ਮੋਗਾ, 2 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਹੜਤਾਲ 'ਤੇ ਬੈਠੇ ਸੇਵਾ ਕੇਂਦਰ ਕਰਮਚਾਰੀਆਂ ਦੇ ਅੰਦੋਲਨ ਨੂੰ ਆਪਣਾ ਸਮਰਥਨ ਦਿੰਦਿਆਂ ਪੰਜਾਬ ਸਰਕਾਰ 'ਤੇ ਕਰਮਚਾਰੀਆਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ ਹੈ | ਉਨ੍ਹਾਂ ਕਿਹਾ ਕਿ ਸਾਲਾਂ ਤੋਂ ਲੋਕਾਂ ਨੂੰ ਸਰਕਾਰੀ ਸੇਵਾਵਾਂ ਮੁਹੱਈਆ ਕਰਵਾ ਰਹੇ ਕਰਮਚਾਰੀ ਅੱਜ ਆਪਣੇ ਹੱਕਾਂ ਲਈ ਸੜਕਾਂ 'ਤੇ ਬੈਠਣ ਲਈ ਮਜਬੂਰ ਹਨ, ਪਰ ਸਰਕਾਰ ਉਨ੍ਹਾਂ ਦੀ ਆਵਾਜ਼ ਸੁਣਨ ਦੀ ਬਜਾਏ ਚੁੱਪੀ ਸਾਧੀ ਬੈਠੀ ਹੈ | ਡਾ. ਹਰਜੋਤ ਕਮਲ ਨੇ ਇਹ ਵੀ ਸਵਾਲ ਉਠਾਇਆ ਕਿ ਇੰਨੇ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਦੇ ਬਾਵਜੂਦ ਅਜੇ ਤੱਕ ਕੋਈ ਹੋਰ ਵੱਡਾ ਰਾਜਨੀਤਿਕ ਦਲ ਕਰਮਚਾਰੀਆਂ ਦੇ ਸਮਰਥਨ ਵਿਚ ਖੁੱਲ੍ਹ ਕੇ ਸਾਹਮਣੇ ਕਿਉਂ ਨਹੀਂ ਆਇਆ | ਇਸ ਮੌਕੇ ਪ੍ਰਧਾਨ ਦਵਿੰਦਰ ਬਾਂਸਲ, ਉਪ ਪ੍ਰਧਾਨ ਅਵਤਾਰ ਸਿੰਘ, ਰਮਨਦੀਪ ਸਿੰਘ ਬਰਾਰ, ਸੰਦੀਪ ਸਿੰਘ, ਜਗਜੀਤ ਸਿੰਘ, ਤੇਜਿੰਦਰ ਸਿੰਘ, ਕੈਸ਼ੀਅਰ ਸ਼ਰਨਬੀਰ ਸਿੰਘ, ਮੀਡੀਆ ਸਲਾਹਕਾਰ ਜੰਬਾਜ਼ ਸਿੰਘ, ਕਰਨਵੀਰ ਸਿੰਘ ਅਤੇ ਹੈਪੀ ਕੋਕਰੀ ਸਮੇਤ ਵੱਡੀ ਗਿਣਤੀ ਵਿਚ ਸੇਵਾ ਕੇਂਦਰ ਕਰਮਚਾਰੀ ਮੌਜੂਦ ਸਨ |