ਧਰਮਕੋਟ, 20 ਮਈ (ਪਰਮਜੀਤ ਸਿੰਘ)-ਸ਼ਹਿਰ ਦੀਆਂ ਸਭ ਤੋਂ ਵਿਅਸਤ ਸੜਕਾਂ ਵਿਚੋਂ ਸੜਕ ਰਜਿੰਦਰ ਰੋਡ ਦੀ ਸੜਕ ਇਸ ਸਮੇਂ ਆਪਣੀ ਬਹੁਤ ਹੀ ਖ਼ਰਾਬ ਹਾਲਤ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਇਹ ਸੜਕ ਨਾ ਸਿਰਫ਼ ਆਵਾਜਾਈ ਲਈ ਮਹੱਤਵਪੂਰਨ ਹੈ ਸਗੋਂ ਇਹ ਸੜਕ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਸੜਕ ਦੇ ਉੱਪਰੋਂ ਲੰਘ ਕੇ ਹੀ ਸਵਾਰੀਆਂ ਨੂੰ ਬੱਸ ਅੱਡੇ ਤੇ ਜਾਣਾ ਪੈਂਦਾ ਹੈ | ਗੌਰਤਲਬ ਹੈ ਕਿ ਇਸ ਹੀ ਸੜਕ ਦੇ ਉੱਪਰ ਪੰਜਾਬ ਗ੍ਰਾਮੀਣ ਬੈਂਕ ਅਤੇ ਵੱਡੇ ਵੱਡੇ ਸ਼ੋ-ਰੂਮ ਵੀ ਹਨ ਇਸ ਦੇ ਬਾਵਜੂਦ ਸੜਕ ਦੀ ਮੌਜੂਦਾ ਹਾਲਤ ਇੰਨੀ ਮਾੜੀ ਹੈ ਕਿ ਇੱਥੇ ਹਰ ਰੋਜ਼ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਸੜਕ ਤੇ ਕਈ ਥਾਵਾਂ 'ਤੇ ਵੱਡੇ ਵੱਡੇ ਟੋਏ ਪਏ ਹੋਏ ਹਨ ਜੋ ਆਵਾਜਾਈ ਲਈ ਵੱਡੀ ਰੁਕਾਵਟ ਬਣ ਰਹੇ ਹਨ | ਇੱਥੇ ਇਕ ਗੱਲ ਇਹ ਵੀ ਜ਼ਿਕਰਯੋਗ ਹੈ ਕਿ ਇਸ ਸੜਕ ਤੋਂ ਉੱਪਰੋਂ ਲੰਘ ਕੇ ਹੀ ਪਿੰਡ ਲੋਹਗੜ੍ਹ ਮੇਨ ਹਾਈਵੇ ਭਾਰਤ ਮਾਲਾ ਪ੍ਰੋਜੈਕਟ ਰੋਡ ਐਨ ਐਚ 71 ਰੋਡ ਅਤੇ ਪਿੰਡ ਬੱਡੂਵਾਲ, ਇੰਦਰਗੜ੍ਹ, ਕਿਸ਼ਨਪੁਰਾ ਦੇ ਰਾਹੀਂ ਲੁਧਿਆਣਾ ਜਾਣ ਲਈ ਸ਼ਹਿਰ ਨਿਵਾਸੀਆਂ ਨੂੰ ਇਸ ਰਾਜਿੰਦਰਾ ਰੋਡ ਸੜਕ ਦੇ ਉੱਪਰੋਂ ਗੁਜ਼ਰਨਾ ਪੈਂਦਾ ਹੈ | ਰਾਜਿੰਦਰਾ ਰੋਡ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਣਗਿਣਤ ਵਹੀਕਲ ਲੰਘਦੇ ਹਨ ਤਕਰੀਬਨ ਤਕਰੀਬਨ ਇਸ ਸੜਕ ਦੇ ਉੱਪਰੋਂ ਧਰਮਕੋਟ ਦੀ ਅਫ਼ਸਰ ਸ਼ਾਹੀ ਵੀ ਲੰਘ ਕੇ ਜਾਂਦੀ ਹੈ | ਪਰ ਮਜਾਲ ਹੈ ਕਿ ਕੋਈ ਇਸ ਸੜਕ ਦੀ ਸਾਰ ਲੈ ਲਵੇ ਪ੍ਰਸ਼ਾਸਨ ਦੀ ਲਾਪਰਵਾਹੀ ਕਹਿ ਲਓ ਜਾਂ ਅਣਗਹਿਲੀ ਕਹਿ ਲਵੋ ਇਸ ਸੜਕ ਦੀ ਸਾਰ ਲੈਣ ਵਾਲਾ ਹਾਲੇ ਤੱਕ ਤਾਂ ਕੋਈ ਨਜ਼ਰ ਨਹੀਂ ਆ ਰਿਹਾ ਇਸੇ ਹੀ ਸੜਕ ਤੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਕਹਾਉਂਦਾ ਦਾ ਦਫ਼ਤਰ ਵੀ ਹੈ, ਦੇਖਣ ਦੇ ਵਿਚ ਤਾਂ ਇਹ ਵੀ ਆਇਆ ਹੈ ਕਿ ਇਸ ਸੜਕ 'ਤੇ ਆਈ ਲਵ ਯੂ ਧਰਮਕੋਟ ਦਾ ਬੋਰਡ ਵੀ ਬਹੁਤ ਸੋਹਣਾ ਕਰਕੇ ਲਗਾਇਆ ਗਿਆ ਹੈ, ਪ੍ਰੰਤੂ ਰਜਿੰਦਰਾ ਰੋਡ ਦੀ ਸੜਕ ਆਪਣੇ ਹਾਲਾਤਾਂ ਤੇ ਅੱਥਰੂ ਵਹਾ ਰਹੀ ਹੈ ਕਾਂਗਰਸ ਸਰਕਾਰ ਦੇ ਵੇਲੇ ਬਣੀ ਇਹ ਸੜਕ ਕਹਿਣ ਨੂੰ ਤਾਂ ਇਸ ਸੜਕ ਦੇ ਵਿਚਾਲੇ ਡਿਵਾਈਡਰ ਵੀ ਹੈ, ਪਰ ਇਸ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ, ਪਿੱਛੇ ਜਿਹੇ ਧਰਮਕੋਟ ਸ਼ਹਿਰ ਦੇ ਵਿਚ ਬਹੁਤ ਵੱਡਾ ਇਕ ਨਗਰ ਕੀਰਤਨ ਦਾ ਪ੍ਰੋਗਰਾਮ ਸੀ ਉਸ ਵੇਲੇ ਅਫ਼ਸਰ ਸ਼ਾਹੀ ਦੇ ਮਨ ਵਿਚ ਕੁਛ ਮਿਹਰ ਪਈ ਤਾਂ ਉਨ੍ਹਾਂ ਨੇ ਤੁਥ ਮੁੱਥ ਕਰਕੇ ਪੈਚ ਲਾ ਦਿੱਤੇ ਜੋ ਕਿ ਹੁਣ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ | ਜਦੋਂ ਇਸ ਸਬੰਧੀ ਅਮਰਇੰਦਰ ਸਿੰਘ ਦੇ ਨਾਲ ਫ਼ੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਰਾਜਿੰਦਰਾ ਰੋਡ ਦੀ ਸੜਕ ਦਾ ਟੈਂਡਰ ਪਾਇਆਂ ਹੋਇਆ ਹੈ, ਚੋਣ ਜ਼ਾਬਤਾ ਲਾਗੂ ਹੋਣ ਕਾਰਨ ਅਸੀਂ ਹਾਲੇ ਰੁਕੇ ਹੋਏ ਹਾਂ ਜਿਵੇਂ ਹੀ ਵੋਟਾਂ ਖ਼ਤਮ ਹੁੰਦੀਆਂ ਹਨ ਤਾਂ ਇਹ ਸੜਕ ਨੂੰ ਪਹਿਲ ਦੇ ਅਧਾਰ 'ਤੇ ਬਣਾ ਦਿੱਤਾ ਜਾਵੇਗਾ ਤਾਂ ਕਿ ਕਿਸੇ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |