ਨਿਹਾਲ ਸਿੰਘ ਵਾਲਾ, 25 ਮਈ (ਪਲਵਿੰਦਰ ਸਿੰਘ ਟਿਵਾਣਾ)-ਜੰਗ-ਏ-ਆਜ਼ਾਦੀ ਦੇ ਮਹਾਨ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਉਤਸ਼ਾਹ ਪੂਰਵਕ ਮਨਾਇਆ ਗਿਆ | ਇਹ ਸਮਾਗਮ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ ਵਲੋਂ ਪਿ੍ੰਸੀਪਲ ਗੁਰਪ੍ਰੀਤ ਕੌਰ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਇਸ ਦਾ ਆਗਾਜ਼ ਕਰਦਿਆਂ ਮੈਨੇਜਿੰਗ ਡਾਇਰੈਕਟਰ ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਦੇਸ਼ ਦੀ ਆਜ਼ਾਦੀ ਲਈ ਛੋਟੀ ਜਿਹੀ ਉਮਰ ਵਿਚ ਲਾਮਿਸਾਲ ਕੁਰਬਾਨੀ ਰਾਹੀਂ ਬਰਤਾਨਵੀ ਸਾਮਰਾਜ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ | ਉਨ੍ਹਾਂ ਦਾ ਜਨਮ 24 ਮਈ 1996 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਹੋਇਆ | ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸ਼ਹੀਦ ਕਰਤਾਰ ਸਰਾਭਾ ਨੂੰ ਆਪਣਾ ਗੁਰੂ ਅਤੇ ਆਜ਼ਾਦੀ ਸੰਗਰਾਮ ਦਾ ਮਾਰਗ ਦਰਸ਼ਕ ਮੰਨਦੇ ਹੋਏ ਉਨ੍ਹਾਂ ਦੀ ਤਸਵੀਰ ਹਰ ਸਮੇਂ ਆਪਣੀ ਜੇਬ ਵਿਚ ਰੱਖਦੇ ਸਨ | ਵਾਈਸ ਪਿ੍ੰਸੀਪਲ ਮੀਨਾ ਜੈਨ ਨੇ ਦੱਸਿਆ ਕਿ ਸਰਾਭਾ ਅਮਰੀਕਾ ਵਿਚ ਉਚੇਰੀ ਪੜ੍ਹਾਈ ਕਰਨ ਲਈ ਗਿਆ ਸੀ ਪਰ ਉਸ ਸਮੇਂ ਕੈਨੇਡਾ ਅਮਰੀਕਾ ਵਿਚ ਭਾਰਤੀਆਂ ਨਾਲ ਹੁੰਦੇ ਦੁਰਵਿਵਹਾਰ ਨੂੰ ਦੇਖਦਿਆਂ ਉਸ ਅੰਦਰ ਦੇਸ਼ ਦੀ ਆਜ਼ਾਦੀ ਦੀ ਚੇਟਕ ਲੱਗੀ | ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਕਿਹਾ ਕਿ ਸਰਾਭਾ ਬੇਹੱਦ ਨਿਡਰ ਤੇ ਫੁਰਤੀਲਾ ਨੌਜਵਾਨ ਸੀ ਜਿਸ ਕਾਰਨ ਉਸ ਦੇ ਸਾਥੀ ਉਸ ਨੂੰ ਉੱਡਣੇ ਸੱਪ ਦੇ ਲਕਬ ਨਾਲ ਯਾਦ ਕਰਿਆ ਕਰਦੇ ਸਨ | ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਜੀਵਨ ਸੰਗਰਾਮ ਤੋਂ ਪ੍ਰੇਰਨਾ ਲੈਂਦਿਆਂ ਆਪਣੇ ਅੰਦਰ ਦੇਸ਼ ਪ੍ਰੇਮ ਦਾ ਜਜ਼ਬਾ ਪੈਦਾ ਕਰਨ ਦੀ ਤਾਕੀਦ ਕੀਤੀ | ਉਨ੍ਹਾਂ ਨੇ ਸਰਾਭੇ ਦੁਆਰਾ ਗ਼ਦਰ ਲਹਿਰ ਵਿਚ ਪਾਏ ਵਡਮੁੱਲੇ ਯੋਗਦਾਨ ਬਾਰੇ ਵੀ ਰੌਸ਼ਨੀ ਪਾਈ | ਇਸ ਦੌਰਾਨ ਹਾਊਸ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਪ੍ਰੋਗਰਾਮ ਰਾਹੀਂ ਮਹਾਨ ਸ਼ਹੀਦ ਨੂੰ ਅਕੀਦਤ ਦੇ ਫੁੱਲ ਅਰਪਿਤ ਕੀਤੇ |