ਮੋਗਾ, 23 ਮਈ (ਸੁਰਿੰਦਰਪਾਲ ਸਿੰਘ)-26 ਮਈ ਨੂੰ ਨਗਰ ਨਿਗਮ ਮੋਗਾ ਦੀ ਹੋਣ ਵਾਲੀ ਚੋਣ ਨੂੰ ਲੈ ਕੇ ਵਾਰਡ ਨੰਬਰ 10 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਫਰੋਜ਼ ਭੱਟੀ (ਰੋਜੀ) ਨੂੰ ਵਾਰਡ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਬੀਤੇ ਦਿਨ ਉਨ੍ਹਾਂ ਨੇ ਆਪਣੇ ਸਮਰਥਕਾਂ ਨਾਲ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਜਿੱਥੇ ਵਾਰਡ ਨੰਬਰ 10 ਦੇ ਵੋਟਰਾਂ ਨੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਆਪਣੇ ਸੰਬੋਧਨ ਵਿਚ ਸਰਫਰੋਜ਼ ਭੱਟੀ ਨੇ ਕਿਹਾ ਕਿ ਉਹ ਵਾਰਡ 10 ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਲੜ ਰਹੇ ਹਨ | ਉਨ੍ਹਾਂ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਹੁੰਦਿਆਂ ਵਾਰਡ ਨੰਬਰ 10 ਦਾ ਕੋਈ ਵਿਕਾਸ ਨਹੀਂ ਹੋਇਆ ਤੇ ਅੱਜ ਲੋਕ ਬੁਨਿਆਦੀ ਸਹੂਲਤਾਂ ਨੂੰ ਵੀ ਤਰਸ ਰਹੇ ਹਨ | ਉਨ੍ਹਾਂ ਕਿਹਾ ਕਿ ਜਿਸ ਉਮੀਦ ਨਾਲ ਪੰਜਾਬੀਆਂ ਨੇ ਆਪ ਪਾਰਟੀ ਨੂੰ ਸੱਤਾ ਵਿਚ ਲਿਆਂਦਾ ਪਰ ਉਹ ਸੂਬੇ ਦੇ ਲੋਕਾਂ ਦੀਆਂ ਆਸਾਂ 'ਤੇ ਖਰੀ ਨਹੀਂ ਉੱਤਰੀ ਜਿਸ ਕਰ ਕੇ ਅੱਜ ਸੂਬੇ ਦਾ ਹਰ ਵਰਗ ਮਾਨ ਸਰਕਾਰ ਖ਼ਿਲਾਫ਼ ਸੜਕਾਂ 'ਤੇ ਉੱਤਰ ਆਇਆ ਹੈ | ਜਿੱਥੋਂ ਤੱਕ ਨਗਰ ਨਿਗਮ ਮੋਗਾ ਦਾ ਸਵਾਲ ਹੈ, ਇਹ ਨਗਰ ਨਿਗਮ ਵਿਚ ਪੈਸੇ ਹੁੰਦਿਆਂ ਵੀ ਸ਼ਹਿਰ ਦੇ ਵਿਕਾਸ ਪੱਖੋਂ ਮੋਗਾ ਸ਼ਹਿਰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਚੱਲਿਆ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਨੇ ਮੇਰੀਆਂ ਪਾਰਟੀ ਪ੍ਰਤੀ ਕੀਤੀਆਂ ਸੇਵਾਵਾਂ ਦੇ ਮੱਦੇਨਜ਼ਰ ਮੈਨੂੰ ਵਾਰਡ ਨੰਬਰ 10 ਤੋਂ ਉਮੀਦਵਾਰ ਐਲਾਨਿਆ ਹੈ ਤੇ ਵਾਰਡ ਵਾਸੀਆਂ ਵਲੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਨੇ ਵਾਰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ 26 ਮਈ ਨੂੰ ਤੱਕੜੀ ਚੋਣ ਨਿਸ਼ਾਨ 'ਤੇ ਮੋਹਰਾਂ ਲਾ ਕੇ ਉਨ੍ਹਾਂ ਨੂੰ ਕਾਮਯਾਬ ਕਰਨ ਤੇ ਮੈਂ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਦਾ ਹੋਇਆ ਵਾਰਡ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ |