ਮੋਗਾ, 30 ਮਈ (ਸੁਰਿੰਦਰਪਾਲ ਸਿੰਘ)-ਸਥਾਨਕ ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਇਕ ਵਿਸ਼ੇਸ਼ ਮਾਪੇ ਅਧਿਆਪਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜੋ ਕਿ ਬੇਹੱਦ ਸ਼ਾਨਦਾਰ ਅਤੇ ਸਫਲ ਰਹੀ | ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਮਾਪਿਆਂ ਨੇ ਹਿੱਸਾ ਲਿਆ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਸਰਬਪੱਖੀ ਵਿਕਾਸ ਬਾਰੇ ਅਧਿਆਪਕਾਂ ਨਾਲ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ | ਮੀਟਿੰਗ ਦੌਰਾਨ ਮਾਪੇ ਕਾਫ਼ੀ ਖ਼ੁਸ਼ ਅਤੇ ਸੰਤੁਸ਼ਟ ਨਜ਼ਰ ਆਏ | ਉਨ੍ਹਾਂ ਨੇ ਜਿੱਥੇ ਸਕੂਲ ਦੇ ਵਧੀਆ ਪ੍ਰਬੰਧਾਂ ਅਤੇ ਪੜ੍ਹਾਈ ਦੇ ਉੱਚ ਪੱਧਰ ਦੀ ਸ਼ਲਾਘਾ ਕੀਤੀ, ਉੱਥੇ ਹੀ ਬੱਚਿਆਂ ਦੀ ਪੜ੍ਹਾਈ ਜਾਂ ਹੋਰ ਗਤੀਵਿਧੀਆਂ ਨਾਲ ਸਬੰਧਿਤ ਆਪਣੀਆਂ ਮੁਸ਼ਕਲਾਂ ਵੀ ਅਧਿਆਪਕਾਂ ਨਾਲ ਸਾਂਝੀਆਂ ਕੀਤੀਆਂ | ਸਕੂਲ ਦੇ ਮਾਹਿਰ ਅਧਿਆਪਕਾਂ ਨੇ ਮਾਪਿਆਂ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਢੁਕਵੇਂ ਹੱਲ ਦੱਸੇ | ਸਕੂਲ ਪ੍ਰਬੰਧਕਾਂ ਅਤੇ ਪਿ੍ੰਸੀਪਲ ਨੇ ਇਸ ਮੌਕੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਘਰ ਅਤੇ ਸਕੂਲ ਦਾ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਮਾਪਿਆਂ ਵਲੋਂ ਦਿੱਤੇ ਗਏ ਸੁਝਾਵਾਂ 'ਤੇ ਅਮਲ ਕਰ ਕੇ ਸਕੂਲ ਵਲੋਂ ਸਿੱਖਿਆ ਦੇ ਮਿਆਰ ਨੂੰ ਹੋਰ ਵੀ ਬਿਹਤਰ ਬਣਾਇਆ ਜਾਵੇਗਾ | ਇਹ ਮੀਟਿੰਗ ਦੋਵਾਂ ਧਿਰਾਂ ਲਈ ਬਹੁਤ ਹੀ ਸਕਾਰਾਤਮਿਕ ਅਤੇ ਫ਼ਾਇਦੇਮੰਦ ਸਾਬਤ ਹੋਈ |