ਮੋਗਾ, 31 ਮਈ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਅੱਜ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸਵੇਰ ਦੀ ਸਭਾ ਦੌਰਾਨ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ ਜਿਸ ਦੌਰਾਨ ਵਿਦਿਆਰਥੀਆਂ ਵਲੋਂ ਤੰਬਾਕੂ ਦੀ ਵਰਤੋਂ ਕਰਨ ਤੇ ਹੋਣ ਵਾਲੇ ਨੁਕਸਾਨ ਨੂੰ ਦਰਸਾਉਂਦੇ ਹੋਏ ਚਾਰਟ ਤੇ ਆਰਟੀਕਲ ਪੇਸ਼ ਕੀਤੇ ਗਏ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਕੂਲੀ ਵਿਦਿਆਰਥੀਆਂ ਨੇ ਦੱਸਿਆ ਕਿ ਹਰ ਸਾਲ 31 ਮਈ ਨੂੰ ਵਿਸ਼ਵ ਸਿਹਤ ਸੰਗਠਨ ਅਤੇ ਹੋਰ ਸੰਸਥਾਵਾਂ ਮਿਲ ਕੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਉਂਦੇ ਹਨ | ਇਸ ਸਾਲਾਨਾ ਮੁਹਿੰਮ ਵਿਚ ਤੰਬਾਕੂ ਦੀ ਵਰਤੋਂ ਦੇ ਨੁਕਸਾਨ, ਮਾਰੂ ਪ੍ਰਭਾਵਾਂ ਅਤੇ ਕਿਸੇ ਵੀ ਰੂਪ ਵਿਚ ਤੰਬਾਕੂ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਦੇ ਫੇਫੜਿਆਂ ਦੀ ਸਿਹਤ ਉੱਤੇ ਅਸਰ ਪੈਂਦਾ ਹੈ, ਸਾਹ ਦੀ ਬਿਮਾਰੀ ਤੋਂ ਲੈ ਕੇ ਕੈਂਸਰ ਤੱਕ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ | ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵਲੋਂ ਹਰ ਸਾਲ ਇਹ ਦਿਵਸ ਕਿਸੇ ਖ਼ਾਸ ਥੀਮ ਨਾਲ ਮਨਾਇਆ ਜਾਂਦਾ ਹੈ | ਇਸ ਵਾਰ ਦਾ ਥੀਮ ਹੈ ਆਕਰਸ਼ਨ ਦਾ ਮਖੌਟਾ ਲਾਹੋ, ਨਿਕੋਟੀਨ ਅਤੇ ਤੰਬਾਕੂ ਦੀ ਲਤ ਖ਼ਿਲਾਫ਼ ਲੜੋ | ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਅੱਜ ਦੇ ਦੌਰ ਵਿਚ ਤੰਬਾਕੂ ਅਤੇ ਨਿਕੋਟੀਨ (ਜਿਵੇਂ ਵੇਵ, ਤੰਬਾਕੂ ਅਤੇ ਸਿਗਰਟ) ਨੌਜਵਾਨੀ ਨੂੰ ਗੁਮਰਾਹ ਕਰ ਰਹੇ ਹਨ | ਇਹ ਸਿਰਫ਼ ਇਕ ਬੁਰੀ ਆਦਤ ਨਹੀਂ, ਬਲਕਿ ਤੁਹਾਡੀ ਸਿਹਤ, ਸੁਪਨਿਆਂ ਅਤੇ ਸੁਖੀ ਭਵਿੱਖ ਦਾ ਦੁਸ਼ਮਣ ਹੈ | ਸਾਡਾ ਪੰਜਾਬ ਅਣਖ ਅਤੇ ਤੰਦਰੁਸਤੀ ਲਈ ਜਾਣਿਆ ਜਾਂਦਾ ਹੈ | ਇਸ ਲਈ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਝੂਠੇ ਆਕਰਸ਼ਨ ਵਿਚ ਨਾ ਫਸੋ | ਆਪਣੀ ਊਰਜਾ ਨੂੰ ਪੜ੍ਹਾਈ, ਖੇਡਾਂ ਅਤੇ ਚੰਗੀ ਸਿਹਤ ਵੱਲ ਲਗਾਓ | ਤੰਦਰੁਸਤੀ ਅਣਖੀਲੇ ਪੰਜਾਬ ਦੀ ਸ਼ਾਨ ਨਹੀਂ, ਤੰਬਾਕੂ ਮੁਕਤ ਜੀਵਨ ਹੀ ਅਸਲ ਪਛਾਣ ਹੈ | ਇਸ ਦੌਰਾਨ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਭਾਰਤ ਵਿਚ ਹਰ ਸਾਲ 13 ਤੋਂ 14 ਲੱਖ ਲੋਕ ਤੰਬਾਕੂ ਦੇ ਇਸਤੇਮਾਲ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਆਪਣੀ ਜ਼ਿੰਦਗੀ ਗੁਆ ਦਿੰਦੇ ਹਨ ਅਤੇ ਜੇਕਰ ਵਿਸ਼ਵ ਦੀ ਗੱਲ ਹੋਵੇ ਤਾਂ ਇਹ ਅੰਕੜਾ 80 ਲੱਖ ਤੱਕ ਪਹੁੰਚ ਜਾਂਦਾ ਹੈ | ਪਿ੍ੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਤੰਬਾਕੂ ਮੁਕਤ ਜੀਵਨ ਪ੍ਰਤੀ ਆਪਣੀ ਵਚਨਬੱਧਤਾ ਵਿਚ ਮਜ਼ਬੂਤ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਆਸਪਾਸ ਦੇ ਲੋਕਾਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵ ਤੋਂ ਬਚਣ ਲਈ ਜਾਗਰੂਕ ਕਰਨ ਲਈ ਕਿਹਾ | ਸਭਾ ਦੀ ਸਮਾਪਤੀ ਸਹੁੰ ਚੁੱਕ ਸਮਾਗਮ ਨਾਲ ਹੋਈ, ਜਿਸ ਵਿਚ ਵਿਦਿਆਰਥੀਆਂ ਨੇ ਕਦੇ ਵੀ ਤੰਬਾਕੂ ਉਤਪਾਦਾਂ ਦੀ ਵਰਤੋਂ ਨਾ ਕਰਨ ਦੀ ਸਹੁੰ ਚੁੱਕੀ |