ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ)-ਭਾਸ਼ਾ ਵਿਭਾਗ ਪੰਜਾਬ ਦੁਆਰਾ ਪੰਜਾਬੀ ਭਾਸ਼ਾ ਅਤੇ ਸਾਹਿਤ ਲਈ ਸੇਵਾਵਾਂ ਪ੍ਰਦਾਨ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਉਤਸ਼ਾਹਿਤ ਕੀਤੇ ਜਾਣ ਦੇ ਪ੍ਰਮੁੱਖ ਏਜੰਡੇ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਗਾ ਵਲੋਂ ਸਾਹਿਤ ਦੇ ਪ੍ਰਸਾਰ ਲਈ ਤਨਦੇਹੀ ਨਾਲ ਨਿਸ਼ਕਾਮ ਸੇਵਾਵਾਂ ਪ੍ਰਦਾਨ ਕਰ ਰਹੇ ਸਮਾਜ ਸੇਵੀ ਰਣਧੀਰ ਸਿੰਘ ਢਿੱਲੋਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਉਨ੍ਹਾਂ ਦੁਆਰਾ ਸਾਹਿਤ ਦੀ ਕੀਤੀ ਜਾ ਰਹੀ ਇਸ ਨਿਸ਼ਕਾਮ ਸੇਵਾ ਦੀ ਭਰਪੂਰ ਸ਼ਲਾਘਾ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਜਟਾਣਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਚੂਹੜਚੱਕ ਦੇ ਵਸਨੀਕ ਰਣਧੀਰ ਸਿੰਘ ਢਿੱਲੋਂ ਵਿਅਕਤੀਗਤ ਪੱਧਰ 'ਤੇ ਪਿੰਡ ਵਿਖੇ ਪਿਛਲੇ ਕਈ ਸਾਲਾਂ ਤੋਂ ਇਕ ਲਾਇਬ੍ਰੇਰੀ ਦਾ ਸੰਚਾਲਨ ਕਰਦਿਆਂ ਸਾਹਿਤਕ ਸੇਵਾਵਾਂ ਨਿਭਾਅ ਰਹੇ ਹਨ | ਉਨ੍ਹਾਂ ਨੇ ਆਪਣੇ ਜੱਦੀ ਘਰ ਨੂੰ ਪੂਰੀ ਤਰ੍ਹਾਂ ਲਾਇਬ੍ਰੇਰੀ ਵਿਚ ਤਬਦੀਲ ਕੀਤਾ ਹੋਇਆ ਹੈ | ਇੱਥੇ ਆ ਕੇ ਕੋਈ ਵੀ ਸਾਹਿਤ ਪ੍ਰੇਮੀ ਪੁਸਤਕਾਂ ਪੜ੍ਹ ਸਕਦਾ ਹੈ ਅਤੇ ਪੜ੍ਹਨ ਲਈ ਲਿਜਾ ਸਕਦਾ ਹੈ | ਇਸ ਲਾਇਬ੍ਰੇਰੀ ਨੂੰ ਨਿਰੰਤਰ ਨਵਿਆਉਂਦੇ ਰੱਖਣ ਲਈ ਉਹ ਹਮੇਸ਼ਾ ਚੰਗੀਆਂ ਕਿਤਾਬਾਂ ਦੀ ਭਾਲ ਦੇ ਆਹਰ ਵਿਚ ਰਹਿੰਦੇ ਹਨ ਅਤੇ ਅਜਿਹੀਆਂ ਕਿਤਾਬਾਂ ਨੂੰ ਖ਼ੁਦ ਖ਼ਰੀਦ ਕੇ ਇਸ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਂਦੇ ਹਨ | ਡਾ. ਅਜੀਤਪਾਲ ਜਟਾਣਾ ਦੁਆਰਾ ਰਣਧੀਰ ਸਿੰਘ ਢਿੱਲੋਂ ਨਾਲ ਸੰਪਰਕ ਕਰਦਿਆਂ ਵਿਸ਼ੇਸ਼ ਤੌਰ 'ਤੇ ਆਪਣੀ ਟੀਮ ਨਾਲ ਇਸ ਲਾਇਬ੍ਰੇਰੀ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਮੁੱਲਵਾਨ ਨਿਸ਼ਕਾਮ ਸੇਵਾਵਾਂ ਬਦਲੇ ਉਨ੍ਹਾਂ ਦਾ ਲਾਇਬ੍ਰੇਰੀ ਵਿਖੇ ਹੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਉਨ੍ਹਾਂ ਵਲੋਂ ਤਸੱਲੀ ਪ੍ਰਗਟ ਕੀਤੀ ਕਿ ਅੱਜ ਦੇ ਆਧੁਨਿਕ ਤਕਨਾਲੋਜੀ ਦੇ ਦੌਰ ਵਿਚ ਜਦੋਂ ਕਿ ਸੋਸ਼ਲ ਮੀਡੀਆ ਦੀ ਚੜ੍ਹਤ ਦੇ ਚੱਲਦਿਆਂ ਅਕਸਰ ਵਿਦਵਾਨਾਂ ਵਲੋਂ ਪੁਸਤਕ ਸਭਿਆਚਾਰ ਦੇ ਘੱਟ ਰਹੇ ਪ੍ਰਚਲਣ ਉੱਪਰ ਚਿੰਤਾ ਵਿਅਕਤ ਕੀਤੀ ਜਾਂਦੀ ਹੈ, ਅਜਿਹੇ ਦੌਰ ਵਿਚ ਵੀ ਰਣਧੀਰ ਸਿੰਘ ਢਿੱਲੋਂ ਵਰਗੀਆਂ ਸ਼ਖ਼ਸੀਅਤਾਂ ਦੁਆਰਾ ਪੁਸਤਕ ਸਭਿਆਚਾਰ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲੇ ਆਪਣੇ ਆਪ ਵਿਚ ਇਕ ਮਿਸਾਲ ਕਾਇਮ ਕਰਦੇ ਹਨ | ਰਣਧੀਰ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਸੇਵਾਵਾਂ ਜਾਰੀ ਰੱਖਣਗੇ |