ਮੋਗਾ, 20 ਮਈ (ਜਸਪਾਲ ਸਿੰਘ ਬੱਬੀ)-26 ਮਈ 2026 ਨੂੰ ਨਗਰ ਨਿਗਮ ਮੋਗਾ ਤੇ ਨਗਰ ਪੰਚਾਇਤ ਕੋਟ ਈਸੇ ਖਾਂ ਦੀਆਂ ਹੋਣ ਵਾਲੀਆਂ ਆਮ ਚੋਣਾਂ ਲਈ 282 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ, 64 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ | ਇਨ੍ਹਾਂ ਵਿਚ ਨਗਰ ਨਿਗਮ ਮੋਗਾ ਦੇ 55 ਅਤੇ ਨਗਰ ਪੰਚਾਇਤ ਕੋਟ ਈਸੇ ਖਾਂ ਦੇ 9 ਉਮੀਦਵਾਰ ਸ਼ਾਮਲ ਹਨ | ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਮੋਗਾ ਦੇ 50 ਵਾਰਡਾਂ ਲਈ ਲਈ 229 ਜਦ ਕਿ ਨਗਰ ਪੰਚਾਇਤ ਕੋਟ ਈਸੇ ਖਾਂ ਦੇ 13 ਵਾਰਡਾਂ ਲਈ 53 ਉਮੀਦਵਾਰ ਚੋਣ ਮੈਦਾਨ ਵਿਚ ਹਨ | ਉਨ੍ਹਾਂ ਦੱਸਿਆ ਕਿ 13 ਤੋਂ 16 ਮਈ ਤੱਕ ਜ਼ਿਲ੍ਹੇ ਚ ਵੱਖ-ਵੱਖ ਉਮੀਦਵਾਰਾਂ ਵਲੋਂ 368 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸਨ | ਨਗਰ ਨਿਗਮ ਮੋਗਾ ਦੇ 50 ਵਾਰਡਾਂ ਲਈ ਲਈ 304 ਨਾਮਜ਼ਦਗੀ ਪੱਤਰ ਜਦ ਕਿ ਨਗਰ ਪੰਚਾਇਤ ਕੋਟ ਈਸੇ ਖਾਂ ਦੇ 13 ਵਾਰਡਾਂ ਲਈ 64 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ | ਨਗਰ ਨਿਗਮ ਮੋਗਾ ਦੀਆਂ 20 ਜਦ ਕਿ ਨਗਰ ਪੰਚਾਇਤ ਕੋਟ ਈਸੇ ਖਾਂ ਦੀਆਂ 2 ਨਾਮਜ਼ਦਗੀਆਂ ਪੜਤਾਲ ਦੌਰਾਨ ਰੱਦ ਕੀਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਪੋਲਿੰਗ 26 ਮਈ (ਮੰਗਲਵਾਰ) ਨੂੰ ਸਵੇਰੇ 08:00 ਵਜੇ ਤੋਂ ਸ਼ਾਮ 05:00 ਵਜੇ ਤੱਕ ਹੋਵੇਗੀ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ 50 ਵਾਰਡਾਂ ਲਈ 130321 ਵੋਟਰ ਅਤੇ ਨਗਰ ਪੰਚਾਇਤ ਕੋਟ ਈਸੇ ਖਾਂ ਦੇ 13 ਵਾਰਡਾਂ ਲਈ 10452 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ | ਪੋਲ ਹੋਈਆਂ ਵੋਟਾਂ ਦੀ ਗਿਣਤੀ 29 ਮਈ 2026 (ਸ਼ੁੱਕਰਵਾਰ) ਨੂੰ ਹੋਵੇਗੀ |