ਬੱਧਨੀ ਕਲਾਂ, 20 ਮਈ (ਸੰਜੀਵ ਕੋਛੜ)-ਹਲਕਾ ਨਿਹਾਲ ਸਿੰਘ ਵਾਲਾ ਵਿਚ ਸਿੱਖਿਆ ਕ੍ਰਾਂਤੀ ਦਾ ਪੂਰੀ ਤਰ੍ਹਾਂ ਦੀਵਾਲ਼ਾ ਨਿਕਲ ਚੁੱਕਿਆ ਹੈ, ਲਗਭਗ ਹਲਕੇ ਦੇ ਪੰਜਾਬ ਫ਼ੀਸਦੀ ਸਰਕਾਰੀ ਸਕੂਲਾਂ ਵਿਚ ਮੁੱਖ ਅਧਿਆਪਕ, ਪਿ੍ੰਸੀਪਲ ਅਤੇ ਸਟਾਫ਼ ਦੀ ਕਮੀ ਹੈ | ਇਹ ਪ੍ਰਗਟਾਵਾ ਸ਼੍ਰੋ. ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਕਰਦਿਆਂ ਕਿਹਾ ਕਿ ਅਜਿਹੀ ਸਥਿਤੀ ਵਿਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਰੋੜਾਂ ਰੁਪਏ ਇਸ਼ਤਿਹਾਰਾਂ ਤੇ ਖ਼ਰਚ ਕਰਕੇ ਕਿਸ ਸਿੱਖਿਆ ਕ੍ਰਾਂਤੀ ਦੀ ਮਸ਼ਹੂਰੀ ਕਰ ਰਹੀ ਹੈ, ਜਦ ਕਿ ਇਸ ਹਲਕੇ ਦੇ ਵਿਦਿਆਰਥੀਆਂ ਦਾ ਭਵਿੱਖ ਪੂਰੀ ਤਰਾਂ ਹਨੇਰੇ ਵਿਚ ਹੈ, ਸਰਕਾਰ ਦਾ ਬੱਚਿਆਂ ਨੂੰ ਉੱਚ ਪੱਧਰ ਦੀ ਸਿੱਖਿਆ ਦੇਣ ਦੀ ਬਜਾਏ ਪ੍ਰਚਾਰ 'ਤੇ ਜ਼ਿਆਦਾ ਜੋਰ ਲੱਗਾ ਹੋਇਆ ਹੈ ਅਤੇ ਸਿੱਖਿਆ ਅਭਿਆਨ ਦੇ ਨਾਂ ਹੇਠ ਕੇਂਦਰ ਦੀਆਂ ਕਰੋੜਾਂ ਰੁਪਈਆਂ ਦੀਆਂ ਗਰਾਂਟਾਂ ਦੀ ਦੁਰਵਰਤੋਂ ਸ਼ਰੇਆਮ ਕੀਤੀ ਜਾ ਰਹੀ ਹੈ ਜਿਸ ਦਾ ਹਿਸਾਬ ਲੈਣ ਵਾਲਾ ਕੋਈ ਨਹੀਂ ਹੈ | ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਸੱਚਮੁੱਚ ਹੀ ਪੰਜਾਬ ਦੇ ਬੱਚਿਆਂ ਦਾ ਚੰਗਾ ਭਵਿੱਖ ਬਣਾਉਣਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸਾਰੇ ਸਰਕਾਰੀ ਸਕੂਲਾਂ ਵਿਚ ਸਟਾਫ਼ ਪੂਰਾ ਕਰਦਿਆਂ ਪਿ੍ੰਸੀਪਲ ਨਿਯੁਕਤ ਕੀਤੇ ਜਾਣ ਤਾਂ ਜੋ ਇੰਨਾ ਸੰਸਥਾਵਾਂ ਦੀ ਦੇਖਰੇਖ ਅਤੇ ਗਰੀਬ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਕੇ ਉਨ੍ਹਾਂ ਨੂੰ ਅੱਜ ਦੇ ਸਮੇਂ ਦੇ ਹਾਣੀ ਬਣਾਇਆ ਜਾ ਸਕੇ | ਹਲਕਾ ਇੰਚਾਰਜ ਨੇ ਸੈਕਟਰੀ ਐਜੂਕੇਸ਼ਨ ਅਤੇ ਸਿੱਖਿਆ ਮੰਤਰੀ ਤੋਂ ਇਹ ਮੰਗ ਕੀਤੀ ਹੈ ਕਿ ਨਿਹਾਲ ਸਿੰਘ ਵਾਲਾ ਦੇ ਕੁੱਲ ਸਕੂਲਾਂ ਦੇ ਲਗਭਗ 50 ਫ਼ੀਸਦੀ ਸਕੂਲਾਂ ਵਿਚ ਸਟਾਫ਼ ਅਤੇ ਪਿ੍ੰਸੀਪਲ ਬਕਾਇਦਾ ਨਿਯੁਕਤ ਕੀਤੇ ਜਾਣ ਤਾਂ ਕਿ ਬੱਚਿਆਂ ਦਾ ਭਵਿੱਖ ਉਜਲ ਹੋ ਸਕੇ | ਉਨ੍ਹਾਂ ਸਰਕਾਰ ਨੂੰ ਇਹ ਵੀ ਬੇਨਤੀ ਕੀਤੀ ਕਿ ਅਧਿਆਪਕਾਂ ਤੋਂ ਸਿਰਫ਼ ਪੜਨ ਦਾ ਪੜਾਉਣ ਦਾ ਹੀ ਕੰਮ ਲਿਆ ਜਾਵੇ ਇਨ੍ਹਾਂ ਨੂੰ ਹੋਰ ਕਾਗ਼ਜ਼ੀ ਕਾਰਵਾਈਆਂ ਦੇ ਵਿਚ ਜ਼ਿਆਦਾ ਮਸਰੂਫ਼ ਨਾ ਕੀਤਾ ਜਾਵੇ ਤਾਂ ਕਿ ਅਧਿਆਪਕ ਆਪਣੀ ਡਿਊਟੀ ਬੱਚਿਆਂ ਨੂੰ ਪੜਾਉਣ ਦੇ ਦੀ ਤਨਦੇਹੀ ਦੇ ਨਾਲ ਨਿਭਾ ਸਕਣ |