ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਿੱਖਾਂ ਦੇ ਕਤਲੇਆਮ ਦੀ ਗਵਾਹੀ ਭਰਦਾ 'ਛੋਟਾ ਘੱਲੂਘਾਰਾ'

Ad Position 21
No active advertisement
ਅਜੀਤ ਡੈਸਕ 17-05-2026

ਅੱਜ ਲਈ ਵਿਸ਼ੇਸ਼

'ਸਿਰੁ ਧਰਿ ਤਲੀ ਗਲੀ ਮੇਰੀ ਆਉ' ਦੇ ਸਿਧਾਂਤ 'ਤੇ ਪਹਿਰਾ ਦੇਣ ਵਾਲੇ ਸਿਰਲੱਥ ਸੂਰਮਿਆਂ ਨੇ ਸਿੱਖ ਇਤਿਹਾਸ ਦੀ ਇਬਾਰਤ ਨੂੰ ਨਾ ਸਿਰਫ਼ ਆਪਣੇ ਖ਼ੂਨ ਨਾਲ ਲਿਖਿਆ ਹੈ, ਸਗੋਂ ਇਸ ਦਾ ਮਾਣ ਵਧਾਉਣ ਲਈ ਸ਼ਹਾਦਤਾਂ ਦੇ ਜਾਮ ਵੀ ਪੀਤੇ ਹਨ। ਇਸੇ ਇਬਾਰਤ ਦਾ ਹੀ ਅਹਿਮ ਅੰਗ ਹੈ ਸੰਨ 1746 ਵਿਚ ਵਾਪਰਿਆ ਛੋਟਾ ਘੱਲੂਘਾਰਾ। 'ਘੱਲੂਘਾਰੇ' ਦਾ ਸ਼ਬਦੀ ਅਰਥ ਹੈ ਵੱਡੇ ਪੱਧਰ ਦਾ ਕਤਲੇਆਮ ਜਾਂ ਸਰਬਨਾਸ਼। ਵਕਤ ਦੇ ਹਾਕਮਾਂ ਤੇ ਗੁਰੂ-ਘਰ ਦੇ ਦੋਖੀਆਂ ਨੂੰ ਸਿੱਖਾਂ ਦੀ ਚੜ੍ਹਦੀ ਕਲਾ ਕਦੇ ਰਾਸ ਨਹੀਂ ਆਈ ਤੇ ਉਹ ਹਮੇਸ਼ਾਂ ਹੀ ਇਸ ਨੂੰ ਢਾਹ ਲਗਾਉਣ ਦੀਆਂ ਚਾਲਾਂ ਚੱਲਦੇ ਰਹੇ ਹਨ। ਇਨ੍ਹਾਂ ਚਾਲਬਾਜ਼ਾਂ 'ਚ ਹੀ ਸ਼ਾਮਿਲ ਸਨ ਲਾਹੌਰ ਦਰਬਾਰ ਨਾਲ ਜੁੜੇ ਦੀਵਾਨ (ਵਿੱਤ ਮੰਤਰੀ) ਲਖਪਤ ਰਾਏ ਤੇ ਉਸ ਦਾ ਸਕਾ ਭਰਾ ਜਸਪਤ ਰਾਏ। ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਇਨ੍ਹਾਂ ਭਰਾਵਾਂ ਦੇ ਈਰਖਾਲੂ ਤੇ ਜ਼ਾਲਮਾਨਾ ਸੁਭਾਅ ਕਾਰਨ ਕਾਹਨੂਵਾਨ ਦੀ ਛੰਭ ਵਿਚ ਇਕ ਖ਼ੂਨੀ ਦੁਖਾਂਤ ਵਾਪਰਿਆ ਸੀ, ਜਿਸ ਨੂੰ ਇਤਿਹਾਸ ਵਿਚ 'ਛੋਟਾ ਘੱਲੂਘਾਰਾ' ਕਿਹਾ ਜਾਂਦਾ ਹੈ। ਲਾਹੌਰ ਦੇ ਸੂਬੇਦਾਰ ਯਹੀਆ ਖ਼ਾਨ (ਪੁੱਤਰ ਜ਼ਕਰੀਆ ਖ਼ਾਨ) ਨੇ ਇਨ੍ਹਾਂ ਦੋਵਾਂ ਭਰਾਵਾਂ ਨੂੰ ਵਾਧੂ ਅਧਿਕਾਰ ਦੇ ਰੱਖੇ ਸਨ। ਸੰਮਤ 1803 ਵਿਚ ਐਮਨਾਬਾਦ ਦੇ ਗੁਰਦੁਆਰਾ ਰੋੜੀ ਸਾਹਿਬ (ਅੱਜ ਪਾਕਿਸਤਾਨ 'ਚ) ਵਿਖੇ ਵਿਸਾਖੀ ਮੌਕੇ ਸਿੱਖ-ਸੰਗਤ ਦਾ ਇਕ ਵਿਸ਼ਾਲ ਇਕੱਠ ਹੋਇਆ, ਜਿਹੜਾ ਜਸਪਤ ਰਾਏ ਨੂੰ ਚੰਗਾ ਨਾ ਲੱਗਾ। ਉਸ ਨੇ ਸੰਗਤ ਨੂੰ ਗੁਰਦੁਆਰਾ ਖਾਲੀ ਕਰਨ ਦਾ ਹੁਕਮ ਦਿੱਤਾ। ਸੰਗਤ ਨੇ ਕਿਹਾ ਕਿ ਉਹ ਪ੍ਰਸ਼ਾਦਾ-ਪਾਣੀ ਬਣਾ/ਛਕ ਕੇ ਸਵੇਰੇ ਇੱਥੋਂ ਕੂਚ ਕਰ ਜਾਣਗੇ। ਪਰ ਜਸਪਤ ਰਾਏ 'ਤੇ ਇਸ ਗੱਲ ਦਾ ਕੋਈ ਅਸਰ ਨਾ ਹੋਇਆ। ਉਸ ਨੇ ਧਾੜ ਇਕੱਠੀ ਕਰ ਕੇ ਸਿੱਖਾਂ 'ਤੇ ਹਮਲਾ ਕਰ ਦਿੱਤਾ। ਨਾ ਚਾਹੁੰਦਿਆਂ ਹੋਇਆਂ ਵੀ ਸਿੱਖਾਂ ਨੂੰ ਇਹ ਲੜਾਈ ਲੜਨੀ ਪਈ। ਹਾਥੀ 'ਤੇ ਚੜ੍ਹਿਆ ਜਸਪਤ ਰਾਏ ਸਿੱਖਾਂ ਵੱਲ ਵਧ ਰਿਹਾ ਸੀ। ਉਸ ਨੂੰ ਠੱਲ੍ਹ ਪਾਉਣ ਲਈ ਭਾਈ ਨਿਬਾਹੂ ਸਿੰਘ (ਰੰਗਰੇਟਾ) ਪੂਛ ਫੜ ਕੇ ਹਾਥੀ ਉੱਪਰ ਜਾ ਚੜ੍ਹਿਆ ਤੇ ਉਸ ਨੇ ਤਲਵਾਰ ਦੇ ਇੱਕੋ ਵਾਰ ਨਾਲ ਜਸਪਤ ਰਾਏ ਦਾ ਸਿਰ ਲਾਹ ਦਿੱਤਾ। ਜਸਪਤ ਰਾਏ ਦੀ ਮੌਤ ਨਾਲ ਮੁਗ਼ਲ ਫ਼ੌਜਾਂ ਮੈਦਾਨ ਛੱਡ ਗਈਆਂ।
ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਦੀਵਾਨ ਲਖਪਤ ਰਾਏ ਗਵਰਨਰ ਯਹੀਆ ਖ਼ਾਂ ਤੋਂ ਸ਼ਾਹੀ ਫ਼ੌਜ ਲੈ ਕੇ ਸਿੱਖਾਂ ਨੂੰ ਆਪਣੇ ਗੁੱਸੇ ਦਾ ਸ਼ਿਕਾਰ ਬਣਾਉਣ ਲਈ ਯੋਜਨਾਵਾਂ ਘੜਨ ਲੱਗਾ। ਦੀਵਾਨ ਕੌੜਾ ਮੱਲ ਤੇ ਹੋਰ ਪਤਵੰਤੇ ਹਿੰਦੂਆਂ ਨੇ ਲਖਪਤ ਰਾਏ ਨੂੰ ਅਜਿਹਾ ਕਰਨ ਤੋਂ ਵਰਜਿਆ ਪਰ ਉਸ 'ਤੇ ਕੋਈ ਅਸਰ ਨਾ ਹੋਇਆ। ਲਖਪਤ ਰਾਏ ਨੇ ਐਲਾਨ ਕਰਵਾਇਆ ਕਿ ਸਿੱਖਾਂ ਨਾਲ ਕੋਈ ਨੇੜਤਾ ਨਾ ਰੱਖੇ ਤੇ ਨਾ ਹੀ ਇਨ੍ਹਾਂ ਦੀ ਬਾਣੀ ਨੂੰ ਪੜ੍ਹੇ, ਗੁੜ ਦੀ ਥਾਂ 'ਰੋੜੀ' ਤੇ ਗ੍ਰੰਥ ਦੀ ਥਾਂ 'ਪੋਥੀ' ਸ਼ਬਦ ਵਰਤਣ ਲਈ ਵੀ ਕਿਹਾ ਗਿਆ। ਇੱਥੇ ਹੀ ਬਸ ਨਹੀਂ, ਉਸ ਨੇ ਪਾਵਨ ਬੀੜਾਂ ਦੀ ਬੇਅਦਬੀ ਕਰਨ ਲੱਗਿਆਂ ਵੀ ਕੋਈ ਕਸਰ ਨਹੀਂ ਛੱਡੀ। ਲਖਪਤ ਰਾਏ ਦੀਆਂ ਇਨ੍ਹਾਂ ਆਪ-ਹੁਦਰੀਆਂ ਦੀ ਖ਼ਬਰ ਜਦੋਂ ਨਵਾਬ ਕਪੂਰ ਸਿੰਘ ਨੂੰ ਮਿਲੀ ਤਾਂ ਉਨ੍ਹਾਂ ਨੇ ਸਿੱਖ ਜਥੇਬੰਦੀਆਂ ਦੇ ਸਿਰਕੱਢ ਆਗੂਆਂ ਨੂੰ ਸੁਨੇਹੇ ਭੇਜੇ ਤੇ ਕਾਹਨੰਵਾਨ ਦੀ ਛੰਭ ਵਿਖੇ ਇਕੱਠੇ ਹੋਣ ਲਈ ਕਿਹਾ। ਛੰਭ ਵਿਚ ਲਗਪਗ 20,000 ਸਿੱਖ ਇਕੱਠੇ ਹੋ ਗਏ, ਜਿਨ੍ਹਾਂ ਵਿਚ ਸ. ਜੱਸਾ ਸਿੰਘ ਆਹਲੂਵਾਲੀਆ, ਸੁੱਖਾ ਸਿੰਘ ਮਾੜੀ ਕੰਬੋਕੇ, ਗੁਰਦਿਆਲ ਸਿੰਘ ਡੱਲੇਵਾਲੀਆ, ਹਰੀ ਸਿੰਘ ਭੰਗੀ, ਸ. ਨੋਧ ਸਿੰਘ ਸ਼ੁਕਰਚਕੀਆ ਆਦਿ ਸਨ। ਦੀਵਾਨ ਲਖਪਤ ਰਾਏ ਨੂੰ ਇਸ ਦਾ ਪਤਾ ਲੱਗਣ 'ਤੇ ਉਹ ਭਾਰੀ ਫ਼ੌਜ ਲੈ ਕੇ (ਯਹੀਆ ਖ਼ਾਨ ਸਮੇਤ) ਹਮਲਾ ਕਰਨ ਲਈ ਛੰਭ ਕੋਲ ਪਹੁੰਚਿਆ ਤੇ ਸਿੱਖਾਂ 'ਤੇ ਤੋਪਾਂ ਦੇ ਗੋਲਿਆਂ ਦਾ ਮੀਂਹ ਵਰਸਾ ਦਿੱਤਾ। ਸਿੱਖਾਂ ਨੇ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ। ਇਹ ਲੜਾਈ ਕਈ ਦਿਨਾਂ ਤੱਕ ਜਾਰੀ ਰਹੀ। ਇਸ ਦੌਰਾਨ ਸਿੱਖਾਂ ਦਾ ਲੰਗਰ ਮਸਤਾਨਾ ਹੋ ਗਿਆ ਤੇ ਸਿੰਘ ਭੁੱਖਣ-ਭਾਣੇ ਲੜਦੇ ਰਹੇ। ਮੁਲਤਾਨ ਦੇ ਵਜ਼ੀਰ ਕੌੜਾ ਮੱਲ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਜੰਮੂ-ਕਸ਼ਮੀਰ ਭੇਜਿਆ ਜਾਣ ਵਾਲਾ ਰਾਸ਼ਨ ਜਾਣਬੁੱਝ ਕੇ ਉਸ ਰਸਤੇ ਭੇਜ ਦਿੱਤਾ ਤੇ ਨਾਲ ਹੀ ਉਸ ਰਾਸ਼ਨ ਨੂੰ ਲੁੱਟ ਲੈਣ ਦਾ ਸੰਦੇਸ਼ (ਗੁਪਤਚਰ ਰਾਹੀਂ) ਭੇਜ ਦਿੱਤਾ। ਸਿੱਖਾਂ ਨੇ ਇਸੇ ਤਰ੍ਹਾਂ ਹੀ ਕੀਤਾ। ਇਸ ਉਪਕਾਰ ਬਦਲੇ ਸਿੱਖ ਇਤਿਹਾਸ ਦੀਵਾਨ ਕੌੜਾ ਮੱਲ ਨੂੰ 'ਮਿੱਠਾ ਮੱਲ' ਕਹਿ ਕੇ ਸਤਿਕਾਰਦਾ ਆ ਰਿਹਾ ਹੈ। ਇਸ ਲੜਾਈ 'ਚ ਲਖਪਤ ਰਾਏ ਦਾ ਪੁੱਤਰ ਹਰਭਜ ਰਾਏ, ਯਹੀਆ ਖ਼ਾਨ ਦਾ ਪੁੱਤਰ ਨਾਹਰ ਖਾਨ ਤੇ ਫ਼ੌਜਦਾਰ ਕਰਮ ਬਖਸ਼ ਸਿੱਖਾਂ ਹੱਥੋਂ ਮਾਰੇ ਗਏ। ਲਗਾਤਾਰ ਸਰਕਾਰੀ ਸਹਾਇਤਾ ਤੇ ਗੋਲੀ ਸਿੱਕਾ ਮਿਲਣ ਕਰਕੇ ਲਖਪਤ ਰਾਏ ਦਾ ਪੱਲੜਾ ਭਾਰੀ ਹੋਣ ਲੱਗਾ। ਉਸ ਨੇ ਜੰਗਲ ਦੇ ਦਰੱਖ਼ਤ ਕਟਵਾ ਕੇ ਉਸ ਦੇ ਚਾਰੇ ਪਾਸੇ ਅੱਗ ਲਵਾ ਦਿੱਤੀ। ਇਕ ਜੇਠ-ਹਾੜ ਦੀ ਤਪਸ਼, ਦੂਜਾ ਜੰਗਲ ਦੀ ਅੱਗ, ਤੀਜਾ ਗੁਰੂ-ਘਰ ਦੇ ਵਿਰੋਧੀ ਪਹਾੜੀ ਰਾਜੇ ਤੇ ਚੌਥਾ ਚੜ੍ਹਦੇ ਪਾਸੇ ਵੱਲ ਸ਼ੂਕਦਾ ਦਰਿਆ ਬਿਆਸ। ਅਜਿਹੇ 'ਚ ਸਿੱਖ ਜਰਨੈਲਾਂ ਨੇ ਮਤਾ ਪਾ ਕੇ ਦੁਸ਼ਮਣ ਨਾਲ ਦੋ-ਦੋ ਹੱਥ ਕਰਨ ਦਾ ਫ਼ੈਸਲਾ ਕੀਤਾ ਅਤੇ ਚੜ੍ਹਦੀ ਕਲਾ ਦੇ ਜੈਕਾਰੇ ਛੱਡੇ ਤੇ ਵੈਰੀਆਂ ਖ਼ਿਲਾਫ਼ ਜੂਝ ਪਏ। ਇਹ ਘੱਲੂਘਾਰਾ 30 ਜੂਨ ਤੱਕ ਚਲਦਾ ਰਿਹਾ, ਜਿਸ ਦੌਰਾਨ 7 ਹਜ਼ਾਰ ਦੇ ਕਰੀਬ ਸਿੱਖ ਸ਼ਹੀਦ ਹੋਏ। 3 ਹਜ਼ਾਰ ਦੇ ਕਰੀਬ ਕੈਦ ਕੀਤੇ ਸਿੱਖਾਂ ਨੂੰ ਲਾਹੌਰ ਸ਼ਹਿਰ ਦੇ ਨਾਖਾਸ ਚੌਕ 'ਚ ਬੜੇ ਵਹਿਸ਼ੀ ਢੰਗ ਨਾਲ ਸ਼ਹੀਦ ਕੀਤਾ ਗਿਆ, ਜਿੱਥੇ ਅੱਜ ਗੁਰਦੁਆਰਾ ਸ਼ਹੀਦ ਗੰਜ ਸਥਾਪਿਤ ਹੈ। ਕੁਝ ਇਤਿਹਾਸਕਾਰ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਗਿਣਤੀ 11 ਹਜ਼ਾਰ ਤੇ ਕੈਦ ਕੀਤੇ ਗਏ ਸਿੱਖਾਂ ਦੀ ਗਿਣਤੀ 2 ਹਜ਼ਾਰ ਵੀ ਦੱਸਦੇ ਹਨ। ਇਸ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ 'ਚ ਕਾਹਨੂੰਵਾਨ (ਗੁਰਦਾਸਪੁਰ) ਵਿਖੇ ਗੁਰਦੁਆਰਾ ਛੋਟਾ ਘੱਲੂਘਾਰਾ ਸੁਸ਼ੋਭਿਤ ਹੈ।

#1348/17/1, ਗਲੀ ਨੰ:8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)।
ਮੋਬਾਈਲ : 9463132719

Ad Position 22
No active advertisement
ਪਿਛਲੀ ਖ਼ਬਰ ਅੰਤਰ-ਜਾਤ ਤੇ ਅੰਤਰ-ਰਾਜ ਰਿਸ਼ਤਿਆਂ ਦੇ ਮੇਲ-ਮਿਲਾਪ ਅਗਲੀ ਖ਼ਬਰ ਪੰਜਾਬ ਦੇ ਲੋਕ ਆਪਣੇ ਵੋਟ ਅਧਿਕਾਰ ਸੰਬੰਧੀ ਸੁਚੇਤ ਹੋਣ
Ad Position 24
No active advertisement