ਮੋਗਾ, 20 ਮਈ (ਗੁਰਤੇਜ ਸਿੰਘ ਬੱਬੀ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੋਗਾ ਸੰਜੀਤ ਸਿੰਘ ਸੰਨੀ ਗਿੱਲ ਦੀ ਅਗਵਾਈ ਵਿਚ ਲੜੀਆਂ ਜਾ ਰਹੀਆਂ ਨਗਰ ਨਿਗਮ ਮੋਗਾ ਦੀਆਂ ਚੋਣਾਂ ਵਿਚ ਵਾਰਡ ਨੰਬਰ 42 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਕਮਲਜੀਤ ਕੌਰ ਗਿੱਲ ਨੂੰ ਵਾਰਡ ਨੰਬਰ ਵਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਉਹ ਵਾਰਡ ਵਾਸੀਆਂ ਦੇ ਦੁੱਖ ਸੁੱਖ ਵਿਚ ਹਮੇਸ਼ਾ ਨਾਲ ਖੜ੍ਹਦੇ ਹਨ ਅਤੇ ਉਨ੍ਹਾਂ ਦੀ ਵਾਰਡ ਵਿਚ ਪੂਰੀ ਹਰਮਨ ਪਿਆਰਤਾ ਹੈ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਮੀਦਵਾਰ ਬੀਬੀ ਕਮਲਜੀਤ ਕੌਰ ਅਤੇ ਯੂਥ ਆਗੂ ਸੁਖ ਗਿੱਲ ਨੇ ਕਿਹਾ ਕਿ ਆਉਣ ਵਾਲੀ 26 ਮਈ ਨੂੰ ਵਾਰਡ ਨੰਬਰ 42 ਦੇ ਸੂਝਵਾਨ ਵੋਟਰ ਤੱਕੜੀ ਦੇ ਨਿਸ਼ਾਨ ਤੇ ਮੋਹਰਾਂ ਲਗਾ ਕੇ ਉਨ੍ਹਾਂ ਨੂੰ ਕਾਮਯਾਬ ਕਰਨਗੇ ਅਤੇ ਚੋਣ ਜਿੱਤਣ ਤੋਂ ਬਾਅਦ ਵਾਰਡ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਉਨ੍ਹਾਂ ਕਿਹਾ ਕਿ ਨਗਰ ਨਿਗਮ ਮੋਗਾ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ ਅਤੇ ਨਗਰ ਨਿਗਮ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਮੇਅਰ ਚੁਣਿਆ ਜਾਵੇਗਾ ਅਤੇ ਮੋਗਾ ਸ਼ਹਿਰ ਵਿਕਾਸ ਪੱਖੋਂ ਮੋਹਰੀ ਸ਼ਹਿਰ ਹੋਵੇਗਾ |