ਲਹਿਰਾ ਮੁਹੱਬਤ, 23 ਮਈ (ਚਰਨਜੀਤ ਸਿੰਘ)- ਥਰਮਲ ਪਲਾਂਟ ਦੇ ਕੰਟਰੈਕਟ ਵਰਕਰਾਂ ਦੀ ਜਥੇਬੰਦੀ (ਏਟਕ 08) ਵਲੋਂ ਥਰਮਲ ਪਲਾਂਟ ਦੇ ਮੁੱਖ ਗੇਟ 'ਤੇ ਰੋਸ ਪ੍ਰਦਰਸ਼ਨ ਲਗਾਤਾਰ ਚੌਥੇ ਦਿਨ ਜਾਰੀ ਰਿਹਾ । ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਰਥੀ ਸਾੜਨ ਉਪਰੰਤ 22 ਮਈ ਨੂੰ ਦੇਰ ਰਾਤ 9:30 ਵਜੇ ਤੱਕ ਬਿਜਲੀ ਮੰਤਰੀ ਨਾਲ ਮੀਟਿੰਗ ਮਿਲੀ, ਪ੍ਰੰਤੂ ਦੂਸਰੀਆਂ ਮੀਟਿੰਗਾਂ ਵਾਂਗ ਬੇਸਿੱਟਾ ਰਹੀ । ਸਹਾਇਕ ਸਕੱਤਰ ਸਤਨਾਮ ਸਿੰਘ ਨੇ ਕਿਹਾ ਕਿ ਥਰਮਲ ਵਰਕਰ ਪਿਛਲੇ 25-30 ਸਾਲਾਂ ਤੋਂ ਥਰਮਲ ਪਲਾਂਟ 'ਚ ਬਿਜਲੀ ਉਤਪਾਦਨ ਕਰ ਰਹੇ ਹਨ । ਸਰਕਾਰ ਨੇ ਫ਼ੀਲਡ ਦੇ ਆਊਟਸੋਰਸਡ ਵਰਕਰਾਂ 'ਤੇ ਪਾਲਿਸੀ ਲਾਗੂ ਕਰਕੇ ਥਰਮਲ ਵਰਕਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਤੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਰੇ ਸਾਥੀ ਇੱਕ ਹਨ, ਸਰਕਾਰ ਦੀਆਂ ਨੀਤੀਆਂ ਕਦੇ ਵਰਕਰਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਤੋੜ ਨਹੀਂ ਸਕਦੀਆਂ । ਇਸ ਮੌਕੇ ਮੀਤ ਪ੍ਰਧਾਨ ਮੱਖਣ ਸਿੰਘ, ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਬੱਗਾ ਤੇ ਗੁਰਸੇਵਕ ਸਿੰਘ ਬਾਠ ਤੋਂ ਇਲਾਵਾ ਹਰਪ੍ਰੀਤ ਸਿੰਘ, ਪ੍ਰੇਮਪਾਲ ਸਿੰਘ, ਗੁਰਦੀਪ ਸਿੰਘ ਨੇ ਹਾਜ਼ਰੀ ਲਵਾਈ। ਸਟੇਜ ਸਕੱਤਰ ਪਾਲ ਸਿੰਘ ਨੇ ਕਿਹਾ ਕਿ ਏਕੇ ਦਾ ਦਾਇਰਾ ਹੋਰ ਵਧਾ ਕੇ ਸੰਘਰਸ਼ ਦੀ ਜਿੱਤ ਪੱਕੀ ਹੈ।
ਏਟਕ ਜਥੇਬੰਦੀ ਦਾ ਰੋਸ ਪ੍ਰਦਰਸ਼ਨ ਚੌਥੇ ਦਿਨ 'ਚ ਦਾਖਲ
ਅਜੀਤ ਡੈਸਕ
24-05-2026