ਮੋਗਾ, 2 ਜੂਨ (ਸੁਰਿੰਦਰਪਾਲ ਸਿੰਘ)-ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਤੇਜ਼ ਕਰਦਿਆਂ ਪਾਰਟੀ ਦੀਆਂ ਵੱਖ-ਵੱਖ ਕਮੇਟੀਆਂ ਬਣਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਪ੍ਰੋਗਰਾਮ ਦੀ ਕੜੀ ਤਹਿਤ ਪਹਿਲਾ ਵੱਡਾ ਸਮਾਗਮ ਅੱਜ ਵਿਧਾਨ ਸਭਾ ਹਲਕਾ ਮੋਗਾ ਦੇ ਪਿੰਡ ਮੱਲ੍ਹੀਆਂ ਵਾਲਾ ਵਿਖੇ ਕੀਤਾ ਗਿਆ ਜਿੱਥੇ ਪਾਰਟੀ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ ਨੇ ਸਰਕਲ, ਪਿੰਡ ਅਤੇ ਬੂਥ ਪੱਧਰ ਦੀਆਂ ਕਮੇਟੀਆਂ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਦੇ ਇਕੱਠ ਨੂੰ ਸੰਬੋਧਨ ਕੀਤਾ | ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਪਾਰਟੀ ਵਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਅਤੇ ਪੰਥਕ ਕਾਰਜਾਂ ਦੀ ਚੜ੍ਹਦੀ ਕਲਾ ਦੇ ਮੁੱਦੇ ਨੂੰ ਲੈ ਕੇ ਲੜੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਮੁੱਢਲੇ ਪੜਾਅ ਵਜੋਂ ਪੰਜਾਬ ਭਰ ਵਿਚ ਸਰਕਲ, ਪਿੰਡ ਅਤੇ ਬੂਥ ਲੈਵਲ ਦੀਆਂ ਕਮੇਟੀਆਂ ਦਾ ਗਠਨ ਇਕ ਮਹੀਨੇ ਦੇ ਅੰਦਰ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਤੌਰ 'ਤੇ ਤਬਾਹ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਜਿਸ ਨੂੰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਕਿਸੇ ਵੀ ਕੀਮਤ ਉੱਪਰ ਸਫਲ ਨਹੀਂ ਹੋਣ ਦੇਵੇਗਾ | ਬਾਪੂ ਤਰਸੇਮ ਸਿੰਘ ਨੇ ਦਾਅਵਾ ਕੀਤਾ ਕਿ ਅਕਾਲੀ ਦਲ 'ਵਾਰਿਸ ਪੰਜਾਬ ਦੇ' ਨੂੰ ਪੰਜਾਬ ਦੇ ਹਰ ਖ਼ਿੱਤੇ ਵਿਚ ਲੋਕਾਂ ਦੇ ਹਰ ਵਰਗ ਵਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ ਤੇ 2027 ਵਿਚ ਅਕਾਲੀ ਦਲ 'ਵਾਰਿਸ ਦੇ' ਦੀ ਸਰਕਾਰ ਪੰਜਾਬ ਵਿਚ ਬਣਨੀ ਤੈਅ ਹੈ | ਇਸ ਮੌਕੇ ਸੀਨੀਅਰ ਆਗੂ ਅਮਰਜੀਤ ਸਿੰਘ ਵਣਚਿੜੀ, ਪਰਮਜੀਤ ਸਿੰਘ ਜੌਹਲ, ਹਲਕਾ ਮੋਗਾ ਦੇ ਇੰਚਾਰਜ ਭਾਈ ਰਛਪਾਲ ਸਿੰਘ ਸੋਸਣ, ਕੁਲਵੰਤ ਸਿੰਘ ਮੱਲ੍ਹੀਆਂ ਵਾਲਾ, ਸਤਪਾਲ ਸਿੰਘ ਡਗਰੂ, ਸਰਕਲ ਪ੍ਰਧਾਨ ਗੁਰਦੀਪ ਸਿੰਘ ਚੜਿੱਕ ਵਾਲੇ, ਹਰਭਜਨ ਸਿੰਘ ਤੁੜ ਆਦਿ ਆਗੂਆਂ ਨੇ ਸੰਬੋਧਨ ਕੀਤਾ |