ਮੋਗਾ, 13 ਜੂਨ (ਸੁਰਿੰਦਰਪਾਲ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਅੱਜ ਪਾਰਟੀ ਦੇ ਹੱਕ ਵਿਚ ਆਮ ਲੋਕਾਂ ਦੀ ਲਾਮਬੰਦੀ ਕਰਨ ਲਈ ਮੋਗਾ ਸ਼ਹਿਰ ਵਿਚ ਅੰਮਿ੍ਤਸਰ ਰੋਡ ਤੋਂ ਦੁਕਾਨਾਂ 'ਤੇ ਡੋਰ-ਟੂ-ਡੋਰ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਪਾਰਟੀ ਦੇ ਹਲਕਾ ਵਿਧਾਨ ਸਭਾ ਮੋਗਾ ਦੇ ਇੰਚਾਰਜ ਭਾਈ ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਜਿੱਥੇ ਸਮਾਜ ਵਿਚ ਫੈਲੇ ਨਸ਼ਿਆਂ ਦੇ ਖ਼ਿਲਾਫ਼ ਇੱਕਜੁੱਟ ਕਰਨ ਦਾ ਹੈ, ਉੱਥੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨਾ ਵੀ ਹੈ | ਉਨ੍ਹਾਂ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਵਿਚ ਭਾਈ ਅੰਮਿ੍ਤਪਾਲ ਸਿੰਘ ਅਗਵਾਈ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਰਕਾਰ ਬਣਨ 'ਤੇ ਫਰੌਤੀਆਂ ਮੰਗਣ ਵਾਲੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਕੇ ਇਸ ਅਪਰਾਧ ਨੂੰ ਜੜ੍ਹੋਂ ਪੁੱਟਿਆ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਰਕਾਰ ਬਣਨ 'ਤੇ ਵਪਾਰੀ ਵਰਗ ਲਈ ਵਿਸ਼ੇਸ਼ ਲਾਭ ਵਾਲੀਆਂ ਸਕੀਮਾਂ ਬਣਾ ਕੇ ਪੰਜਾਬ ਦੇ ਵਪਾਰ ਨੂੰ ਅੰਤਰ-ਰਾਸ਼ਟਰੀ ਪੱਧਰ ਤੱਕ ਲਿਜਾਇਆ ਜਾਵੇਗਾ | ਇਸ ਮੌਕੇ ਦਰਸ਼ਨ ਸਿੰਘ ਚੜਿੱਕ ਰੋਡ, ਸਤਪਾਲ ਸਿੰਘ ਸੱਤਾ ਡਗਰੂ, ਗੁਰਸੇਵਕ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ ਧੂੜਕੋਟ, ਤਰਸੇਮ ਸਿੰਘ ਅਜੀਤਵਾਲ, ਰਸਪਿੰਦਰ ਸਿੰਘ ਤਖ਼ਤੂਪੁਰਾ, ਨਿਰਵੈਰ ਸਿੰਘ ਮੋਗਾ, ਨਿਰਮਲ ਸਿੰਘ ਕੋਰੇਵਾਲਾ, ਅਜੀਤਪਾਲ ਸਿੰਘ ਬੇਦੀ ਨਗਰ ਆਦਿ ਆਗੂ ਹਾਜ਼ਰ ਸਨ |