ਮੋਗਾ, 25 ਮਈ (ਜਸਪਾਲ ਸਿੰਘ ਬੱਬੀ)-ਗਰਾਮ ਪੰਚਾਇਤ ਪੰਪ ਅਪਰੇਟਰ ਐਸੋਸੀਏਸ਼ਨ ਦੀ ਮੀਟਿੰਗ ਬੇਅੰਤ ਸਿੰਘ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਮੋਗਾ ਵਿਖੇ ਹੋਈ ਜਿਸ ਵਿਚ ਉਨ੍ਹਾਂ ਦੱਸਿਆ ਕਿ ਲੰਮੇ ਸਮੇਂ ਤੋਂ ਪੰਪ ਆਪ੍ਰੇਟਰ ਗਰਾਮ ਪੰਚਾਇਤ ਦੀਆਂ ਟੈਂਕੀਆਂ 'ਤੇ ਬਹੁਤ ਘੱਟ ਤਨਖ਼ਾਹ 'ਤੇ ਕੰਮ ਕਰ ਰਹੇ ਹਨ | ਤਨਖ਼ਾਹ ਵਿਚ ਵਾਧੇ ਨੂੰ ਲੈ ਕੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਹੋਈ ਪਰ ਅਜੇ ਤੱਕ ਕੋਈ ਸਾਰਥਿਕ ਹੱਲ ਨਹੀਂ ਨਿਕਲਿਆ | ਪੰਪ ਅਪ੍ਰੇਟਰਾਂ ਨੇ ਕਿਹਾ ਕਿ ਜਾਇਜ਼ ਹੱਕੀ ਮੰਗਾਂ ਮਨਵਾਉਣ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਗ੍ਰਹਿ ਦਿੜ੍ਹਬਾ ਵਿਖੇ ਧਰਨਾ ਲਗਾਉਣਗੇ | 25 ਤੋਂ 27 ਮਈ ਤੱਕ ਪੰਜਾਬ ਦੇ ਪੰਪ ਅਪਰੇਟਰ ਗਰਾਮ ਪੰਚਾਇਤ ਦੀਆਂ ਟੈਂਕੀਆਂ ਦੀ ਸਪਲਾਈ ਬੰਦ ਕੀਤੀ ਜਾਵੇਗੀ | ਜੇਕਰ ਠੋਸ ਹੱਲ ਨਾ ਨਿਕਲਿਆ ਤਾਂ ਮਜਬੂਰਨ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ, ਮੀਤ ਪ੍ਰਧਾਨ ਬੂਟਾ ਸਿੰਘ, ਬਲਾਕ ਪ੍ਰਧਾਨ ਤਨਵੀਰ ਸਿੰਘ, ਜਗਤਾਰ ਸਿੰਘ, ਜਨਰਲ ਸਕੱਤਰ ਬੋਹੜ ਸਿੰਘ ਤੇ ਪੰਪ ਅਪਰੇਟਰਾਂ ਨੇ ਮੰਗਾਂ ਮੰਨਣ ਦੀ ਅਪੀਲ ਕੀਤੀ | ਇਹ ਜਾਣਕਾਰੀ ਅਮਰਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਦਿੱਤੀ |