ ਜਾਣਕਾਰੀ ਸਮਾਜ ਵਿਚ ਭਰਮ ਅਤੇ ਤਣਾਅ ਪੈਦਾ ਕਰ ਰਹੀ ਹੈ। ਇਸ ਲਈ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਟੈਲੀਕਾਮ ਨੈੱਟਵਰਕਾਂ ਨੂੰ ਏ.ਆਈ. ਦੀ ਵਰਤੋਂ ਕਰਕੇ ਸਾਈਬਰ ਹਮਲਿਆਂ ਅਤੇ ਸਪੈਮ ਮੈਸੇਜਾਂ ਤੋਂ ਸੁਰੱਖਿਅਤ ਬਣਾਉਣਾ ਪਵੇਗਾ।
ਭਾਰਤ ਨੇ ਦਿਖਾ ਦਿੱਤਾ ਹੈ ਕਿ ਉਹ ਬਹੁਤ ਤੇਜ਼ੀ ਨਾਲ ਬੁਨਿਆਦੀ ਢਾਂਚਾ ਖੜ੍ਹਾ ਕਰ ਸਕਦਾ ਹੈ। ਹੁਣ ਅਸਲ ਇਮਤਿਹਾਨ ਇਹ ਹੈ ਕਿ ਅਸੀਂ ਇਸ ਨੈੱਟਵਰਕ ਦੀ ਵਰਤੋਂ ਕਰ ਕੇ ਉਤਪਾਦਨ ਤੇ ਨਵੀਨਤਾ ਵਿਚ ਦੁਨੀਆ ਸਾਹਮਣੇ ਮੋਹਰੀ ਕਿਵੇਂ ਬਣਦੇ ਹਾਂ। 'ਪੀ.ਐਮ. ਵਾਨੀ' ਅਤੇ 'ਡਿਜੀਟਲ ਭਾਰਤ ਨਿਧੀ' ਵਰਗੀਆਂ ਯੋਜਨਾਵਾਂ ਯਕੀਨੀ ਬਣਾ ਰਹੀਆਂ ਹਨ ਕਿ ਕੋਈ ਵੀ ਕੋਨਾ ਡਿਜੀਟਲ ਪਹੁੰਚ ਤੋਂ ਵਾਂਝਾ ਨਾ ਰਹੇ। ਭਾਰਤ ਦਾ ਟੈਲੀਕਾਮ ਸੈਕਟਰ ਹੁਣ ਸਿਰਫ਼ ਫੋਨ ਕਾਲਾਂ ਤੱਕ ਸੀਮਤ ਨਹੀਂ ਰਿਹਾ, ਇਹ ਇਕ ਡਿਜੀਟਲ ਲੋਕਤੰਤਰ ਦੀ ਨੀਂਹ ਹੈ। ਦਿੱਲੀ ਦੇ ਵੱਡੇ ਦਫ਼ਤਰਾਂ ਤੋਂ ਲੈ ਕੇ ਪੰਜਾਬ ਦੇ ਖੇਤਾਂ ਤੱਕ ਇਹ ਡਿਜੀਟਲ ਕ੍ਰਾਂਤੀ ਹਰ ਭਾਰਤੀ ਦੀ ਜ਼ਿੰਦਗੀ ਨੂੰ ਰੁਸ਼ਨਾਉਣ ਲਈ ਤਿਆਰ ਹੈ। ਅਖ਼ੀਰ 'ਚ ਇਹ ਜ਼ਰੂਰ ਕਹਾਂਗੇ ਕਿ ਤਕਨੀਕ ਜੀਵਨ ਦਾ ਹਿੱਸਾ ਬਣਨੀ ਚਾਹੀਦੀ ਹੈ, ਨਾ ਕਿ ਜੀਵਨ ਤਕਨੀਕ ਦਾ ਹਿੱਸਾ ਬਣੇ।
-ਇਲੈਕਟ੍ਰਾਨਿਕਸ ਟੈਕਨਾਲੋਜੀ ਵਿਭਾਗ, ਪ੍ਰੋਫੈਸਰ ਇੰਚਾਰਜ ਲੋਕ ਸੰਪਰਕ,
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਈਮੇਲ : ravinder.elec@gndu.ac.in
ਮੋਬਾਈਲ : +9181466-22326