ਮੋਗਾ, 16 ਮਈ (ਸੁਰਿੰਦਰਪਾਲ ਸਿੰਘ)-ਲੋਕ ਸਾਹਿਤ ਅਕਾਦਮੀ ਮੋਗਾ ਵਲੋਂ ਸੁਤੰਤਰਤਾ ਸੈਨਾਨੀ ਭਵਨ ਵਿਖੇ ਪ੍ਰਭਾਵਸ਼ਾਲੀ ਸਮਾਗਮ ਵਿਚ ਵਿਅੰਗਕਾਰ ਕੇ.ਐਲ. ਗਰਗ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਡਾ. ਅਜੀਤਪਾਲ ਜਟਾਣਾ ਜ਼ਿਲ੍ਹਾ ਭਾਸ਼ਾ ਅਫ਼ਸਰ, ਡਾ. ਸੁਰਜੀਤ ਬਰਾੜ ਘੋਲੀਆ, ਗੁਰਚਰਨ ਸਿੰਘ ਸੰਘਾ, ਹਰਚਰਨ ਸਿੰਘ ਸੰਧੂ ਸਾਬਕਾ ਪੀ.ਸੀ.ਐਸ., ਮਨਧੀਰ ਕੌਰ ਮਨੂੰ ਕੈਨੇਡਾ, ਲੈਫ. ਕਰਨਲ ਬਾਬੂ ਸਿੰਘ ਤੇ ਹੋਰ ਸਾਹਿਤਕਾਰਾਂ ਨੇ ਹਰਚਰਨ ਸਿੰਘ ਸੰਧੂ ਸਾਬਕਾ ਪੀ.ਸੀ.ਐਸ. ਵਲੋਂ ਲਿਖੀ ਪਲੇਠੀ ਕਾਵਿ ਪੁਸਤਕ ਜਿਨ੍ਹਾਂ ਨੈਣ ਨੀਂਦ੍ਰਾਵਲੇ ਲੋਕ ਅਰਪਣ ਕੀਤੀ | ਹਰਚਰਨ ਸਿੰਘ ਸੰਧੂ ਨੇ ਮੋਗਾ ਵਿਖੇ ਬਤੌਰ ਐਸ.ਡੀ.ਐਮ. ਸੇਵਾ ਨਿਭਾਈ ਹੈ | ਮੰਚ ਦਾ ਸੰਚਾਲਨ ਨੌਜਵਾਨ ਸ਼ਾਇਰ ਚਰਨਜੀਤ ਸਮਾਲਸਰ ਨੇ ਕੀਤਾ | ਸਮਾਗਮ ਨੂੰ ਰਸਮੀ ਤੌਰ 'ਤੇ ਅੱਗੇ ਵਧਾਉਂਦੇ ਹੋਏ ਉੱਘੇ ਆਲੋਚਕ ਡਾ. ਸੁਰਜੀਤ ਬਰਾੜ ਘੋਲੀਆ ਨੇ ਹਰਚਰਨ ਸਿੰਘ ਸੰਧੂ ਦੀ ਕਿਤਾਬ ਬਾਰੇ ਬੋਲਦਿਆਂ ਸਾਹਿਤਕ ਖੇਤਰ ਵਿਚ ਪ੍ਰਵੇਸ਼ ਕਰਨ 'ਤੇ ਵਧਾਈ ਦਿੱਤੀ | ਉਨ੍ਹਾਂ ਕਿਹਾ ਸੰਧੂ ਸਾਹਿਬ ਆਪਣੇ ਤਜਰਬੇ ਦੇ ਆਧਾਰ 'ਤੇ ਪੰਜਾਬੀ ਸਾਹਿਤ ਵਿਚ ਹੋਰ ਯੋਗਦਾਨ ਪਾਉਣਗੇ | ਉਨ੍ਹਾਂ ਕਿਹਾ ਸੰਧੂ ਨੇ ਪੁਸਤਕ ਵਿਚ ਗੀਤਾਂ ਗ਼ਜ਼ਲਾਂ ਤੇ ਕਵਿਤਾਵਾਂ ਰਾਹੀਂ ਸਮਾਜਿਕ ਮਸਲਿਆਂ ਦੇ ਨਾਲ ਰਾਜਨੀਤਕ ਕਦਰਾਂ ਕੀਮਤਾਂ ਨੂੰ ਉਭਾਰਿਆ | ਸਾਹਿਤਕਾਰ ਕੇ.ਐਲ. ਗਰਗ, ਬਲਦੇਵ ਸਿੰਘ ਸੜਕਨਾਮਾ, ਡਾ. ਅਜੀਤਪਾਲ ਸਿੰਘ ਜਟਾਣਾ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਵਧਾਈ ਦਿੰਦਿਆਂ ਉੱਜਲ ਭਵਿੱਖ ਦੀ ਕਾਮਨਾ ਕੀਤੀ | ਮਨਧੀਰ ਕੌਰ ਮਨੂੰ ਸੰਚਾਲਕ ਰੇਡੀਉ/ਟੀ.ਵੀ. ਆਪਣਾ ਵਿੰਨੀਪਿਗ ਕੈਨੇਡਾ ਨੇ ਸੰਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਪਿੰਡ ਮਾਣੂੰਕੇ ਦੇ ਜੰਮਪਲ ਹਰਚਰਨ ਸਿੰਘ ਸੰਧੂ ਨੂੰ ਪ੍ਰਸ਼ਾਸਨਿਕ ਸੇਵਾਵਾਂ ਨਿਭਾਉਣ ਤੇ ਸਾਹਿਤ ਦੇ ਖੇਤਰ ਵਿਚ ਪ੍ਰਵੇਸ਼ ਕਰਨ ਦਾ ਮੌਕਾ ਮਿਲਿਆ ਤੇ ਉਨ੍ਹਾਂ ਦਾ ਆਪਣਾ ਵੀ ਪਿੰਡ ਮਾਣੂੰਕੇ ਹੈ ਤੇ ਉਹ ਖ਼ੁਦ ਕੈਨੇਡਾ ਵਿਚ ਪਿਛਲੇ 35 ਸਾਲ ਤੋਂ ਰੇਡੀਉ/ਟੀ.ਵੀ. ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਹੈ | ਇਸ ਮੌਕੇ ਕਹਾਣੀਕਾਰ ਗੁਰਮੀਤ ਕੜਿਆਲਵੀ, ਮਾਸਟਰ ਪ੍ਰੇਮ ਕੁਮਾਰ, ਚਰਨਜੀਤ ਸਲੀਣਾ, ਜੰਗੀਰ ਸਿੰਘ ਖੋਖਰ, ਕੁਲਵਿੰਦਰ ਸਿੰਘ ਦਲਗੀਰ, ਸੋਨੂ ਸੁਲਤਾਨ ਸ੍ਰੀ ਤਰਨਤਾਰਨ ਸਾਹਿਬ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ. ਮੋਗਾ ਅਤੇ ਹੋਰ ਬਹੁਤ ਸਾਰੇ ਸਾਹਿਤਕਾਰ ਹਾਜ਼ਰ ਸਨ |