ਨਿਹਾਲ ਸਿੰਘ ਵਾਲਾ, 19 ਜੂਨ (ਸੁਖਦੇਵ ਸਿੰਘ ਖ਼ਾਲਸਾ)-ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਮੁਸਲਿਮ ਭਾਈਚਾਰੇ ਦੇ ਹਿਤਾਂ ਨੂੰ ਪਹਿਲ ‘ਚ ਰੱਖਦਿਆਂ ਮੁਸਲਿਮ ਭਲਾਈ ਬੋਰਡ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਚੇਅਰਮੈਨ, ਵਾਈਸ ਚੇਅਰਮੈਨ ਅਤੇ ਹੋਰ ਵੱਖ-ਵੱਖ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਜਿਸ ‘ਚ ਮੁਸਲਿਮ ਫ਼ਰੰਟ ਪੰਜਾਬ ਦੇ ਸਰਪ੍ਰਸਤ ਡਾ. ਫਕੀਰ ਮੁਹੰਮਦ ਨਿਹਾਲ ਸਿੰਘ ਵਾਲਾ ਨੂੰ ਮੁਸਲਿਮ ਭਲਾਈ ਬੋਰਡ ਮੋਗਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ‘ਤੇ ਨਿਹਾਲ ਸਿੰਘ ਵਾਲਾ ਦੇ ਸਮੁੱਚੇ ਮੁਸਲਿਮ ਭਾਈਚਾਰੇ ਵਲੋਂ ਖ਼ੁਸ਼ੀ ਸਾਂਝੀ ਕਰਦਿਆਂ ਨਿਹਾਲ ਸਿੰਘ ਵਾਲਾ ਦੇ ਅੱਬੂ ਬਕਰ ਮਸਜਿਦ ‘ਚ ਦੁਪਹਿਰ ਬਾਅਦ ਨਵਾਜ਼ ਅਦਾ ਕੀਤੀ ਗਈ ਅਤੇ ਨਵ-ਨਿਯੁਕਤ ਜ਼ਿਲ੍ਹਾ ਚੇਅਰਮੈਨ ਡਾ. ਫਕੀਰ ਮੁਹੰਮਦ ਦਾ ਮੁਸਲਿਮ ਭਾਈਚਾਰੇ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੁਸਲਿਮ ਭਲਾਈ ਬੋਰਡ ਪੰਜਾਬ ਦੇ ਨਵ-ਨਿਯੁਕਤ ਜ਼ਿਲ੍ਹਾ ਚੇਅਰਮੈਨ ਡਾ. ਫਕੀਰ ਮੁਹੰਮਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਮੁੱਚੇ ਮੋਗਾ ਜ਼ਿਲ੍ਹੇ ‘ਚ ਮੁਸਲਿਮ ਭਾਈਚਾਰੇ ਨੂੰ ਆ ਰਹੀਆਂ ਵੱਖ-ਵੱਖ ਤਰਾਂ ਦੀਆਂ ਸਮੱਸਿਆਵਾਂ ਜਿਵੇਂ ਨਵੀਆਂ ਮਸਜਿਦਾਂ ਦੇ ਨਿਰਮਾਣ ਕਾਰਜ, ਪੁਰਾਣੀਆਂ ਮਸਜਿਦਾਂ ਦੀ ਸਾਂਭ-ਸੰਭਾਲ ਅਤੇ ਮੁਸਲਿਮ ਭਾਈਚਾਰੇ ਦੇ ਕਬਰਸਤਾਨਾਂ ਦੀਆਂ ਸਮੱਸਿਆਵਾਂ ਅਤੇ ਮੁਸਲਮਾਨ ਭਾਈਚਾਰੇ ਦੇ ਭਲਾਈ ਲਈ ਪਹਿਲ ਦੇ ਅਧਾਰ ‘ਤੇ ਸੂਬਾ ਸਰਕਾਰ ਕੋਲ ਮੁੱਦੇ ਉਠਾਉਣਗੇ ਅਤੇ ਰਹਿੰਦੇ ਕਾਰਜਾਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ, ਪਾਰਟੀ ਪ੍ਰਧਾਨ ਅਮਨ ਅਰੋੜਾ ਅਤੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਇਸ ਨਿਯੁਕਤੀ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਨੌਸ਼ਾਦ ਆਲਮ, ਮਨਸੂਰ ਆਲਮ, ਰਮਜਲ, ਅਸਲਮ, ਦਿਲਸ਼ਾਦ, ਭੱਟੀ, ਸਾਹਿਲ, ਜਾਵੇਦ, ਜ਼ੁਲਫ਼ਾਨ, ਗੁਲਸ਼ਨ, ਆਲਮ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ।