ਗਿੱਦੜਬਾਹਾ, 26 ਮਈ (ਪਰਮਜੀਤ ਸਿੰਘ ਥੇੜ੍ਹੀ, ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਖੇ ਨਗਰ ਕੌਂਸਲ ਦੀਆਂ ਵੋਟਾਂ ਪੈਣ ਦਾ ਕੰਮ ਸਵੇਰ ਤੋਂ ਅਮਨ-ਆਮਾਨ ਨਾਲ ਸ਼ੁਰੂ ਹੋਇਆ | ਪ੍ਰੰਤੂ 11 ਕੁ ਵਜੇ ਮਾਹੌਲ ਕੁਝ ਗਰਮਾ ਗਿਆ ਕਿ ਜਦੋਂ ਹਲਕਾ ਵਿਧਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਆਪਣੇ ਅਮਲੇ ਸਮੇਤ ਪੋਲਿੰਗ ਸਟੇਸ਼ਨ ਨੰਬਰ 139-140 ਅੰਦਰ ਗਏ ਤਾਂ ਉੱਥੇ ਉਨ੍ਹਾਂ ਦੀ ਗਰਮਾ-ਗਰਮੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਬਿੰਦਰ ਸਿੰਘ ਨਾਲ ਹੋਈ | ਪੋਲਿੰਗ ਸਟੇਸ਼ਨ ਤੋਂ ਬਾਹਰ ਆਉਣ 'ਤੇ ਦੋਵੇਂ ਧਿਰਾਂ ਆਪਸ ਵਿਚ ਭਿੜ ਪਈਆਂ | ਇਸ ਦੌਰਾਨ ਘਸੁੰਨ-ਮੁੱਕੇ ਵੀ ਚੱਲੇ ਅਤੇ ਇਕ ਪੀ.ਏ. ਤੇ 'ਆਪ' ਦੇ ਹਜੂਮ ਵਲੋਂ ਇਕ ਅਕਾਲੀ ਆਗੂ ਨੂੰ ਭੱਜੇ ਜਾਂਦੇ ਨੂੰ ਕੁੱਟਦੇ ਦੇਖਿਆ ਗਿਆ | ਮਾਹੌਲ ਹਫ਼ੜਾ-ਦਫ਼ੜੀ ਵਾਲਾ ਬਣ ਗਿਆ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਨਜ਼ਰ ਆਈ, ਜਿਸ ਨਾਲ ਇਕ ਵਾਰ ਮਾਹੌਲ ਵਿਚ ਤਲਖੀ ਆ ਗਈ | ਕਿਉਂਕਿ ਪੁਲਿਸ ਅਧਿਕਾਰੀ ਇਕ ਧਿਰ ਦੇ ਵੱਡੇ ਕਾਫ਼ਲੇ ਨੂੰ ਪੋਲਿੰਗ ਸਟੇਸ਼ਨ ਦੇ ਅੰਦਰ ਜਾਣ ਤੋਂ ਰੋਕਣ ਲਈ ਬੇਵੱਸ ਦਿਖਾਈ ਦਿੱਤੇ | ਪ੍ਰੰਤੂ ਮੌਕੇ 'ਤੇ ਮੌਜੂਦ ਡੀ.ਐੱਸ.ਪੀ. ਜਤਿੰਦਰ ਸਿੰਘ ਦੀ ਸੂਝਬੂਝ ਨਾਲ ਮਾਹੌਲ ਕੁਝ ਹੀ ਸਮੇਂ ਵਿਚ ਸ਼ਾਂਤ ਕਰ ਲਿਆ ਗਿਆ | ਕੁਝ ਹੀ ਸਮੇਂ ਉਪਰੰਤ ਐੱਸ.ਪੀ. (ਡੀ) ਮਨਮੀਤ ਸਿੰਘ ਘਟਨਾ ਸਥਾਨ 'ਤੇ ਪਹੁੰਚੇ ਅਤੇ ਉਹ ਪੋਲਿੰਗ ਸਟੇਸ਼ਨ ਅੰਦਰ ਹੀ ਬੈਠੇ ਰਹੇ, ਜਿਸ ਨਾਲ ਵੋਟਾ ਪੈਣ ਦਾ ਕੰਮ ਨਿਰਵਿਘਨ ਚਲਦਾ ਰਿਹਾ | ਇਸ ਦੌਰਾਨ ਐੱਸ.ਐੱਸ.ਪੀ. ਅਭਿਮਨਿਯੂ ਰਾਣਾ ਵਲੋਂ ਵੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਕਿਸੇ ਨੂੰ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ |