ਮੋਗਾ, 13 ਜੂਨ (ਜਸਪਾਲ ਸਿੰਘ ਬੱਬੀ)-ਪਿੰਡ ਬਚਾਓ, ਪੰਜਾਬ ਬਚਾਓ ਟੀਮ ਵਲੋਂ 20 ਜੂਨ ਸਵੇਰੇ 10 ਵਜੇ ਨਛੱਤਰ ਸਿੰਘ ਯਾਦਗਾਰੀ ਹਾਲ ਬੱਸ ਸਟੈਂਡ ਮੋਗਾ ਵਿਖੇ ''ਪਾਣੀ ਦੇ ਸੰਕਟ ਤੇ ਸੈਮੀਨਾਰ'' ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਦਫਤਰ ਮੋਗਾ ਵਿਖੇ ਮੀਟਿੰਗ ਹੋਈ | ਜਿਸ ਵਿਚ ਪਿੰਡ ਬਚਾਓ, ਪੰਜਾਬ ਬਚਾਓ ਮੁਹਿੰਮ ਦੇ ਆਗੂ ਜਥੇਦਾਰ ਗਿਆਨੀ ਕੇਵਲ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਦਾ ਦਫਤਰ ਪੁੱਜਣ 'ਤੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਬਲਕਰਨ ਸਿੰਘ ਢਿੱਲੋਂ ਅਤੇ ਟੀਮ ਨੂੰ ਜੀ ਆਇਆਂ ਕਿਹਾ ਅਤੇ ਕਿਹਾ ਕਿ ਜੋ ਪਿੰਡ ਬਚਾਓ ਪੰਜਾਬ ਬਚਾਓ ਪਾਣੀ ਬਚਾਓ ਸੈਮੀਨਾਰ ਹੈ ਇਸ ਤਰ੍ਹਾਂ ਦੇ ਸੈਮੀਨਾਰ ਹਰੇਕ ਪਿੰਡ ਹਰੇਕ ਸ਼ਹਿਰ ਵਿਚ ਹੋਣੇ ਚਾਹੀਦੇ ਹਨ | ਆਗੂਆਂ ਨੇ ਕਿਸਾਨਾਂ, ਨੌਜਵਾਨਾਂ, ਸਮਾਜਿਕ ਜਥੇਬੰਦੀਆਂ ਅਤੇ ਪੰਜਾਬ ਦੇ ਹਿਤੈਸ਼ੀਆਂ ਨੂੰ ਅਪੀਲ ਕੀਤੀ ਕਿ ਉਹ 20 ਜੂਨ ਨੂੰ ਹੋਣ ਵਾਲੇ ਇਸ ਮਹੱਤਵਪੂਰਨ ਸੈਮੀਨਾਰ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਪੰਜਾਬ ਦੇ ਪਾਣੀਆਂ ਅਤੇ ਭਵਿੱਖ ਨੂੰ ਬਚਾਉਣ ਲਈ ਚੱਲ ਰਹੀ ਇਸ ਮੁਹਿੰਮ ਨੂੰ ਮਜ਼ਬੂਤ ਕਰਨ | ਇਸ ਮੌਕੇ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਪੰਜਾਬ ਇਸ ਵੇਲੇ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ | ਦਰਿਆਈ ਪਾਣੀਆਂ ਦੇ ਹੱਕਾਂ 'ਤੇ ਵੀ ਖਤਰੇ ਮੰਡਰਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਅਤੇ ਪਾਣੀ ਦੀ ਸੰਭਾਲ ਲਈ ਸਾਂਝੇ ਉਪਰਾਲੇ ਕਰਨੇ ਸਮੇਂ ਦੀ ਸਭ ਤੋਂ ਵੱਡੀ ਲੋੜ ਹਨ | ਇਸ ਮੌਕੇ ਇਕਬਾਲ ਸਿੰਘ ਗਲੋਟੀ, ਅਨੁਸ਼ਾਸਨੀ ਕਮੇਟੀ ਮੈਂਬਰ ਹਰਜੀਤ ਸਿੰਘ ਮਨਾਵਾਂ, ਡਾ. ਵਾਤਾਵਰਨ ਪ੍ਰੇਮੀ ਹਰਨੇਕ ਸਿੰਘ ਰੋਡੇ ਨੈਸ਼ਨਲ ਐਵਾਰਡੀ, ਦਰਸ਼ਨ ਸਿੰਘ, ਦਰਸ਼ਨ ਸਿੰਘ, ਕਰਮਦੀਨ ਮਲੇਰਕੋਟਲਾ, ਰੁਪਿੰਦਰ ਸਿੰਘ ਕੋਕਰੀ ਕਲਾਂ, ਕਰਨੈਲ ਸਿੰਘ ਸਮੇਤ ਕਿਸਾਨ ਸ਼ਾਮਿਲ ਸਨ |