ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸਾਬਕਾ ਕੇਂਦਰੀ ਮੰਤਰੀ ਧੰਨਾ ਸਿੰਘ ਗੁਲਸ਼ਨ ਨੂੰ ਯਾਦ ਕਰਦਿਆਂ

Ad Position 21
No active advertisement
ਅਜੀਤ ਡੈਸਕ 14-07-2026

ਪੰਜਾਬ ਦੀ ਸਿਆਸਤ ਵਿਚ ਅਨੇਕਾਂ ਹੀ ਅਜਿਹੇ ਆਗੂ ਹੋਏ ਹਨ, ਜਿਨ੍ਹਾਂ ਨੇ ਆਪਣੇ ਸਿਧਾਂਤਾਂ, ਲੋਕ-ਸੇਵਾ ਅਤੇ ਜਨ-ਸੰਪਰਕ ਦੇ ਆਧਾਰ 'ਤੇ ਲੋਕਾਂ ਦੇ ਦਿਲਾਂ 'ਚ ਵਿਸ਼ੇਸ਼ ਥਾਂ ਬਣਾਈ। ਅਜਿਹੇ ਹੀ ਮੁੱਖ ਆਗੂਆਂ ਵਿਚ ਸਾਬਕਾ ਕੇਂਦਰੀ ਮੰਤਰੀ ਸਰਦਾਰ ਧੰਨਾ ਸਿੰਘ ਗੁਲਸ਼ਨ ਦਾ ਨਾਂਅ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਉਹ ਨਾ ਸਿਰਫ਼ ਪੰਜਾਬ ਦੀ ਅਕਾਲੀ ਸਿਆਸਤ ਦੇ ਮਜ਼ਬੂਤ ਥੰਮ੍ਹ ਸਨ, ਸਗੋਂ ਦਲਿਤ ਤੇ ਪਛੜੇ ਵਰਗਾਂ ਦੀ ਆਵਾਜ਼ ਵਜੋਂ ਵੀ ਜਾਣੇ ਜਾਂਦੇ ਸਨ। ਉਨ੍ਹਾਂ ਨੇ ਆਜ਼ਾਦੀ ਉਪਰੰਤ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ 'ਚ ਭਰਵਾਂ ਯੋਗਦਾਨ ਪਾਇਆ। ਉਨ੍ਹਾਂ ਦਾ ਜਨਮ ਮਜ਼੍ਹਬੀ ਗੁਰਸਿੱਖ ਪਰਿਵਾਰ 'ਚ ਨਾਭਾ ਰਿਆਸਤ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਅਕਲੀਆਂ ਜਲਾਲ ਵਿਖੇ ਪਿਤਾ ਕਿਸ਼ਨ ਸਿੰਘ ਤੇ ਮਾਤਾ ਬਿਸ਼ਨ ਕੌਰ ਦੇ ਘਰ 28 ਦਸੰਬਰ 1913 ਨੂੰ ਹੋਇਆ। ਉਨ੍ਹਾਂ ਦੇ ਦਾਦਾ ਸ. ਗੁਰਮੁੱਖ ਸਿੰਘ ਸਿੱਖੀ ਵਿਚਾਰਧਾਰਾ 'ਤੇ ਪਹਿਰਾ ਦੇਣ ਵਾਲੇ ਸਨ। ਸ. ਧੰਨਾ ਸਿੰਘ ਗੁਲਸ਼ਨ ਨੇ ਚੜ੍ਹਦੀ ਉਮਰੇ ਹੀ ਸਿੱਖ ਸਿਆਸਤ 'ਚ ਹਿੱਸਾ ਲੈਣਾ ਸ਼ੁਰੂ ਕੀਤਾ ਤੇ ਨਾਲ ਹੀ ਕਵੀਸ਼ਰੀ ਵੀ ਪੇਸ਼ ਕਰਦੇ ਰਹੇ। ਉਨ੍ਹਾਂ ਨੇ ਅਤਿ ਰੁਝੇਵਿਆਂ ਭਰੀ ਜ਼ਿੰਦਗੀ 'ਚ ਤਿੰਨ ਦਰਜਨ ਤੋਂ ਵੱਧ ਕਿੱਸੇ ਤੇ ਪ੍ਰਸੰਗ ਲਿਖੇ। ਆਜ਼ਾਦੀ ਦੀ ਲੜਾਈ 'ਚ ਵੀ ਉਨ੍ਹਾਂ ਨੇ ਵਡਮੁੱਲਾ ਯੋਗਦਾਨ ਪਾਇਆ। ਬਚਪਨ ਤੋਂ ਹੀ ਉਹ ਸਮਾਜਿਕ ਨਬਰਾਬਰੀ ਤੇ ਗਰੀਬ ਵਰਗ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਵੇਖਦੇ ਰਹੇ। ਇਹੀ ਕਾਰਨ ਸੀ ਕਿ ਉਨ੍ਹਾਂ ਦੇ ਮਨ 'ਚ ਸਮਾਜਿਕ ਬਰਾਬਰੀ ਤੇ ਲੋਕ-ਭਲਾਈ ਲਈ ਕੰਮ ਕਰਨ ਦੀ ਭਾਵਨਾ ਪੈਦਾ ਹੋਈ। ਛੋਟੀ ਉਮਰੇ ਉਨ੍ਹਾਂ ਦਾ ਵਿਆਹ ਪਿੰਡ ਬਹਿਣੀਵਾਲ ਦੇ ਕਾਲਾ ਸਿੰਘ ਭਲਵਾਨ ਦੀ ਲੜਕੀ ਬਸੰਤ ਕੌਰ ਨਾਲ ਹੋ ਗਿਆ ਸੀ। ਉਨ੍ਹਾਂ ਦੇ ਘਰ ਪੰਜ ਧੀਆਂ ਤੇ ਇਕ ਪੁੱਤਰ ਨੇ ਜਨਮ ਲਿਆ।
ਉਨ੍ਹਾਂ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਜ਼ਮੀਨੀ ਪੱਧਰ ਤੋਂ ਕੀਤੀ। ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਤੇ ਉਨ੍ਹਾਂ ਦੇ ਹੱਲ ਲਈ ਸੰਘਰਸ਼ ਕਰਦੇ ਰਹੇ। ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਉਨ੍ਹਾਂ ਨੇ ਪੰਜਾਬ ਦੇ ਹੱਕਾਂ, ਕਿਸਾਨੀ ਮੰਗਾਂ ਅਤੇ ਸਮਾਜਿਕ ਬਰਾਬਰੀ ਲਈ ਆਵਾਜ਼ ਉਠਾਈ। ਜਦੋਂ ਬਾਬਾ ਖੜਕ ਸਿੰਘ ਦੇ ਜਥੇ ਨਾਲ ਦਲੀਪ ਸਿੰਘ ਢਾਡੀ ਤੇ ਇਹ ਡਸਕੇ ਦੇ ਮੋਰਚੇ 'ਚ ਸ਼ਾਮਿਲ ਹੋਏ ਤਾਂ ਉੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਹ ਸਾਢੇ ਪੰਜ ਮਹੀਨੇ ਜੇਲ੍ਹ 'ਚ ਰਹੇ। ਇਸੇ ਤਰ੍ਹਾਂ ਉਹ ਤੇ ਦਲੀਪ ਸਿੰਘ ਮਾਸਟਰ ਤਾਰਾ ਸਿੰਘ ਦੇ ਜਥੇ ਨਾਲ ਪਿਸ਼ਾਵਰ ਦੇ ਮੋਰਚੇ 'ਚ ਸ਼ਾਮਿਲ ਹੋਏ ਤਾਂ ਉਨਾਂ ਨੂੰ 6 ਮਹੀਨੇ ਲਾਹੌਰ ਜੇਲ੍ਹ 'ਚ ਰੱਖਿਆ ਗਿਆ। 1960 ਵਿਚ ਵਿਧਾਇਕ ਹੁੰਦਿਆਂ ਪੰਜਾਬੀ ਸੂਬਾ ਮੋਰਚੇ 'ਚ ਸ਼ਾਮਿਲ ਹੋਣ ਕਰਕੇ ਇਕ ਸਾਲ ਹਿਸਾਰ ਜੇਲ੍ਹ ਵਿਚ ਬੰਦ ਰਹੇ। 1968 'ਚ ਦਿੱਲੀ ਮੋਰਚੇ 'ਚ ਹਿੱਸਾ ਲੈਣ ਕਰਕੇ ਗਵਾਲੀਅਰ ਜੇਲ੍ਹ 'ਚ 6 ਮਹੀਨੇ ਰਹੇ। 1975 'ਚ ਐਮਰਜੈਂਸੀ ਵਿਰੋਧੀ ਅੰਦੋਲਨ ਦੌਰਾਨ ਉਨ੍ਹਾਂ ਨੇ ਲੰਮਾ ਸਮਾਂ ਜੇਲ੍ਹ ਕੱਟੀ। 1947 ਵਿਚ ਉਹ ਰਿਫ਼ਿਊਜ਼ੀ ਰਿਲੀਫ਼ ਕਮੇਟੀ ਦੇ ਮੈਂਬਰ ਸਨ। 1948 'ਚ ਉਹ ਜ਼ਿਲ੍ਹਾ ਬਰਨਾਲਾ ਦੇ ਜੱਜ ਦੀ ਜਿਊਰੀ ਦੇ ਮੈਂਬਰ ਸਨ। 1947 ਤੋਂ 50 ਤੀਕ ਪੈਪਸੂ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰਧਾਨ ਰਹੇ। 1965-66 'ਚ ਪੰਜਾਬੀ ਸੂਬਾ ਪਾਰਲੀਮੈਂਟਰੀ ਕਮੇਟੀ ਦੇ ਮੈਂਬਰ ਰਹੇ। 1962-67 ਤੀਕ ਰੇਲਵੇ ਤੇ ਸੰਚਾਰ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਰਹੇ। 1968 'ਚ ਉਨ੍ਹਾਂ ਨੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦੇ ਮੈਂਬਰ ਵਜੋਂ ਕੰਮ ਕੀਤਾ। 1972-74 ਤੀਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨਿਟ ਦੇ ਮੈਂਬਰ ਰਹੇ। 1974 'ਚ ਉਹ ਪੰਜਾਬ ਸਟੇਟ ਪਬਲਿਕ ਅਕਾਊਂਟਸ ਕਮੇਟੀ ਦੇ ਮੈਂਬਰ ਸਨ। 1972 ਤੋਂ ਉਹ ਲੰਮਾ ਸਮਾਂ ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦੇ ਅਕਾਲੀ ਦਲ ਦੇ ਵਿੰਗ ਦੇ ਚੇਅਰਮੈਨ ਵੀ ਰਹੇ। 1952 ਵਿਚ ਪਹਿਲੀ ਵਾਰ ਉਹ ਸੰਗਰੂਰ ਜ਼ਿਲ੍ਹੇ ਦੇ ਮਹਿਲ ਕਲਾਂ ਹਲਕੇ ਤੋਂ ਵਿਧਾਨ ਸਭਾ ਚੋਣ ਜਿੱਤੇ। 1957 'ਚ ਅਕਾਲੀ ਦਲ ਤੇ ਕਾਂਗਰਸ ਦੇ ਸਮਝੌਤੇ ਅਧੀਨ ਬਠਿੰਡਾ ਜ਼ਿਲ੍ਹੇ ਦੇ ਪੱਕਾ ਕਲਾਂ ਹਲਕੇ ਤੋਂ ਉਹ ਵਿਧਾਨਕਾਰ ਚੁਣੇ ਗਏ। 1972 'ਚ ਨਥਾਣਾ ਹਲਕੇ ਤੋਂ ਵਿਧਾਇਕ ਬਣੇ। ਉਹ ਸ਼੍ਰੋਮਣੀ ਕਮੇਟੀ ਦੇ 15 ਸਾਲ ਤੱਕ ਮੈਂਬਰ ਵੀ ਰਹੇ।
ਉਨ੍ਹਾਂ ਦੀ ਲੋਕਪ੍ਰਿਯਤਾ ਤੇ ਸੇਵਾਵਾਂ ਨੂੰ ਦੇਖਦਿਆਂ ਲੋਕਾਂ ਨੇ ਉਨ੍ਹਾਂ ਨੂੰ ਦੇਸ਼ ਦੀ ਸੰਸਦ ਤੱਕ ਪਹੁੰਚਾ ਦਿੱਤਾ ਸੀ। ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਦੋ ਵਾਰ ਸੰਸਦ ਮੈਂਬਰ ਚੁਣੇ ਗਏ, ਪਹਿਲਾਂ 1962 'ਚ ਤੇ ਫਿਰ 1977 'ਚ। ਇਸ ਦੌਰਾਨ ਉਨ੍ਹਾਂ ਨੇ ਸਿੱਖਿਆ, ਸਮਾਜਿਕ ਭਲਾਈ ਅਤੇ ਸੱਭਿਆਚਾਰ ਮੰਤਰਾਲੇ 'ਚ ਰਾਜ ਮੰਤਰੀ ਵਜੋਂ ਵੀ ਸੇਵਾ ਨਿਭਾਈ। ਸੰਸਦ ਮੈਂਬਰ ਵਜੋਂ ਉਨ੍ਹਾਂ ਨੇ ਪੰਜਾਬ ਤੇ ਖ਼ਾਸ ਕਰਕੇ ਪੇਂਡੂ ਖੇਤਰਾਂ ਦੇ ਮੁੱਦਿਆਂ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਰੱਖਿਆ। ਉਨ੍ਹਾਂ ਦੀ ਸਭ ਤੋਂ ਵੱਡੀ ਪਛਾਣ ਇਹ ਰਹੀ ਕਿ ਉਹ ਦਲਿਤ ਤੇ ਪਛੜੇ ਵਰਗਾਂ ਦੇ ਮਜ਼ਬੂਤ ਆਗੂ ਬਣੇ। ਉਨ੍ਹਾਂ ਦਾ ਜੀਵਨ ਇਸ ਗੱਲ ਦੀ ਮਿਸਾਲ ਹੈ ਕਿ ਇਕ ਸਾਧਾਰਨ ਪਰਿਵਾਰ ਤੋਂ ਉੱਠ ਕੇ ਵੀ ਕੋਈ ਵਿਅਕਤੀ ਲੋਕਾਂ ਦੀ ਸੇਵਾ ਤੇ ਇਮਾਨਦਾਰ ਰਾਜਨੀਤੀ ਦੇ ਬਲ 'ਤੇ ਉਚ ਮੁਕਾਮ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਨੇ ਵਿਧਾਇਕ, ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਵਜੋਂ ਜੋ ਸੇਵਾਵਾਂ ਨਿਭਾਈਆਂ, ਉਹ ਪੰਜਾਬ ਦੀ ਸਿਆਸੀ ਵਿਰਾਸਤ ਦਾ ਅਹਿਮ ਹਿੱਸਾ ਹਨ। ਸੁਭਾਅ ਤੋਂ ਬੇਹੱਦ ਮਿਲਣਸਾਰ ਗੁਲਸ਼ਨ ਜੀ ਦੇ ਮਾਸਟਰ ਤਾਰਾ ਸਿੰਘ, ਸੰਤ ਫ਼ਤਹਿ ਸਿੰਘ, ਗਿਆਨੀ ਕਰਤਾਰ ਸਿੰਘ, ਮੋਹਨ ਸਿੰਘ ਤੁੜ ਆਦਿ ਕਾਫ਼ੀ ਕਰੀਬੀ ਸਾਥੀ ਸਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ 'ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀ ਖ਼ਾਸੀਅਤ ਇਹ ਸੀ ਕਿ ਉਹ ਟਕਰਾਅ ਦੀ ਬਜਾਏ ਸੰਵਾਦ ਵਿਚ ਵਿਸ਼ਵਾਸ ਰੱਖਦੇ ਸਨ। ਉਹ ਵੱਖ-ਵੱਖ ਸਮਾਜਿਕ ਵਰਗਾਂ ਨੂੰ ਇਕੱਠੇ ਲੈ ਕੇ ਚੱਲਣ ਦੇ ਹਾਮੀ ਸਨ। ਉਹ ਆਮ ਲੋਕਾਂ ਨਾਲ ਸਿੱਧਾ ਸੰਪਰਕ ਰੱਖਦੇ ਸਨ ਤੇ ਆਪਣੇ ਦਰਵਾਜ਼ੇ ਹਰ ਕਿਸੇ ਲਈ ਖੁੱਲ੍ਹੇ ਰੱਖਦੇ ਸਨ। ਉਨ੍ਹਾਂ ਨੇ ਕਦੇ ਵੀ ਰਾਜਨੀਤੀ ਨੂੰ ਨਿੱਜੀ ਲਾਭ ਦਾ ਸਾਧਨ ਨਹੀਂ ਬਣਾਇਆ।
ਸ. ਧੰਨਾ ਸਿੰਘ ਗੁਲਸ਼ਨ ਦੀ ਵਿਰਾਸਤ ਉਨ੍ਹਾਂ ਦੇ ਪਰਿਵਾਰ ਨੇ ਵੀ ਅੱਗੇ ਵਧਾਈ। ਉਨ੍ਹਾਂ ਦੀ ਧੀ ਪਰਮਜੀਤ ਕੌਰ ਗੁਲਸ਼ਨ ਸ਼੍ਰੋਮਣੀ ਅਕਾਲੀ ਦਲ ਵਲੋਂ ਬਠਿੰਡਾ ਤੇ ਫਰੀਦਕੋਟ ਤੋਂ ਲੋਕ ਸਭਾ ਹਲਕੇ ਲਈ ਨੁਮਾਇੰਦਗੀ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਪਤੀ ਜਸਟਿਸ (ਸੇਵਮੁਕਤ) ਨਿਰਮਲ ਸਿੰਘ ਵੀ ਸ਼੍ਰੋਮਣੀ ਅਕਾਲੀ ਦਲ ਵਲੋਂ ਬੱਸੀ ਪਠਾਣਾਂ ਤੋਂ ਵਿਧਾਇਕ ਰਹਿ ਚੁੱਕੇ ਹਨ। ਗੱਲ ਇੱਥੇ ਹੀ ਨਹੀਂ ਮੁੱਕਦੀ, ਗੁਲਸ਼ਨ ਜੀ ਦੇ ਦੋਹਤ ਜਵਾਈ ਪ੍ਰੋ. ਰਵਿੰਦਰ ਸਿੰਘ ਬਲਿਆਲਾ ਰਤੀਆ (ਹਰਿਆਣਾ) ਤੋਂ ਵਿਧਾਇਕ ਰਹਿ ਚੁੱਕੇ ਹਨ ਤੇ ਅੱਜ-ਕੱਲ੍ਹ ਹਰਿਆਣਾ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਹਨ। ਅੱਜ ਵੀ ਧੰਨਾ ਸਿੰਘ ਗੁਲਸ਼ਨ ਨੂੰ ਇਕ ਅਜਿਹੇ ਜਨ-ਨੇਤਾ ਵਜੋਂ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਸੱਤਾ ਨੂੰ ਲੋਕ-ਭਲਾਈ ਦਾ ਸਾਧਨ ਬਣਾਇਆ। 14 ਜੁਲਾਈ 1987 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਸਾਥੋਂ ਵਿਛੜਿਆਂ ਭਾਵੇਂ 39ਵਰ੍ਹੇ ਹੋ ਗਏ ਹਨ ਪਰ ਇਕ ਆਜ਼ਾਦੀ ਘੁਲਾਟੀਏ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਜੋਂ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।

-ਸੰਗਰੂਰ।
ਮੋਬਾਈਲ : 98722-50956

Ad Position 22
No active advertisement
ਪਿਛਲੀ ਖ਼ਬਰ 'ਸਤਲੁਜ' ਫ਼ਿਲਮ ਦੀ ਅਸਹਿਜ ਸਚਾਈ ਤੋਂ ਕੀ ਸਮੱਸਿਆ ਹੈ? ਅਗਲੀ ਖ਼ਬਰ ਕੀ ਭਾਜਪਾ ਦੀ ਕੌਮੀ ਰਾਜਨੀਤੀ ਵਿਚ ਕੁਝ ਵੱਡਾ ਹੋਣ ਵਾਲਾ ਹੈ?
Ad Position 24
No active advertisement