ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਕੀ ਭਾਜਪਾ ਦੀ ਕੌਮੀ ਰਾਜਨੀਤੀ ਵਿਚ ਕੁਝ ਵੱਡਾ ਹੋਣ ਵਾਲਾ ਹੈ?

Ad Position 21
No active advertisement
ਅਜੀਤ ਡੈਸਕ 14-07-2026

ਅਜਿਹਾ ਲੱਗਦਾ ਹੈ ਕਿ ਕੁਝ ਵੱਡਾ ਹੋਣ ਵਾਲਾ ਹੈ। ਕੁਝ ਅਣਕਿਆਸਿਆ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਜਿਹੀਆਂ ਅਣਕਿਆਸੀਆਂ ਘਟਨਾਵਾਂ ਹੋ ਰਹੀਆਂ ਹਨ, ਜਿਨ੍ਹਾਂ ਨੂੰ ਆਮ ਨਹੀਂ ਕਿਹਾ ਜਾ ਸਕਦਾ । ਉਂਝ ਇਹ ਰੁਝਾਨ 2024 ਦੀਆਂ ਚੋਣਾਂ ਦੇ ਬਾਅਦ ਤੋਂ ਸ਼ੁਰੂ ਹੋ ਗਿਆ ਸੀ, ਪਰ ਹੁਣ ਇਸ ਦੀ ਲਪੇਟ 'ਚ ਭਾਜਪਾ ਤੇ ਸਰਕਾਰ ਵੀ ਆਉਂਦੀ ਦਿਖਾਈ ਦੇ ਰਹੀ ਹੈ। 2024 ਦੀਆਂ ਆਮ ਚੋਣਾਂ ਤੋਂ ਬਾਅਦ ਭਾਜਪਾ ਨੇ ਜਿਸ ਤਰ੍ਹਾਂ ਹਰਿਆਣਾ, ਮਹਾਰਾਸ਼ਟਰ, ਦਿੱਲੀ, ਬਿਹਾਰ ਤੇ ਬੰਗਾਲ ਨੂੰ ਜਿੱਤਿਆ ਹੈ, ਇਸ ਦੀ ਘੱਟੋ-ਘੱਟ ਵਿਰੋਧੀ ਧਿਰ ਨੂੰ ਤਾਂ ਕੋਈ ਉਮੀਦ ਨਹੀਂ ਸੀ। ਰਾਹੁਲ ਗਾਂਧੀ ਨੇ ਵੋਟ ਚੋਰੀ ਦੇ ਦੋਸ਼ ਲਗਾਏ। ਚੋਣ ਕਮਿਸ਼ਨ ਨੇ ਅਚਾਨਕ ਐਸ.ਆਈ.ਆਰ. ਦਾ ਐਲਾਨ ਕਰਦਿਆਂ ਵਿਰੋਧੀ ਧਿਰ ਦੇ ਸਭ ਦੋਸ਼ਾਂ ਅਤੇ ਦਬਾਅ ਦੇ ਬਾਵਜੂਦ ਉਨ੍ਹਾਂ ਦੀ ਇਕ ਨਾ ਸੁਣੀ। ਪਹਿਲੀ ਵਾਰ ਹੋਇਆ ਕਿ ਲੱਖਾਂ ਦੀ ਗਿਣਤੀ 'ਚ ਵੋਟਰਾਂ ਦੇ ਨਾਂਅ ਕੱਟੇ ਗਏ। ਬੰਗਾਲ 'ਚ ਆਖਰੀ ਸਮੇਂ 'ਤੇ 27 ਲੱਖ ਲੋਕਾਂ ਦੇ ਨਾਂਅ ਕਥਿਤ ਤਰਕਪੂਰਨ ਅਸੰਗਤੀਆਂ ਦਾ ਹਵਾਲਾ ਦੇ ਕੇ ਵੋਟਰ ਸੂਚੀ ਤੋਂ ਹਟਾ ਦਿੱਤੇ ਗਏ, ਮਮਤਾ ਬੈਨਰਜੀ ਦੀ ਹਾਰ ਹੈਰਾਨ ਕਰਨ ਵਾਲੀ ਸੀ। ਇਸ ਤੋਂ ਵੀ ਵੱਧ ਅਣਕਿਆਸੀ ਉਸ ਦੀ ਪਾਰਟੀ ਦਾ ਟੁੱਟ ਜਾਣਾ ਹੈ। ਪਰ ਹੁਣ ਭਾਜਪਾ ਵੀ ਅਣਕਿਆਸੀਆਂ ਘਟਨਾਵਾਂ ਦੀ ਸੂਚੀ 'ਚ ਸ਼ਾਮਿਲ ਹੋ ਗਈ ਹੈ। ਪਹਿਲਾਂ ਰਾਮ ਮੰਦਰ ਦੇ ਚੜ੍ਹਾਵੇ ਦੀ ਚੋਰੀ ਦੇ ਮਾਮਲਾ ਸਾਹਮਣੇ ਆਇਆ, ਜਿਸ ਦੀ ਉਮੀਦ ਕਿਸੇ ਨੂੰ ਨਹੀਂ ਸੀ। ਭਾਜਪਾ ਤੇ ਆਰ.ਐਸ.ਐਸ. ਦੀਆਂ ਜੜ੍ਹਾਂ ਹਿੱਲ ਗਈਆਂ। ਫਿਰ ਭਾਜਪਾ ਆਗੂਆਂ ਵਿਰੁੱਧ ਘੁਟਾਲੇ ਸਾਹਮਣੇ ਆਏ, ਪਹਿਲਾਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਤੇ ਉਨ੍ਹਾਂ ਦੇ ਪਰਿਵਾਰ 'ਤੇ ਜ਼ਮੀਨ ਖਰੀਦਣ ਦਾ ਦੋਸ਼ ਲੱਗੇ। ਕੇਂਦਰੀ ਮੰਤਰੀ ਭਾਗੀਰਥ ਚੌਧਰੀ ਦੀ ਖੁਦ ਆਪਣੇ ਮੰਤਰਾਲੇ ਤੋਂ 99 ਲੱਖ ਰੁਪਏ ਦੀ ਸਬਸਿਡੀ ਲੈਣ ਦੀ ਕਹਾਣੀ ਅਖ਼ਬਾਰਾਂ 'ਚ ਪ੍ਰਕਾਸ਼ਿਤ ਹੋ ਗਈ। ਇਸ ਤੋਂ ਬਾਅਦ ਪਿਛਲੇ ਹਫ਼ਤੇ ਕੇਂਦਰ 'ਚ ਬੇਹੱਦ ਤਾਕਤਵਰ ਮੰਨੇ ਜਾਂਦੇ ਅਮਿਤ ਸ਼ਾਹ ਦੇ ਕਰੀਬੀ ਮੰਤਰੀ ਭੂਪੇਂਦਰ ਯਾਦਵ ਦੇ ਦਫ਼ਤਰ 'ਚ ਦੋ ਸੀਨੀਅਰ ਤੇ ਮੰਤਰੀ ਦੇ ਕਰੀਬੀ ਅਧਿਕਾਰੀਆਂ ਦੀ ਬਰਖਾਸਤਗੀ ਅਤੇ ਦੋ ਹੋਰ ਅਧਿਕਾਰੀਆਂ ਦੀ ਉਨ੍ਹਾਂ ਦੇ ਪੁਰਾਣੇ ਕੇਡਰ ਵਿਚ ਸਜ਼ਾ ਵਜੋਂ ਵਾਪਸੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਅਜਿਹੀਆਂ ਘਟਨਾਵਾਂ ਨਾਲ ਸਰਕਾਰ ਤੇ ਭਾਜਪਾ ਦੇ ਅਕਸ ਨੂੰ ਢਾਹ ਲੱਗੀ ਹੈ। ਇਹ ਉਹੀ ਸਰਕਾਰ ਹੈ, ਜਿਸ ਦੇ ਆਗੂ ਇਹ ਦਾਅਵਾ ਕਰਦੇ ਕਦੇ ਨਹੀਂ ਥੱਕਦੇ ਸਨ ਕਿ ਮੋਦੀ ਸਰਕਾਰ ਵਿਚ ਕੋਈ ਘੁਟਾਲਾ ਜਾਂ ਅਸਤੀਫ਼ਾ ਨਹੀਂ ਹੁੰਦਾ। ਭਾਵੇਂ ਸਰਕਾਰ 'ਚ ਕੋਈ ਅਸਤੀਫ਼ਾ ਤਾਂ ਨਹੀਂ ਹੋਇਆ, ਪਰ ਇਹ ਸ਼ੱਕ ਪੁਖਤਾ ਹੋਇਆ ਹੈ ਕਿ ਇਹ ਸਭ ਕਿਸੇ ਅੰਦਰੂਨੀ ਝਗੜੇ ਦਾ ਨਤੀਜਾ ਹੋ ਸਕਦਾ ਹੈ? ਕਿਤੇ ਇਹ ਇਕ-ਦੂਜੇ ਨੂੰ ਨਿਪਟਾਉਣ ਦੀ ਖੇਡ ਤਾਂ ਨਹੀਂ ਚੱਲ ਰਹੀ ਹੈ? ਕੀ ਬਿੱਗ ਬੌਸ ਕੋਈ ਵੱਡਾ ਸੁਨੇਹਾ ਤਾਂ ਨਹੀਂ ਦੇ ਰਹੇ? ਰਾਮ ਮੰਦਰ ਚੋਰੀ ਦਾ ਮੁੱਦਾ ਤਾਂ ਇੰਨਾ ਵੱਡਾ ਹੋ ਗਿਆ ਕਿ ਟਰੱਸਟ ਦੇ ਬਾਹੂਬਲੀ ਮੰਨੇ ਜਾਂਦੇ ਚੰਪਤ ਰਾਏ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਜਾਂ ਉਨ੍ਹਾਂ ਤੋਂ ਅਸਤੀਫ਼ਾ ਲੈ ਲਿਆ ਗਿਆ, ਪਰ ਜਿਹੜਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਹੈ। ਸੰਘ ਪਰਿਵਾਰ ਤੇ ਭਾਜਪਾ 'ਤੇ ਅਜਿਹੇ ਦਾਗ਼ ਲੱਗ ਗਏ, ਜਿਨ੍ਹਾਂ ਤੋਂ ਪਿੱਛਾ ਛੁਡਾਉਣਾ ਸੌਖਾ ਨਹੀਂ। ਲੋਕ ਕਹਿਣ ਲੱਗੇ ਹਨ ਕਿ ਜੋ ਲੋਕ ਦੋ ਸਾਲ ਰਾਮ ਮੰਦਰ ਦੀ ਸੁਰੱਖਿਆ ਨਹੀਂ ਕਰ ਸਕੇ, ਉਹ ਹਿੰਦੂ ਸਮਾਜ ਦੀ ਰੱਖਿਆ ਕਿਵੇਂ ਕਰ ਸਕਦੇ ਹਨ?
ਇਸ ਤੋਂ ਬਾਅਦ ਹੈਰਾਨ ਕਰਨ ਵਾਲੀਆਂ ਦੋ ਹੋਰ ਘਟਨਾਵਾਂ ਵਾਪਰੀਆਂ। ਪਹਿਲੀ, ਮੱਧ ਪ੍ਰਦੇਸ਼ ਦੇ ਦਤੀਆ 'ਚ ਭਾਜਪਾ ਦੇ ਬਹੁਤ ਹੀ ਸੀਨੀਅਰ ਤੇ ਤਾਕਤਵਰ ਨੇਤਾ ਨਰੋਤਮ ਮਿਸ਼ਰਾ ਦੀ ਵਿਧਾਨ ਸਭਾ ਦੀ ਉੁਪ-ਚੋਣ ਲਈ ਦਾਅਵੇਦਾਰੀ ਨੂੰ ਖਾਰਜ ਕਰਦਿਆਂ ਇਕ ਨਵੇਂ ਨੇਤਾ ਨੂੰ ਟਿਕਟ ਦੇ ਦਿੱਤੀ ਗਈ। ਨਰੋਤਮ ਮਿਸ਼ਰਾ ਦੇ ਸਮਰਥਕਾਂ ਨੇ ਹਾਈਵੇਅ ਜਾਮ ਕੀਤਾ ਤਾਂ ਪੁਲਿਸ ਨੇ ਉਨ੍ਹਾਂ ਨੂੰ ਕੁਟਾਪਾ ਚਾੜ੍ਹ ਦਿੱਤਾ, ਪਰ ਪਾਰਟੀ ਹਾਈਕਮਾਨ ਦੇ ਆਪਣੇ ਫ਼ੈਸਲੇ 'ਤੇ ਅਡੋਲ ਰਹਿਣ ਕਰਕੇ ਮਿਸ਼ਰਾ ਨੂੰ ਵੀ ਚੁੱਪ ਹੋਣਾ ਪੈ ਗਿਆ। ਦੱਸਣਯੋਗ ਹੈ ਕਿ ਰਾਜ ਦੇ ਗ੍ਰਹਿ ਮੰਤਰੀ ਰਹੇ ਮਿਸ਼ਰਾ ਨੂੰ ਕਦੇ ਮੁੱਖ ਮੰਤਰੀ ਦੇ ਅਹੁਦੇ ਲਈ ਇਕ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਸੀ। ਪਰ ਉਹ ਪਿਛਲੀ ਵਿਧਾਨ ਸਭਾ ਚੋਣ ਹਾਰ ਗਿਆ ਤੇ ਹੁਣ ਉਸ ਨੂੰ ਉਪ-ਚੋਣ ਮੌਕੇ ਟਿਕਟ ਮਿਲਣ ਦੀ ਪੂਰੀ ਉਮੀਦ ਸੀ। ਕੀ ਨਰੋਤਮ ਮਿਸ਼ਰਾ ਨੂੰ ਟਿਕਟ ਨਾ ਦੇ ਕੇ ਪਾਰਟੀ ਸੀਨੀਅਰ ਨੇਤਾਵਾਂ ਨੂੰ ਸਪੱਸ਼ਟ ਸੁਨੇਹਾ ਤਾਂ ਨਹੀਂ ਦੇ ਰਹੀ ਕਿ ਹੁਣ ਉਨ੍ਹਾਂ ਦੇ ਜਾਣ (ਸੇਵਾਮੁਕਤ ਹੋਣ) ਦਾ ਸਮਾਂ ਆ ਗਿਆ ਹੈ? ਇਸੇ ਤਰ੍ਹਾਂ ਭਾਜਪਾ ਦੇ ਨਵੇਂ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੂੰ ਲੱਗਾ ਕਿ ਉਹ ਆਪਣੇ ਖਾਲੀ ਕੀਤੇ ਵਿਧਾਨ ਸਭਾ ਹਲਕੇ ਦੀ ਟਿਕਟ ਤਾਂ ਆਪਣੇ ਕਿਸੇ ਚਹੇਤੇ ਨੂੰ ਦੁਆ ਸਕਦੇ ਹਨ, ਪਰ ਉਨ੍ਹਾਂ ਦਾ ਭਰਮ ਉਸ ਸਮੇਂ ਟੁੱਟ ਗਿਆ ਜਦੋਂ ਆਖਰੀ ਸਮੇਂ 'ਤੇ ਪਾਰਟੀ ਨੇ ਪ੍ਰਧਾਨ ਦੇ ਪਸੰਦੀਦਾ ਉਮੀਦਵਾਰ ਦੀ ਨਾਮਜ਼ਦਗੀ ਵਾਪਸ ਕਰਵਾ ਕੇ ਟਿਕਟ ਨਵੇਂ ਉਮੀਦਵਾਰ ਨੂੰ ਦੇ ਦਿੱਤੀ। ਨਿਤਿਨ ਨਬੀਨ ਸਮਝ ਗਏ ਹੋਣਗੇ ਕਿ ਭਾਵੇਂ ਉਹ ਪਾਰਟੀ ਦੇ ਪ੍ਰਧਾਨ ਹਨ, ਪਰ ਉਹ ਇਕ ਰਬੜ ਦੀ ਮੋਹਰ ਤੋਂ ਵੱਧ ਕੁਝ ਨਹੀਂ ਹਨ। ਪਾਰਟੀ 'ਚ ਸਿਰਫ਼ ਮੋਦੀ ਤਾਕਤਵਰ ਹਨ, ਹੋਰਾਂ ਨੂੰ ਤਾਂ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਹੀ ਕਰਨੀ ਪੈਂਦੀ ਹੈ।
ਇਨ੍ਹਾਂ ਸਾਰੀਆਂ 6 ਘਟਨਾਵਾਂ 'ਚ ਕਿਤੇ ਨਾ ਕਿਤੇ ਤਾਰਾਂ ਆਪਸ 'ਚ ਜੁੜਦੀਆਂ ਹਨ, ਜੋ ਦੱਸਦੇ ਹਨ ਕਿ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ। ਪਾਰਟੀ ਅੰਦਰ ਬਹੁਤ ਕੁਝ ਹੋ ਰਿਹਾ ਹੈ ਜਾਂ ਕੁਝ ਬਹੁਤ ਵੱਡਾ ਹੋਣ ਵਾਲਾ ਹੈ। ਅਜਿਹਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦੇ ਮਨ 'ਚ ਕੋਈ ਬਹੁਤ ਵੱਡੀ ਯੋਜਨਾ ਹੈ। ਵੱਡੇ- ਵੱਡੇ ਨੇਤਾਵਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਆਪਣੇ ਤੌਰ ਤਰੀਕੇ ਬਦਲੋ, ਨਹੀਂ ਤਾਂ ਪਾਰਟੀ ਤੁਹਾਨੂੰ ਬਦਲ ਦੇਵੇਗੀ। ਨਰੋਤਮ ਮਿਸ਼ਰਾ ਦੀ ਟਿਕਟ ਕੱਟਣਾ ਇਕ ਸਪੱਸ਼ਟ ਸੰਦੇਸ਼ ਹੈ ਕਿ ਬੜਬੋਲੇ ਨੇਤਾਵਾਂ ਦਾ ਪਾਰਟੀ ਅੰਦਰ ਕੋਈ ਭਵਿੱਖ ਨਹੀਂ ਹੈ। ਜੇਕਰ ਮਿਸ਼ਰਾ ਦੀ ਟਿਕਟ ਕੱਟੀ ਜਾ ਸਕਦੀ ਹੈ ਤਾਂ ਕਿਸੇ ਨੂੰ ਵੀ ਬਾਹਰ ਦਾ ਰਸਤਾ ਦਿਖਾ ਕੇ ਘਰ ਭੇਜਿਆ ਜਾ ਸਕਦਾ ਹੈ। ਭਾਜਪਾ ਲੀਡਰਸ਼ਿਪ ਨੇ ਇਹ ਸੁਨੇਹਾ ਦੇ ਦਿੱਤਾ ਹੈ ਕਿ ਜੇਕਰ ਪਾਰਟੀ ਨੇ ਕਿਸੇ ਨੂੰ ਇੰਨੀ ਛੋਟੀ ਉਮਰ 'ਚ ਮੌਕੇ ਦਿੱਤੇ ਸਨ, ਤਾਂ ਫਿਰ ਉਸ ਨੂੰ ਵੀ ਪ੍ਰੀਖਿਆ 'ਤੇ ਖਰਾ ਉਤਰਨਾ ਪਵੇਗਾ। ਇਹ ਕਹਿਣਾ ਮੁਸ਼ਕਿਲ ਹੈ ਕਿ ਪ੍ਰਧਾਨ ਮੰਤਰੀ ਕੀ ਸੋਚ ਰਹੇ ਹਨ, ਪਰ ਰਿਪੋਰਟਾਂ ਸੰਕੇਤ ਦੇ ਰਹੀਆਂ ਹਨ ਕਿ ਇਕ ਮੂਲ ਸੁਧਾਰ ਪ੍ਰੋਗਰਾਮ ਚੱਲੇਗਾ, ਜੋ ਪਾਰਟੀ ਨੂੰ ਨਵੇਂ ਸਾਂਚੇ 'ਚ ਢਾਲੇਗਾ ਜਾਂ ਇਸ ਨੂੰ ਨਵੇਂ ਆਕਾਰ 'ਚ ਢਾਲਣ ਦੀ ਕੋਸ਼ਿਸ਼ ਕਰੇਗਾ। ਨਿਤਿਨ ਨਬੀਨ ਦੀ ਨਿਯੁਕਤੀ ਇਸ ਦਾ ਪਹਿਲਾ ਸੰਕੇਤ ਸੀ। ਜਦੋਂ ਵੱਡੇ ਪਾਰਟੀ ਨੇਤਾਵਾਂ ਦੇ ਦਾਅਵਿਆਂ ਨੂੰ ਪਾਸੇ ਕਰਕੇ ਇਕ ਬਿਲਕੁਲ ਨਵੇਂ ਨੇਤਾ ਨੂੰ ਇੰਨਾ ਵੱਡਾ ਅਹੁਦਾ ਦਿੱਤਾ ਗਿਆ। ਦਰਅਸਲ ਕਿਸੇ ਵੀ ਸਰਕਾਰ ਜਾਂ ਪਾਰਟੀ ਵਿਚ ਖੜੋਤ ਪੈਦਾ ਹੋਣ ਲਈ 12 ਸਾਲ ਬਹੁਤ ਹੁੰਦੇ ਹਨ, ਪਾਰਟੀ ਦੇ ਅਹੁਦੇਦਾਰ ਤੇ ਮੰਤਰੀ ਥੱਕਣ ਲੱਗਦੇ ਹਨ ਅਤੇ ਉਨ੍ਹਾਂ ਅੰਦਰ ਸੱਤਾ ਦਾ ਹੰਕਾਰ ਵੀ ਭਰਨ ਲੱਗਦਾ ਹੈ।
ਜਦੋਂ ਵੀ ਕੋਈ ਪਾਰਟੀ ਲੰਬੇ ਸਮੇਂ ਤੱਕ ਸੱਤਾ 'ਚ ਰਹਿੰਦੀ ਹੈ ਤਾਂ ਉਨ੍ਹਾਂ ਵਲੋਂ ਸੱਤਾ ਨੂੰ ਆਪਣੇ ਘਰ ਦੀ ਜਾਇਦਾਦ ਸਮਝਣਾ ਸੁਭਾਵਿਕ ਹੈ, ਨੇਤਾ ਮਨਮਾਨਾ ਵਿਵਹਾਰ ਕਰਨ ਲੱਗਦੇ ਹਨ। ਜਦੋਂ ਤੋਂ ਨਰਿੰਦਰ ਮੋਦੀ ਪਾਰਟੀ ਦੇ ਸਰਬਉੱਚ ਨੇਤਾ ਬਣੇ ਹਨ, ਉਹ ਪਾਰਟੀ ਨੂੰ ਵਾਰ-ਵਾਰ ਝਟਕੇ ਦਿੰਦੇ ਰਹੇ ਹਨ। ਬਿਲਕੁਲ ਅਨਜਾਣ ਲੋਕਾਂ ਨੂੰ ਮੁੱਖ ਮੰਤਰੀ ਬਣਾਉਣਾ ਉਨ੍ਹਾਂ ਦੀ ਤਾਕਤ ਹੈ। ਕਈ ਵੱਡੇ-ਵੱਡੇ ਨੇਤਾਵਾਂ ਦਾ ਰਾਜਨੀਤਿਕ ਕਰੀਅਰ ਖ਼ਤਮ ਹੋ ਗਿਆ ਹੈ, ਵਸੁੰਧਰਾ ਰਾਜੇ ਸਿੰਧੀਆ ਜਿਹੀ ਵੱਡੀ ਨੇਤਾ ਰਾਜਨੀਤਿਕ ਦ੍ਰਿਸ਼ ਤੋਂ ਗਾਇਬ ਹੋ ਗਈ। ਹੁਣ ਸੰਕੇਤ ਸਪੱਸ਼ਟ ਹੈ ਕਿ ਛੋਟੇ ਬਦਲਾਅ ਕਾਫ਼ੀ ਨਹੀਂ ਹਨ। ਰਾਮ ਮੰਦਰ ਦਾ ਦਾਗ ਆਸਾਨੀ ਨਾਲ ਨਹੀਂ ਮਿਟਾਇਆ ਜਾ ਸਕੇਗਾ। ਭ੍ਰਿਸ਼ਟਾਚਾਰ ਦੀਆਂ ਖ਼ਬਰਾਂ ਦਰਸਾਉਂਦੀਆਂ ਹਨ ਕਿ ਸਮੱਸਿਆ ਡੂੰਘੀ ਹੈ ਤੇ ਇਨ੍ਹਾਂ ਦਾ ਇਲਾਜ ਵੀ ਡੂੰਘਾ ਹੋਣਾ ਚਾਹੀਦਾ ਹੈ। ਕੀ 'ਪੀੜ੍ਹੀ ਤਬਦੀਲੀ' ਕੋਈ ਹੱਲ ਹੈ? ਕੀ ਵੱਡੇ ਨੇਤਾਵਾਂ ਨੂੰ 'ਮਾਰਗਦਰਸ਼ਕ ਮੰਡਲ' ਵਿਚ ਸ਼ਾਮਿਲ ਕਰਨ ਦਾ ਸਮਾਂ ਆ ਗਿਆ ਹੈ? ਨਵੇਂ ਵਿਚਾਰਾਂ ਦੇ ਲਈ ਨਵੇਂ ਨੌਜਵਾਨਾਂ ਦੀ ਲੋੜ ਹੈ। ਪਾਰਟੀ ਤੇ ਸਰਕਾਰ ਨੂੰ ਇਕ ਨਵੇਂ ਰਵੱਈਏ ਤੇ ਇਕ ਨਵੇਂ ਰੂਪ ਦੀ ਲੋੜ ਹੈ। ਹੋ ਸਕਦਾ ਹੈ ਪ੍ਰਧਾਨ ਮੰਤਰੀ ਮੋਦੀ ਜਲਦੀ ਹੀ ਕੋਈ ਨਵਾਂ ਧਮਾਕਾ ਕਰਨਗੇ।

ashutosh83b@gmail.com

Ad Position 22
No active advertisement
ਪਿਛਲੀ ਖ਼ਬਰ ਸਾਬਕਾ ਕੇਂਦਰੀ ਮੰਤਰੀ ਧੰਨਾ ਸਿੰਘ ਗੁਲਸ਼ਨ ਨੂੰ ਯਾਦ ਕਰਦਿਆਂ ਅਗਲੀ ਖ਼ਬਰ ਆਰ ਜਾਂ ਪਾਰ ਦੀ ਲੜਾਈ
Ad Position 24
No active advertisement