ਕੋਟ ਈਸੇ ਖਾਂ, 20 ਮਈ (ਗੁਰਮੀਤ ਸਿੰਘ ਖ਼ਾਲਸਾ)-ਸ਼ਹਿਰ ਕੋਟ ਈਸੇ ਖਾਂ ਦਾ ਧੁਰਾ ਗਿਣੇ ਜਾਂਦੇ ਵਾਰਡ ਨੰਬਰ 6 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਨਗਰ ਪੰਚਾਇਤ ਦੇ ਵਾਈਸ ਸਾਬਕਾ ਵਾਈਸ ਪ੍ਰਧਾਨ ਸੁਮਿਤ ਕੁਮਾਰ ਬਿੱਟੂ ਮਲਹੋਤਰਾ ਵਲੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਕੀਤੀ ਗਈ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਜਾਪ ਉਪਰੰਤ ਚੜ੍ਹਦੀ ਕਲਾ ਦੀ ਅਰਦਾਸ ਕਰਵਾਈ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਵੱਡੀ ਗਿਣਤੀ 'ਚ ਇਕੱਤਰ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਝਾੜੂ ਚੋਣ ਨਿਸ਼ਾਨ ਨਾਲ ਆਪ ਉਮੀਦਵਾਰ ਵਜੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਜਾ ਰਹੇ ਸੁਮੀਤ ਕੁਮਾਰ ਬਿੱਟੂ ਮਲਹੋਤਰਾ ਇਕ ਸਾਫ਼-ਸੁਥਰੀ ਇਮਾਨਦਾਰ ਸ਼ਖ਼ਸੀਅਤ ਤੇ ਹਰ ਵਾਰਡ ਵਾਸੀ ਨਾਲ ਪਰਿਵਾਰਕ ਮੈਂਬਰ ਦੀ ਤਰ੍ਹਾਂ ਵਿਚਰ ਕੇ ਲੋਕਾਂ ਦੇ ਦੁੱਖ ਸੁੱਖ ਵਿਚ ਸਾਥ ਦੇਣ ਤੋਂ ਇਲਾਵਾ ਲੋਕ ਹਿਤਾਂ ਲਈ ਦਿਲੋਂ ਕਾਰਜ ਕਰਨ ਵਾਲੇ ਇਨਸਾਨ ਹਨ | ਉਨ੍ਹਾਂ ਕਿਹਾ ਕਿ 26 ਮਈ ਨੂੰ ਵੋਟਾਂ ਵਾਲਾ ਦਿਨ ਹੈ ਤੇ ਇਨ੍ਹਾਂ ਸਥਾਨਕ ਚੋਣਾਂ ਵਿਚ ਲੋਕ ਭਾਈਚਾਰਕ ਸਾਂਝ ਬਰਕਰਾਰ ਰੱਖ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ | ਉਨ੍ਹਾਂ ਕਿਹਾ ਕਿ ਕਈ ਉਮੀਦਵਾਰ ਚੋਣ ਜਿੱਤਣ ਲਈ ਆਪਣੀ ਕਿਸਮਤ ਅਜ਼ਮਾਉਂਦੇ ਹਨ ਤੇ ਸਿਆਣੇ ਵੋਟਰ ਉਨ੍ਹਾਂ ਉਮੀਦਵਾਰਾਂ ਵਿਚੋਂ ਸਾਫ਼-ਸੁਥਰੀ ਛਵੀ ਵਾਲੇ ਚੰਗੇ ਚਿਹਰੇ ਦੀ ਪਛਾਣ ਕਰ ਕੇ ਅਗਲੇ ਪੰਜ ਸਾਲਾਂ ਲਈ ਆਪਣੀ ਕਿਸਮਤ ਅਜ਼ਮਾਉਂਦੇ ਹਨ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 6 ਵਾਸੀਆਂ ਲਈ ਪਾਰਟੀ ਵਲੋਂ ਇਸੇ ਲਈ ਸੁਮੀਤ ਕੁਮਾਰ ਬਿੱਟੂ ਮਲਹੋਤਰਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਤੇ ਵਾਰਡ ਵਾਸੀ ਡਟ ਕੇ ਸਾਥ ਦੇਣ ਤਾਂ ਜੋ ਸਹੀ ਢੰਗ ਨਾਲ ਕੰਮ ਜਾਰੀ ਰਹਿਣ | ਇਸ ਮੌਕੇ ਉਮੀਦਵਾਰ ਸੁਮੀਤ ਕੁਮਾਰ ਬਿੱਟੂ ਤੇ ਸਮੂਹ ਮਲਹੋਤਰਾ ਪਰਿਵਾਰ ਵਲੋਂ ਵਿਧਾਇਕ ਲਾਡੀ ਢੋਸ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਉਪਰੰਤ ਵਿਧਾਇਕ ਲਾਡੀ ਢੋਸ ਨੇ ਰਿਬਨ ਕੱਟ ਕੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ | ਇਸ ਮੌਕੇ ਸੁਮਿਤ ਕੁਮਾਰ ਬਿੱਟੂ ਮਲਹੋਤਰਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਾਰਡ ਵਾਸੀਆਂ 'ਤੇ ਵੱਡਾ ਵਿਸ਼ਵਾਸ ਹੈ ਤੇ ਉਨ੍ਹਾਂ ਦੀ ਇਹ ਚੋਣ ਮੁਹਿੰਮ ਵਾਰਡ ਵਾਸੀਆਂ ਦੀ ਹੀ ਚੋਣ ਮੁਹਿੰਮ ਹੈ, ਜਿਸ ਸਦਕਾ ਉਹ ਵੱਡੀ ਲੀਡ ਨਾਲ ਇੱਥੋਂ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਸਥਾਨਕ ਆਗੂ ਤੇ ਵੱਡੀ ਗਿਣਤੀ ਵਿਚ ਵਾਰਡ ਨਿਵਾਸੀ ਹਾਜ਼ਰ ਸਨ |