ਮੋਗਾ, 13 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਰਜਿ: ਪੰਜਾਬ ਜ਼ਿਲ੍ਹਾ ਇਕਾਈ ਮੋਗਾ ਅਤੇ ਸਬ ਡਵੀਜ਼ਨ ਮੋਗਾ-1 ਅਤੇ 2 ਦੀ ਸਾਂਝੀ ਇਕੱਤਰਤਾ ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ ਸੁਖਮੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਸੁਖਮੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੈਨਸ਼ਨਰਾਂ ਦੀਆਂ ਪਿਛਲੇ ਸਾਢੇ ਚਾਰ ਸਾਲ ਤੋਂ ਲਟਕਦੀਆਂ ਮੰਗਾਂ ਦੀ ਪ੍ਰਾਪਤੀ ਲਈ, ਪੰਜਾਬ ਸਰਕਾਰ ਦਾ ਨਿੰਦਣਯੋਗ ਵਤੀਰਾ, ਮਾਣਯੋਗ ਹਾਈਕੋਰਟ ਦੇ ਫ਼ੈਸਲਿਆਂ ਪ੍ਰਤੀ ਨਾਂਹ ਵਾਚਕ ਰਵੱਈਆ ਅਤੇ ਛੇਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ 2.59 ਦਾ ਗੁਣਾਂਕ ਅਤੇ ਨੋਸ਼ਨਲ ਸੋਧ ਵਿਧੀ ਰਾਹੀ ਪੈਨਸ਼ਨਾਂ ਸੋਧਣ ਤੋਂ ਇਨਕਾਰੀ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦੀ ਨਵੀਂ ਰੂਪ-ਰੇਖਾ ਉਲੀਕਣ ਲਈ 17 ਜੂਨ ਬੁੱਧਵਾਰ ਨੂੰ ਇਕ ਵਿਸ਼ਾਲ ਚੇਤਨਾ ਕਨਵੈਨਸ਼ਨ ਜਲੰਧਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਚ ਕੀਤੀ ਜਾ ਰਹੀ ਹੈ | ਮੋਗਾ ਜ਼ਿਲ੍ਹੇ ਦੇ ਪੈਨਸ਼ਨਰ ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ ਮੋਗਾ ਤੋਂ ਬੱਸਾਂ ਰਾਹੀਂ ਕਾਫ਼ਲਾ ਲੈ ਕੇ 11 ਵਜੇ ਭਰਵੀਂ ਸ਼ਮੂਲੀਅਤ ਕਰਨਗੇ | ਸਰਬਜੀਤ ਸਿੰਘ ਦੌਧਰ ਨੇ ਦੱਸਿਆ ਕਿ ਮੀਟਿੰਗ ਵਿਚ ਇਕ ਮਤਾ ਵੀ ਪਾਸ ਕੀਤਾ ਗਿਆ ਜਿਸ ਵਿਚ ਆਪਣਾ ਰੁਜ਼ਗਾਰ ਦਾ ਹੱਕ ਮੰਗ ਰਹੇ ਸ਼ਾਂਤਮਈ ਧਰਨੇ 'ਤੇ ਬੈਠੇ ਬੇਰੁਜ਼ਗਾਰ ਅਪ੍ਰੈਂਟਿਸ ਲਾਈਨਮੈਨਾਂ ਨੂੰ ਪੰਜਾਬ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਿਆ ਜਿਸ ਨੂੰ ਜਬਰ ਜ਼ੁਲਮ ਦੀ ਇੰਤਾਹ ਹੀ ਕਿਹਾ ਜਾ ਸਕਦਾ ਹੈ | ਇਸ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਦੋਸ਼ੀ ਡੀ.ਐਸ.ਪੀ. ਅਤੇ ਜਾਬਰ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨਾਇਬ ਸਿੰਘ, ਤੇਜਾ ਸਿੰਘ ਘੱਲ ਕਲਾਂ, ਬਿੱਕਰ ਸਿੰਘ ਮਾਛੀਕੇ, ਬਲਵੀਰ ਸਿੰਘ, ਮਨਜੀਤ ਸਿੰਘ ਧਰਮਕੋਟ, ਪ੍ਰੇਮ ਕੁਮਾਰ ਮੋਗਾ, ਜਗਜੀਤ ਸਿੰਘ ਰੱਖਰਾ ਨੇ ਦੱਸਿਆ ਕਿ ਡੀ.ਐਲ.ਸੀ. ਅੱਪਲੋਡ ਨਾ ਹੋਣ ਕਰ ਕੇ ਬਹੁਤ ਸਾਰੇ ਪੈਨਸ਼ਨਰਾਂ ਨੂੰ ਅਪ੍ਰੈਲ ਤੇ ਮਈ ਮਹੀਨੇ ਦੀਆਂ ਪੈਨਸ਼ਨਾਂ ਨਸੀਬ ਨਹੀਂ ਹੋਈਆਂ ਅਤੇ ਜਨਵਰੀ 2026 ਵਿਚ ਮਿਲਣ ਵਾਲਾ ਸਫ਼ਰੀ ਭੱਤਾ ਵੀ ਨਹੀਂ ਮਿਲਿਆ ਜਿਸ ਕਰ ਕੇ ਬਹੁਤੇ ਪੈਨਸ਼ਨਰ ਪਰੇਸ਼ਾਨੀ ਦੀ ਹਾਲਤ ਵਿਚ ਪੰਜਾਬ ਸਰਕਾਰ ਦੇ ਨਵੇਂ ਬਣਾਏ ਪੈਨਸ਼ਨ ਸੇਵਾ ਪੋਰਟਲ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਹਨ | ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ. ਜ਼ਿਲ੍ਹਾ ਪ੍ਰੈੱਸ ਸਕੱਤਰ ਨੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਆਧਾਰ ਕਾਰਡ ਬਹੁਤ ਪੁਰਾਣੇ ਬਣੇ ਹੋਏ ਹਨ, ਉਨ੍ਹਾਂ ਦੇ ਫਿੰਗਰ ਪਿ੍ੰਟ ਨਹੀਂ ਆ ਰਹੇ, ਬਹੁਤਿਆਂ ਨੇ ਅੱਖਾਂ ਵਿਚ ਲੈਨਜ ਪਵਾ ਲਏ ਹਨ ਜਾਂ ਉਨ੍ਹਾਂ ਦੇ ਆਧਾਰ ਕਾਰਡਾਂ ਵਿਚ ਗੋਤ ਵਗ਼ੈਰਾ ਲਵਾਏ ਹੋਏ ਹਨ, ਉਹ ਆਪਣੇ ਆਧਾਰ ਕਾਰਡ ਨੇੜੇ ਦੇ ਸੁਵਿਧਾ ਕੇਂਦਰਾਂ ਜਾਂ ਬੈਂਕਾਂ ਵਿਚੋਂ ਜਿਨ੍ਹਾਂ ਪਾਸ ਇਹ ਸਹੂਲਤ ਪ੍ਰਦਾਨ ਕੀਤੀ ਹੋਈ ਹੈ ਜਾਂ ਕੰਪਿਊਟਰ ਸੈਂਟਰਾਂ ਰਾਹੀਂ ਰੀਨਿਊ ਕਰਵਾਉਣ | ਉਨ੍ਹਾਂ ਦੇ ਆਧਾਰ ਕਾਰਡ ਨੂੰ ਸਿਸਟਮ ਅੱਪਲੋਡ ਕਰਨ ਸਮੇਂ ਕੋਈ ਦਿੱਕਤ ਨਾ ਆਏ | ਪ੍ਰੇਮ ਕੁਮਾਰ ਵਿੱਤ ਸਕੱਤਰ ਨੇ ਦੱਸਿਆ ਕਿ ਬੇਰੁਜ਼ਗਾਰ ਅਧਿਆਪਕ ਜਥੇਬੰਦੀ ਦੇ ਸਾਬਕਾ ਆਗੂ ਹਾਕਮ ਸਿੰਘ ਧਾਲੀਵਾਲ, ਪੈਨਸ਼ਨਰ ਆਗੂ ਭੁਪਿੰਦਰ ਸਿੰਘ ਅਤੇ ਜਗਜੀਤ ਸਿੰਘ ਲੋਹਾਮ ਵਲੋਂ ਜਥੇਬੰਦੀ ਦੀ ਆਰਥਿਕ ਸਹਾਇਤਾ ਕੀਤੀ ਗਈ ਹੈ | ਮੀਟਿੰਗ ਵਿਚ ਬਚਿੱਤਰ ਸਿੰਘ ਮਟਵਾਣੀ, ਬਿ੍ਜ ਲਾਲ, ਬਲਵਿੰਦਰ ਸਿੰਘ ਮੋਗਾ, ਅੰਮਿ੍ਤ ਲਾਲ, ਪ੍ਰੀਤਮ ਸਿੰਘ ਕੈਂਥ, ਗੁਰਦੀਪ ਸਿੰਘ ਦੌਧਰ, ਗੁਰਦਿਆਲ ਸਿੰਘ, ਪ੍ਰਵੀਨ ਕਾਲੀਆ, ਤੇਜਿੰਦਰ ਸਿੰਘ, ਚਮਕੌਰ ਸਿੰਘ ਸਮੇਤ ਬਹੁਤ ਸਾਰੇ ਪੈਨਸ਼ਨਰ ਸ਼ਾਮਿਲ ਹੋਏ |
ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੀ 17 ਨੂੰ ਜਲੰਧਰ ਵਿਖੇ ਕਨਵੈਨਸ਼ਨ 'ਚ ਮੋਗਾ ਜ਼ਿਲ੍ਹੇ ਤੋਂ 121 ਪੈਨਸ਼ਨਰਾਂ ਦਾ ਕਾਫ਼ਲਾ ਹੋਵੇਗਾ ਸ਼ਾਮਿਲ ਡਿਜੀਟਲ ਲਾਈਵ ਸਰਟੀਫਿਕੇਟ ਪੈਨਸ਼ਨਰਾਂ ਲਈ ਬਣਿਆ ਸਿਰਦਰਦੀ-ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ
ਅਜੀਤ ਡੈਸਕ
14-06-2026