ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਅੰਤਰ-ਜਾਤ ਤੇ ਅੰਤਰ-ਰਾਜ ਰਿਸ਼ਤਿਆਂ ਦੇ ਮੇਲ-ਮਿਲਾਪ

Ad Position 21
No active advertisement
ਅਜੀਤ ਡੈਸਕ 17-05-2026

ਇਨ੍ਹਾਂ ਦਿਨਾਂ ਵਿਚ ਸਰਹਿੰਦ ਨੇੜੇ ਪੈਂਦੇ ਇੰਡੋ ਅਮਰੀਕਨ ਡਾਈਨਰ ਸਥਾਨ 'ਤੇ ਇਕ ਅਜਿਹੇ ਵਿਆਹ ਵਿਚ ਸ਼ਿਰਕਤ ਕਰਨ ਦਾ ਸਬੱਬ ਬਣਿਆ, ਜਿਸ ਵਿਚ ਆਪਣੇ ਨਿਪਾਲੀ ਡਰਾਈਵਰ ਕੇਸ਼ਵ ਬਹਾਦਰ ਅਤੇ ਮੇਰੇ ਝਾਰਖੰਡੀ ਮੁਹਾਫ਼ਿਜ਼ ਗਿਰਧਾਰੀ ਲਾਲ ਅਤੇ ਕਈ ਹੋਰ ਰਾਜਾਂ ਦੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ। ਵਿਆਂਦੜ ਕੁੜੀ ਦੇ ਮਾਪੇ ਤਾਂ ਖੱਬੇ ਪੱਖੀ ਸੋਚ ਨੂੰ ਪ੍ਰਣਾਏ ਹੋਏ ਹਨ ਤੇ ਪਿਤਾ ਗੁਲਜ਼ਾਰ ਸਿੰਘ ਦਾ ਪਿਛੋਕੜ ਮੁਸਲਮਾਨੀ ਹੈ। ਉਸ ਦਾ ਦਾਦਾ ਟਹਿਲ ਸਿੰਘ ਮੁਗ਼ਲ ਬਾਦਸ਼ਾਹਾਂ ਦੀ ਚੜ੍ਹਤ ਸਮੇਂ ਮੁਸਲਮਾਨ ਹੋ ਗਿਆ ਸੀ। ਟਹਿਲ ਸਿੰਘ ਦੇ ਦਾਦਾ-ਪੜਦਾਦਾ ਫ਼ਤਹਿਗੜ੍ਹ ਸਾਹਿਬ (ਸਰਹਿੰਦ) ਦੇ ਵਸਨੀਕ ਸਨ। ਗੁਲਜ਼ਾਰ ਸਿੰਘ ਖ਼ੁਦ ਪਗੜੀਧਾਰੀ ਹੈ। ਉਸ ਦਾ ਵਿਆਹ ਰਾਜਪੁਰੇ ਦੀ ਇਕ ਕੋਠੀ 'ਚ ਰਹਿ ਕੇ ਪਲੀ ਰਾਜ ਰਾਣੀ ਨਾਲ ਹੋਇਆ ਹੈ। ਉਨ੍ਹਾਂ ਦੀ ਇਕ ਧੀ ਦਾ ਨਾਂਅ ਨਗਮਾ ਸਿੰਘ ਹੈ, ਜਿਹੜੀ ਮੇਰੀ ਪਾਠਕ ਹੋਣ ਦੇ ਨਾਤੇ ਮੈਨੂੰ ਮਿਲੀ ਸੀ। ਅੱਜ ਦੇ ਦਿਨ ਉਹ ਮੈਨੂੰ ਤੇ ਮੇਰੀ ਪਤਨੀ ਨੂੰ ਆਪਣੇ ਮਾਪਿਆਂ ਸਮਾਨ ਸਮਝਦੀ ਹੈ ਤੇ ਖ਼ੁਦ ਨੂੰ ਸਾਡੀ ਧੀ ਕਹਿੰਦੀ ਹੈ। ਉਂਝ ਉਸ ਦੇ ਪਿਤਾ ਦਾ ਨਾਂਅ ਵੀ ਗੁਲਜ਼ਾਰ ਸਿੰਘ ਹੈ।
ਸਰਹਿੰਦ ਨੇੜਲੇ ਉਪਰੋਕਤ ਮੇਲ-ਮਿਲਾਪ ਦਾ ਕਾਰਨ ਗੁਲਜ਼ਾਰ ਸਿੰਘ ਦੀ ਦੂਜੀ ਧੀ ਮਮਤਾ ਦਾ ਵਿਆਹ ਬਣਿਆ। ਮਮਤਾ ਨੇ ਚਿਰਾਗ ਨਾਮੀ ਜੀਵਨ ਸਾਥੀ ਚੁਣਿਆ ਹੈ। ਉਹ ਦੋਵੇਂ ਗੋਬਿੰਦਗੜ੍ਹ ਪੜ੍ਹਦੇ ਸਨ। ਮਮਤਾ ਕੰਪਿਊਟਰ ਦੀ ਸਿਖਲਾਈ ਲੈਂਦੀ ਸੀ ਤੇ ਚਿਰਾਗ਼ ਉੱਥੋਂ ਦੇ ਇਕ ਕਾਲਜ ਵਿਚ ਕਾਨੂੰਨ ਦੀ ਪੜ੍ਹਾਈ ਕਰਦਾ ਸੀ। ਹੋਇਆ ਇਹ ਕਿ ਦੋਵੇਂ ਇਕ ਹੀ ਬੱਸ ਵਿਚ ਸਫ਼ਰ ਕਰਦੇ ਸਨ, ਜਿਹੜੀ ਚੰਡੀਗੜ੍ਹ ਤੋਂ ਜ਼ੀਰਕਪੁਰ ਤੇ ਰਾਜਪੁਰਾ ਰਾਹੀਂ ਗੋਬਿੰਦਗੜ੍ਹ ਜਾਂਦੀ ਸੀ। ਮਮਤਾ ਉਸ ਵਿਚ ਜ਼ੀਰਕਪੁਰ ਤੋਂ ਚੜ੍ਹਦੀ ਤੇ ਚਿਰਾਗ ਰਾਜਪੁਰੇ ਤੋਂ। ਮੰਜ਼ਿਲ ਦੋਹਾਂ ਦੀ ਇਕ ਹੀ ਸੀ। ਮਮਤਾ ਦਾ ਪਿਤਾ ਜ਼ੀਰਕਪੁਰ ਕੰਮ ਕਰਦਾ ਸੀ ਤੇ ਚਿਰਾਗ ਦੇ ਦਾਦਕੇ ਰਾਜਪੁਰਾ ਨੇੜਲੇ ਪਿੰਡ ਗੱਦੋ ਮਾਜਰਾ ਵਿਚ ਖੇਤੀ ਕਰਦੇ ਸਨ।
ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਗੁਲਜ਼ਾਰ ਸਿੰਘ ਦੇ ਸਭ ਤੋਂ ਵੱਡੇ ਭਰਾ ਦਾ ਨਾਂਅ ਨਜ਼ੀਰ ਸ਼ਾਹ ਸੀ ਤੇ ਉਸ ਤੋਂ ਛੋਟੇ ਦਾ ਦਰਬਾਰਾ, ਜਿਸ ਨੂੰ ਭੀਰਾ ਕਹਿੰਦੇ ਸਨ। ਭੀਰਾ ਫ਼ਕੀਰ ਹੋ ਗਿਆ ਸੀ ਤੇ ਖ਼ੁਦ ਮਨੀਮਾਜਰੇ ਨੇੜੇ ਦਾਸੀਆ ਨਾਂਅ ਦੇ ਪਿੰਡ ਵਿਚ ਰਹਿੰਦਾ ਸੀ। ਸਭ ਤੋਂ ਛੋਟੇ ਭਰਾ ਦਾ ਨਾਂਅ ਦਿਲਦਾਰ ਮੁਹੰਮਦ ਹੈ ਤੇ ਭੈਣਾਂ ਦੇ ਨਾਂਅ ਦਲਬੀਰ ਤੇ ਕੁਰਸ਼ੈਦਾਂ ਸਨ। ਭੈਣਾਂ ਆਪੋ-ਆਪਣੇ ਘਰੀਂ ਸੁਖੀ ਵਸਦੀਆਂ ਹਨ। ਫ਼ਕੀਰੀ ਭੇਸ ਵਾਲੇ ਭਰਾ ਦਾ ਕਿਸੇ ਅੰਗ-ਸਾਕ ਨਾਲ ਵਾਸਤਾ ਨਹੀਂ। ਬਾਕੀ ਮੈਂਬਰ ਵੀ ਉਸ ਨੂੰ ਕਦੀ-ਕਦਾਈਂ ਮਿਲਦੇ ਹਨ। ਦਿਲਦਾਰ ਮੁਹੰਮਦ ਛੱਤ ਬਨੂੜ ਵਿਚ ਸਬਜ਼ੀ ਦੀ ਦੁਕਾਨ ਕਰਦਾ ਹੈ। ਉਸ ਦੀ ਹਮਸਫ਼ਰ ਵੀ ਮੁਸਲਿਮ ਹੈ ਪਰ ਨਾਂਅ ਹਿੰਦੂ-ਸਿੱਖਾਂ ਵਾਲਾ ਹੈ, ਅਮਰਜੀਤ। ਜਿੱਥੋਂ ਤੱਕ ਚਿਰਾਗ ਦਾ ਸਬੰਧ ਹੈ ਉਸ ਦੇ ਦਾਦਕੇ ਰਾਜਪੁਰਾ ਦੇ ਖੱਤਰੀ ਹਨ ਅਤੇ ਮਾਂ ਦਾ ਨਾਂਅ ਰਿਪਲਾ ਮੈਨਰੋ ਹੈ ਤੇ ਪਿਤਾ ਸਵ. ਸੰਜੀਵ ਕੁਮਾਰ। ਉਹ ਕੁਰੂਕਸ਼ੇਤਰ ਦੇ ਸਹਿਗਲ ਪਰਿਵਾਰ 'ਚੋਂ ਹਨ। ਚਿਰਾਗ ਦੀ ਭੈਣ ਨਵਾਂਸ਼ਹਿਰ ਦੇ ਚੌਜਰ ਪਰਿਵਾਰ ਦੀ ਨੂੰਹ ਹੈ। ਗੋਬਿੰਦਗੜ੍ਹ ਦਾ ਪੜ੍ਹਿਆ ਚਿਰਾਗ ਰਾਜਪੁਰੇ ਤੋਂ ਇਲਾਵਾ ਡੇਰਾਬੱਸੀ ਵੀ ਵਕਾਲਤ ਕਰਦਾ ਹੈ। ਭਾਵੇਂ ਇਸ ਇਕੱਠ ਵਿਚ ਕੁੱਲ ਵਿਅਕਤੀ 50-60 ਹੀ ਸਨ ਪਰ ਇਨ੍ਹਾਂ 'ਚੋਂ ਅੱਧੇ ਦੂਰਗਾਮੀ ਤੇ ਵੱਖ-ਵੱਖ ਜਾਤੀਆਂ ਦੇ ਸਨ। ਮੈਂ ਏਸ ਤਰ੍ਹਾਂ ਦਾ ਰੰਗ-ਰੰਗੀਲਾ ਮੇਲ ਤੇ ਇਕੱਠ ਆਪਣੀ 92 ਸਾਲ ਦੀ ਉਮਰ ਤੱਕ ਪਹਿਲਾਂ ਕਦੀ ਨਹੀਂ ਸੀ ਤੱਕਿਆ। ਜਾਂਦੇ-ਜਾਂਦੇ ਇਹ ਵੀ ਦੱਸ ਦਿਆਂ ਕਿ ਨਗਮਾ ਦੀ ਸਹੇਲੀ ਮੇਨਕਾ ਸ਼ਰਮਾ ਹਿਮਾਚਲ ਦੇ ਊਨਾ ਖੇਤਰ ਤੋਂ ਆਈ ਸੀ ਤੇ ਉਸ ਦੀ ਮਾਂ ਦੀ ਇਕ ਸਹੇਲੀ ਸੁਸ਼ੀਲਾ ਸਿਨ੍ਹਾ ਬਿਹਾਰ ਤੋਂ। ਇਹ ਵੀ ਦੱਸ ਦਿਆਂ ਕਿ ਇਸ ਇਕੱਠ ਵਿਚ ਪਾਵੇਲ ਨਾਂਅ ਦਾ ਨੌਜਵਾਨ ਵੀ ਸੀ, ਜਿਹੜਾ ਗੁਲਜ਼ਾਰ ਸਿੰਘ ਦਾ ਬੇਟਾ ਹੈ। ਉਸ ਦੇ ਪਿਤਾ ਨੇ ਆਪਣੀ ਧਾਰਨਾ ਅਨੁਸਾਰ ਉਸ ਦਾ ਇਹ ਵਾਲਾ ਨਾਂਅ ਰੂਸੀ ਸੱਭਿਆਚਾਰ ਅਨੁਸਾਰ ਰੱਖਿਆ ਹੈ।

ਈਮੇਲ : sandhugulzar@yahoo.com

 

Ad Position 22
No active advertisement
ਪਿਛਲੀ ਖ਼ਬਰ ਹੈਰਾਨੀਜਨਕ ਹੈ ਭਾਰਤ ਦਾ ਤਕਨੀਕੀ ਵਿਕਾਸ ਅਗਲੀ ਖ਼ਬਰ ਸਿੱਖਾਂ ਦੇ ਕਤਲੇਆਮ ਦੀ ਗਵਾਹੀ ਭਰਦਾ 'ਛੋਟਾ ਘੱਲੂਘਾਰਾ'
Ad Position 24
No active advertisement