ਮੋਗਾ, 20 ਮਈ (ਗੁਰਤੇਜ ਸਿੰਘ, ਜਸਪਾਲ ਸਿੰਘ ਬੱਬੀ)-ਆਉਣ ਵਾਲੀ 26 ਮਈ ਨੂੰ ਮੋਗਾ ਸ਼ਹਿਰ ਦੀ ਮਿੰਨੀ ਪਾਰਲੀਮੈਂਟ ਅਤੇ ਵਿਕਾਸ ਦਾ ਧੁਰਾ ਵਜੋਂ ਜਾਣੀ ਜਾਂਦੀ ਨਗਰ ਨਿਗਮ ਮੋਗਾ ਦੀਆਂ ਚੋਣਾਂ ਹੋਣੀਆਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰ ਵਾਰਡ ਤੋਂ ਹੀ ਚੋਣ ਲੜ ਰਹੇ ਹਨ ਅਤੇ ਹਰੇਕ ਉਮੀਦਵਾਰ ਨੂੰ ਸ਼ਹਿਰ ਵਾਸੀਆਂ ਵਲੋਂ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ ਅਤੇ ਨਗਰ ਨਿਗਮ ਮੋਗਾ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਮੇਅਰ ਚੁਣ ਕੇ ਸ਼ਹਿਰ ਅੰਦਰ ਵਿਕਾਸ ਦੀ ਹਨੇਰੀ ਲਿਆਂਦੀ ਜਾਵੇਗੀ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਨਗਰ ਨਿਗਮ ਮੋਗਾ ਅੰਦਰ ਧੱਕੇ ਨਾਲ ਕਾਬਜ਼ ਹੋ ਕੇ ਸੱਤਾਧਾਰੀ ਸਰਕਾਰ ਦਾ ਮੇਅਰ ਹੋਣ ਦੇ ਬਾਵਜੂਦ ਵੀ ਸ਼ਹਿਰ ਵਿਕਾਸ ਪੱਖੋਂ ਪਛੜ ਗਿਆ ਅਤੇ ਸ਼ਹਿਰ ਦੇ ਸੁੰਦਰੀਕਰਨ ਨੂੰ ਉਲਟਾ ਵਿਕਾਸ ਦਾ ਨਾਂਅ ਦੇ ਕੇ ਕਰੋੜਾਂ ਰੁਪਏ ਹੜੱਪ ਗਏ ਅਤੇ ਸ਼ਹਿਰ ਵਾਸੀਆਂ ਦੇ ਪੈਸੇ ਦੀ ਬਰਬਾਦੀ ਕਰਨ ਦੇ ਨਾਲ ਨਗਰ ਨਿਗਮ ਭਿ੍ਸ਼ਟਾਚਾਰ ਦਾ ਕੇਂਦਰ ਬਣਿਆ ਰਿਹਾ ਜਦ ਕਿ ਸ਼ਹਿਰ ਵਾਸੀ ਬੁਨਿਆਦੀ ਸਹੂਲਤਾਂ ਨੂੰ ਤਰਸਦੇ ਰਹੇ | ਸੰਜੀਤ ਸਿੰਘ ਸਨੀ ਗਿੱਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਗਰ ਨਿਗਮ ਦੀਆਂ ਚੋਣਾਂ ਕਾਨੂੰਨ ਦੀ ਮਰਿਆਦਾ ਵਿਚ ਰਹਿ ਕੇ ਲੜ ਰਿਹਾ ਹੈ ਅਤੇ ਜੇਕਰ ਸੱਤਾਧਾਰੀ ਸਰਕਾਰ ਨੇ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਉਸ ਦਾ ਮੂੰਹ ਤੋੜ ਜਵਾਬ ਦੇਵੇਗਾ ਅਤੇ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਲੋਕ ਹੁਣ ਆਪ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਲੋਕ ਇਨ੍ਹਾਂ ਝਾੜੂ ਵਾਲਿਆਂ ਨੂੰ ਮੂੰਹ ਨਹੀਂ ਲਗਾ ਰਹੇ | ਇਸ ਲਈ ਆਪ ਪਾਰਟੀ ਆਪਣੀ ਹਾਰ ਕਬੂਲ ਕਰ ਚੁੱਕੀ ਹੈ ਤੇ ਉਹ ਨਗਰ ਨਿਗਮ ਦੀਆਂ ਚੋਣਾਂ ਧੱਕੇ ਨਾਲ ਜਿੱਤਣ ਦੀ ਕੋਸ਼ਿਸ਼ ਕਰਨਗੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ ਅਤੇ ਜਿੱਤ ਪ੍ਰਾਪਤ ਕਰਨਗੇ |