ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਮਿਸ਼ਨਰੀ ਨੂੰ ਨਾਸਤਕ ਬਣਾਉਣ ਵਾਲਾ ਰਹੱਸਮਈ ਕਬੀਲਾ

Ad Position 21
No active advertisement
ਅਜੀਤ ਡੈਸਕ 12-07-2026

ਬ੍ਰਾਜ਼ੀਲ ਦੇ ਐਮਾਜ਼ੋਨ ਜੰਗਲਾਂ ਦੇ ਅਣਗੌਲੇ ਤੇ ਸੰਘਣੇ ਹਨੇਰੇ 'ਚ ਮਾਈਸੀ ਨਦੀ ਦੇ ਕੰਢੇ ਇਕ ਅਜਿਹਾ ਰਹੱਸਮਈ ਆਦਿ ਵਾਸੀ ਕਬੀਲਾ ਵਸਦਾ ਹੈ, ਜਿਸ ਨੇ ਆਧੁਨਿਕ ਸੱਭਿਅਤਾ, ਧਰਮ ਤੇ ਭਾਸ਼ਾ ਵਿਗਿਆਨ ਬਾਰੇ ਸਾਡੀਆਂ ਸਦੀਆਂ ਪੁਰਾਣੀਆਂ ਧਾਰਨਾਵਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ। ਇਸ ਕਬੀਲੇ ਦਾ ਨਾਂਅ 'ਪਿਰਾਹਾ' ਹੈ। ਇਹ ਕਹਾਣੀ ਸਿਰਫ਼ ਇਕ ਕਬੀਲੇ ਦੀ ਨਹੀਂ, ਸਗੋਂ ਉਸ ਟਕਰਾਅ ਦੀ ਹੈ ਜਦੋਂ ਇਕ ਕੱਟੜ ਈਸਾਈ ਮਿਸ਼ਨਰੀ ਉਨ੍ਹਾਂ ਨੂੰ ਰੱਬ ਦਾ ਰਸਤਾ ਦਿਖਾਉਣ ਗਿਆ, ਪਰ 3 ਦਹਾਕਿਆਂ ਬਾਅਦ ਉਹ ਆਪਣੀ ਹੀ ਹੋਂਦ ਗੁਆ ਕੇ ਖਾਲੀ ਹੱਥ ਪਰਤਿਆ।
10 ਦਸੰਬਰ 1977 ਦਾ ਸਮਾਂ ਸੀ। ਸਮਰ ਇੰਸਟੀਚਿਊਟ ਆਫ ਲਿੰਗੁਇਸਟਿਕ (Summer 9nst}tute of *}n{u}st}cs) ਵਲੋਂ ਅਮਰੀਕੀ ਈਸਾਈ ਮਿਸ਼ਨਰੀ ਤੇ ਭਾਸ਼ਾ ਵਿਗਿਆਨੀ ਡੈਨੀਅਲ ਐਵਰੇਟ ਆਪਣੀ ਪਤਨੀ ਤੇ ਛੋਟੇ ਬੱਚਿਆਂ ਸਮੇਤ ਮੌਤ ਦੇ ਖ਼ਤਰਿਆਂ ਨਾਲ ਭਰੇ ਐਮਾਜ਼ੋਨ ਦੇ ਜੰਗਲਾਂ 'ਚ ਉਤਰਿਆ। ਮਕਸਦ ਸਾਫ਼ ਸੀ- ਪਿਰਾਹਾ ਭਾਸ਼ਾ ਸਿੱਖਣੀ, ਬਾਈਬਲ ਦਾ ਅਨੁਵਾਦ ਕਰਨਾ ਤੇ ਇਸ ਕਬੀਲੇ ਨੂੰ ਈਸਾਈ ਧਰਮ ਦਾ ਪਾਠ ਪੜ੍ਹਾਉਣਾ। ਪਿਰਾਹਾ ਲੋਕਾਂ ਨਾਲ ਰਹਿੰਦਿਆਂ ਡੈਨੀਅਲ ਦਾ ਸਾਹਮਣਾ ਇਕ ਅਜਿਹੀ ਦੁਨੀਆ ਨਾਲ ਹੋਇਆ, ਜੋ ਆਧੁਨਿਕ ਮਨੁੱਖ ਦੀ ਸਮਝ ਤੋਂ ਪਰ੍ਹੇ ਸੀ। ਇਨ੍ਹਾਂ ਦੀ ਭਾਸ਼ਾ ਦੁਨੀਆ ਦੀਆਂ ਸਭ ਤੋਂ ਅਨੋਖੀਆਂ ਭਾਸ਼ਾਵਾਂ 'ਚੋਂ ਇਕ ਨਿਕਲੀ। ਇਸ ਵਿਚ ਇਕ, ਦੋ, ਤਿੰਨ ਆਦਿ ਵਰਗੇ ਅੰਕਾਂ ਲਈ ਕੋਈ ਸ਼ਬਦ ਨਹੀਂ ਸੀ, ਉਹ ਸਿਰਫ਼ ਥੋੜ੍ਹਾ ਜਾਂ ਜ਼ਿਆਦਾ ਹੀ ਕਹਿੰਦੇ ਸਨ। ਉਹ ਰੰਗਾਂ ਨੂੰ ਸਿਰਫ਼ ਲਹੂ ਵਰਗਾ ਜਾਂ ਕੱਚਾ ਕਹਿ ਕੇ ਬਿਆਨ ਕਰਦੇ ਸਨ। ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਨ੍ਹਾਂ ਕੋਲ ਦੁਨੀਆ ਦੇ ਬਣਨ ਦੀ ਕੋਈ ਕਹਾਣੀ, ਕੋਈ ਇਤਿਹਾਸ ਜਾਂ ਪੁਰਖਿਆਂ ਦੀਆਂ ਮਿੱਥਾਂ ਨਹੀਂ ਸਨ। ਉਹ ਲੋਕ ਕਦੇ ਵੀ ਆਉਣ ਵਾਲੇ ਕੱਲ੍ਹ ਲਈ ਭੋਜਨ ਬਚਾ ਕੇ ਨਹੀਂ ਰੱਖਦੇ ਸਨ। ਜਦੋਂ ਡੈਨੀਅਲ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦਾ ਸਹਿਜ ਜਵਾਬ ਸੀ, 'ਮੇਰਾ ਭੋਜਨ ਮੇਰੇ ਭਰਾ ਦੇ ਢਿੱਡ ਵਿਚ ਸੁਰੱਖਿਅਤ ਹੈ।'
ਡੈਨੀਅਲ ਨੇ ਦੇਖਿਆ ਕਿ ਪਿਰਾਹਾ ਭਾਸ਼ਾ ਵਿਚ ਉਹ ਬਣਤਰ ਨਹੀਂ ਮਿਲਦੀ ਜਿਸ ਨੂੰ 'ਰੀਕਰਸ਼ਨ' (Recurs}on) ਭਾਵ ਇਕ ਵਾਕ ਦੇ ਅੰਦਰ ਦੂਜਾ ਵਾਕ ਜੋੜਨਾ) ਕਿਹਾ ਜਾਂਦਾ ਹੈ। ਉਸ ਸਮੇਂ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਭਾਸ਼ਾ ਵਿਗਿਆਨੀਆਂ 'ਚੋਂ ਇਕ ਨੌਮ ਚੌਮਸਕੀ ਦਾ 'ਯੂਨੀਵਰਸਲ ਗ੍ਰਾਮਰ' ਸਿਧਾਂਤ ਬਹੁਤ ਪ੍ਰਸਿੱਧ ਸੀ, ਜਿਸ ਅਨੁਸਾਰ 'ਰੀਕਰਸ਼ਨ' ਮਨੁੱਖੀ ਭਾਸ਼ਾ ਦੀ ਇਕ ਸਰਵਵਿਆਪੀ ਵਿਸ਼ੇਸ਼ਤਾ ਹੈ। ਡੈਨੀਅਲ ਦੀ ਇਸ ਖੋਜ ਨੇ ਚੌਮਸਕੀ ਦੇ ਸਿਧਾਂਤ ਨੂੰ ਸਿੱਧੀ ਚੁਣੌਤੀ ਦਿੱਤੀ ਤੇ ਅਕਾਦਮਿਕ ਦੁਨੀਆ 'ਚ ਵੱਡੀ ਬਹਿਸ ਛੇੜ ਦਿੱਤੀ। ਵਿਵਾਦ ਏਨਾ ਵਧ ਗਿਆ ਕਿ ਡੈਨੀਅਲ ਨੂੰ ਝੂਠਾ ਸਾਬਿਤ ਕਰਨ ਲਈ ਦੁਨੀਆ ਦੀ ਸਭ ਤੋਂ ਨਾਮਵਰ ਸੰਸਥਾ ਐਮ.ਆਈ.ਟੀ. ਦੇ ਵਿਗਿਆਨੀਆਂ ਦੀ ਇਕ ਟੀਮ ਕੰਪਿਊਟਰ ਅਤੇ ਆਧੁਨਿਕ ਉਪਕਰਨ ਲੈ ਕੇ ਜੰਗਲ ਵਿਚ ਪਹੁੰਚੀ। ਪਰ ਟੈਸਟ ਕਰਨ ਮਗਰੋਂ ਉਨ੍ਹਾਂ ਦੇ ਹੋਸ਼ ਉੱਡ ਗਏ ਕਿਉਂਕਿ ਡੈਨੀਅਲ ਦੇ ਦਾਅਵੇ ਬਿਲਕੁਲ ਸਹੀ ਨਿਕਲੇ। ਪਿਰਾਹਾ ਭਾਸ਼ਾ ਨੇ ਭਾਸ਼ਾ ਵਿਗਿਆਨ ਦੇ ਖੇਤਰ 'ਚ ਕਈ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਸਨ।
ਵਿਗਿਆਨ ਦੇ ਮੈਦਾਨ 'ਚ ਤਾਂ ਡੈਨੀਅਲ ਨੇ ਇਕ ਵੱਡੀ ਬਹਿਸ ਛੇੜ ਹੀ ਦਿੱਤੀ ਸੀ, ਪਰ ਧਰਮ ਦੇ ਮਾਮਲੇ 'ਚ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਉਸ ਦੀ ਉਡੀਕ ਕਰ ਰਿਹਾ ਸੀ। ਬਹੁਤ ਸਾਲਾਂ ਦੀ ਮਿਹਨਤ ਤੋਂ ਬਾਅਦ ਜਦੋਂ ਡੈਨੀਅਲ ਨੇ ਬਾਈਬਲ ਦਾ ਪਿਰਾਹਾ ਭਾਸ਼ਾ 'ਚ ਅਨੁਵਾਦ ਕੀਤਾ ਤੇ ਰਾਤ ਨੂੰ ਅੱਗ ਦੇ ਸੇਕ ਦੁਆਲੇ ਬੈਠੇ ਕਬੀਲੇ ਨੂੰ ਈਸਾ ਮਸੀਹ ਦੇ ਚਮਤਕਾਰਾਂ ਦੀਆਂ ਕਹਾਣੀਆਂ ਸੁਣਾਈਆਂ ਤਾਂ ਕਬੀਲੇ ਵਾਲਿਆਂ ਦਾ ਸਵਾਲ ਬਹੁਤ ਸਿੱਧਾ ਪਰ ਡੂੰਘਾ ਸੀ, 'ਕੀ ਤੂੰ ਈਸਾ ਮਸੀਹ ਨੂੰ ਅੱਖੀਂ ਦੇਖਿਆ ਹੈ, ਉਹ ਕਾਲਾ ਹੈ ਜਾਂ ਗੋਰਾ?' ਡੈਨੀਅਲ ਨੇ ਕਿਹਾ ਕਿ ਨਹੀਂ, ਈਸਾ ਮਸੀਹ ਤਾਂ ਦੋ ਹਜ਼ਾਰ ਸਾਲ ਪਹਿਲਾਂ ਹੋਏ ਸਨ ਤਾਂ ਪਿਰਾਹਾ ਲੋਕਾਂ ਨੇ ਬੜੇ ਸਪੱਸ਼ਟ ਸ਼ਬਦਾਂ ਵਿਚ ਕਿਹਾ, 'ਜੇ ਤੂੰ ਖ਼ੁਦ ਨਹੀਂ ਦੇਖਿਆ ਹੈ ਤੇ ਨਾ ਹੀ ਕਿਸੇ ਜਿਊਂਦੇ ਇਨਸਾਨ ਨੇ ਦੇਖਿਆ ਤਾਂ ਅਸੀਂ ਇਸ ਗੱਲ 'ਤੇ ਯਕੀਨ ਕਿਉਂ ਕਰੀਏ? ਸਾਨੂੰ ਇਸ ਵਿਚ ਕੋਈ ਦਿਲਚਸਪੀ ਨਹੀਂ।' ਜਦੋਂ ਇਤਿਹਾਸਕ ਕਹਾਣੀਆਂ ਕੰਮ ਨਾ ਆਈਆਂ ਤਾਂ ਡੈਨੀਅਲ ਨੇ 'ਗਵਾਹੀ' ਦਾ ਤਰੀਕਾ ਅਪਣਾਇਆ। ਉਸ ਨੇ ਆਪਣੀ ਦੁਖਦ ਜੀਵਨ ਕਹਾਣੀ ਸੁਣਾਉਂਦਿਆਂ ਦੱਸਿਆ ਕਿ ਕਿਵੇਂ ਉਸ ਦੀ ਮਤਰੇਈ ਮਾਂ ਨੇ ਖ਼ੁਦਕੁਸ਼ੀ ਕੀਤੀ ਤੇ ਫਿਰ ਈਸਾ ਮਸੀਹ ਨੇ ਡੈਨੀਅਲ ਦੀ ਜ਼ਿੰਦਗੀ ਬਚਾਈ। ਪਰ ਅਮਰੀਕੀਆਂ ਵਾਂਗ ਭਾਵੁਕ ਹੋਣ ਦੀ ਬਜਾਏ ਕਬੀਲੇ ਵਾਲੇ ਉੱਚੀ-ਉੱਚੀ ਹੱਸਣ ਲੱਗੇ ਤੇ ਬੋਲੇ, 'ਉਹ ਕਿੰਨੀ ਬੇਵਕੂਫ਼ ਸੀ, ਪਿਰਾਹਾ ਤਾਂ ਖ਼ੁਦ ਨੂੰ ਕਦੇ ਨਹੀਂ ਮਾਰਦੇ।' ਇਹ ਉਨ੍ਹਾਂ ਦਾ 'ਤਤਕਾਲ ਅਨੁਭਵ ਦਾ ਸਿਧਾਂਤ' ਸੀ। ਜੋ ਅੱਖੀਂ ਨਹੀਂ ਦੇਖਿਆ, ਉਹ ਉਨ੍ਹਾਂ ਲਈ ਭਰੋਸੇਯੋਗ ਗਿਆਨ ਦਾ ਆਧਾਰ ਨਹੀਂ ਬਣ ਸਕਦਾ ਸੀ। ਇਸੇ ਕਾਰਨ ਉਨ੍ਹਾਂ ਨੇ ਈਸਾ ਮਸੀਹ ਤੇ ਈਸਾਈ ਧਰਮ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।
ਡੈਨੀਅਲ ਹੈਰਾਨ ਸੀ ਕਿ ਬਿਨਾਂ ਕਿਸੇ ਸੰਗਠਿਤ ਧਰਮ, ਬਿਨਾਂ ਪਵਿੱਤਰ ਗ੍ਰੰਥਾਂ ਤੇ ਬਿਨਾਂ ਸਵਰਗ ਦੇ ਲਾਲਚ ਜਾਂ ਨਰਕ ਦੇ ਭੈਅ ਦੇ ਵੀ ਪਿਰਾਹਾ ਲੋਕ ਆਪਣੇ ਜੀਵਨ ਨਾਲ ਅਸਾਧਾਰਨ ਤੌਰ 'ਤੇ ਸੰਤੁਸ਼ਟ ਤੇ ਖ਼ੁਸ਼ ਸਨ। ਡੈਨੀਅਲ ਦੇ ਅਨੁਭਵ ਅਨੁਸਾਰ ਉਨ੍ਹਾਂ ਦੇ ਜੀਵਨ 'ਚ ਉਹ ਮਾਨਸਿਕ ਤਣਾਅ ਤੇ ਚਿੰਤਾ ਨਾਮਾਤਰ ਸੀ, ਜੋ ਆਧੁਨਿਕ ਸਮਾਜ 'ਚ ਆਮ ਹੋ ਚੁੱਕੀ ਹੈ। ਜੰਗਲ ਵਿਚ ਖ਼ਤਰਨਾਕ ਸੱਪਾਂ ਤੇ ਹੋਰ ਜਾਨਵਰਾਂ ਦੇ ਡਰ ਕਾਰਨ ਉਹ ਲਗਾਤਾਰ ਡੂੰਘੀ ਨੀਂਦ ਨਹੀਂ ਸੌਂਦੇ ਸਨ, ਸਗੋਂ ਰਾਤਾਂ ਨੂੰ ਹੱਸਦੇ, ਜਾਗਦੇ ਤੇ ਗੱਲਾਂ ਕਰਦੇ ਰਹਿੰਦੇ ਸਨ। ਇਸੇ ਤੋਂ ਪ੍ਰਭਾਵਿਤ ਹੋ ਕੇ ਡੈਨੀਅਲ ਨੇ ਆਪਣੀ ਪ੍ਰਸਿੱਧ ਕਿਤਾਬ ਦਾ ਨਾਂਅ 'ਡੌਂਟ ਸਲੀਪ, ਦਿਅਰ ਆਰ ਸਨੇਕਸ' (4on@t S&eep, "here 1re Snakes) ਰੱਖਿਆ, ਜਿਸ ਦਾ ਅਰਥ ਹੈ 'ਸੌਂ ਨਾ ਜਾਣਾ, ਇੱਥੇ ਸੱਪ ਹਨ'। ਇਸ ਕਬੀਲੇ ਦੀ ਯਥਾਰਥਵਾਦੀ ਸੋਚ ਏਨੀ ਸਪੱਸ਼ਟ ਸੀ ਕਿ ਉਹ ਮੌਤ ਨੂੰ ਵੀ ਜ਼ਿੰਦਗੀ ਦਾ ਇਕ ਆਮ ਹਿੱਸਾ ਮੰਨਦੇ ਸਨ। ਇਕ ਵਾਰ ਜਦੋਂ ਡੈਨੀਅਲ ਦੀ ਪਤਨੀ ਗੰਭੀਰ ਬਿਮਾਰੀ ਕਾਰਨ ਮੌਤ ਦੇ ਕੰਢੇ ਸੀ ਤੇ ਉਹ ਉਸ ਨੂੰ ਕਿਸ਼ਤੀ ਰਾਹੀਂ ਹਸਪਤਾਲ ਲਿਜਾ ਰਿਹਾ ਸੀ ਤਾਂ ਕਬੀਲੇ ਵਾਲੇ ਹਮਦਰਦੀ ਦਿਖਾਉਣ ਜਾਂ ਰੋਣ ਦੀ ਬਜਾਏ, ਉਸ ਤੋਂ ਆਪਣੇ ਲਈ ਕੁਝ ਸਾਮਾਨ, ਮਾਚਿਸ ਆਦਿ ਲਿਆਉਣ ਦੀ ਮੰਗ ਕਰ ਰਹੇ ਸਨ। ਉਹ ਬੇਦਰਦ ਨਹੀਂ ਸਨ, ਬਲਕਿ ਉਨ੍ਹਾਂ ਦਾ ਸਿੱਧਾ ਜਿਹਾ ਫ਼ਲਸਫ਼ਾ ਸੀ, ਕਿ ਕਿਸੇ ਦੇ ਮਰਨ ਨਾਲ ਜੀਵਨ ਨਹੀਂ ਰੁਕਦਾ ਤੇ ਅਗਲੇ ਦਿਨ ਪੇਟ ਭਰਨ ਲਈ ਮੱਛੀਆਂ ਫੜਨ ਜਾਣਾ ਹੀ ਪੈਂਦਾ ਹੈ।
ਤਿੰਨ ਦਹਾਕਿਆਂ ਤੱਕ ਇਸ ਕਬੀਲੇ ਦੀ ਸੰਤੁਸ਼ਟੀ ਤੇ ਕੁਦਰਤ ਨਾਲ ਤਾਲਮੇਲ ਨੂੰ ਦੇਖਦੇ ਹੋਇਆ ਡੈਨੀਅਲ ਦੇ ਆਪਣੇ ਅੰਦਰ ਇਕ ਖ਼ਾਮੋਸ਼ ਤੂਫ਼ਾਨ ਚੱਲ ਰਿਹਾ ਸੀ। ਆਖ਼ਰ ਉਸ ਦਾ ਆਪਣੇ ਧਰਮ ਤੋਂ ਭਰੋਸਾ ਉੱਠ ਗਿਆ। ਉਸ ਨੇ ਮਹਿਸੂਸ ਕੀਤਾ ਕਿ ਉਹ ਇਨ੍ਹਾਂ ਲੋਕਾਂ ਨੂੰ ਉਹ ਚੀਜ਼ ਦੇਣ ਆਇਆ ਸੀ, ਜਿਸ ਦੀ ਇਨ੍ਹਾਂ ਨੂੰ ਕਦੇ ਲੋੜ ਹੀ ਨਹੀਂ ਸੀ। ਨਤੀਜੇ ਵਜੋਂ ਡੈਨੀਅਲ ਨਾਸਤਿਕ ਬਣ ਗਿਆ, ਪਰ ਲਗਭਗ 20 ਸਾਲ ਤੱਕ ਉਸ ਨੇ ਇਸ ਗੱਲ ਨੂੰ ਲੁਕਾ ਕੇ ਰੱਖਿਆ, ਕਿਉਂਕਿ ਉਸ ਦੀ ਪੂਰੀ ਜ਼ਿੰਦਗੀ, ਕਰੀਅਰ ਤੇ ਪਰਿਵਾਰ ਧਰਮ 'ਤੇ ਹੀ ਟਿਕੇ ਹੋਏ ਸਨ। ਪਰ ਜਦੋਂ ਸੱਚਾਈ ਸਾਹਮਣੇ ਆਈ ਤਾਂ ਉਸ ਦੀ ਕੱਟੜ ਈਸਾਈ ਪਤਨੀ ਨੇ ਤਲਾਕ ਲੈ ਲਿਆ ਤੇ ਉਸ ਦਾ ਹੱਸਦਾ-ਵਸਦਾ ਪਰਿਵਾਰ ਬਿਖਰ ਗਿਆ। ਡੈਨੀਅਲ ਨੇ ਅੰਤ ਵਿਚ ਲਿਖਿਆ, 'ਮੈਂ ਆਪਣਾ ਵਿਸ਼ਵਾਸ ਗੁਆ ਦਿੱਤਾ ਤਾਂ ਜੋ ਮੈਂ ਆਪਣੀ ਆਜ਼ਾਦੀ ਪਾ ਸਕਾਂ।' ਐਮਾਜ਼ੋਨ ਦੇ ਜੰਗਲਾਂ 'ਚ ਵਸਦਾ ਇਹ ਛੋਟਾ ਜਿਹਾ ਕਬੀਲਾ ਸਾਨੂੰ ਇਹ ਜ਼ਰੂਰ ਸਿਖਾਉਂਦਾ ਹੈ ਕਿ ਕਈ ਵਾਰ ਸਭ ਤੋਂ ਵੱਡੀ ਸਿਆਣਪ ਵੱਡੀਆਂ-ਵੱਡੀਆਂ ਕਿਤਾਬਾਂ, ਸਿਧਾਂਤਾਂ ਜਾਂ ਧਾਰਮਿਕ ਉਪਦੇਸ਼ਾਂ 'ਚ ਨਹੀਂ, ਸਗੋਂ ਜੀਵਨ ਨੂੰ ਉਸ ਦੇ ਸਹਿਜ, ਕੁਦਰਤੀ ਰੂਪ ਵਿਚ ਤੇ ਸਿਰਫ਼ 'ਅੱਜ' ਵਿਚ ਜੀਣ ਦੀ ਕਲਾ 'ਚ ਲੁਕੀ ਹੁੰਦੀ ਹੈ।

-ਪਿੰਡ ਝੁਨੀਰ, ਜ਼ਿਲ੍ਹਾ ਮਾਨਸਾ-151506
ਮੋਬਾਈਲ : +919876968193

Ad Position 22
No active advertisement
ਪਿਛਲੀ ਖ਼ਬਰ Var ਅਗਲੀ ਖ਼ਬਰ ਖ਼ਤਰਨਾਕ ਹੈ ਮੋਬਾਈਲਾਂ 'ਚ ਬਚਪਨ ਦਾ ਕੈਦ ਹੋਣਾ
Ad Position 24
No active advertisement