ਮੋਗਾ, 19 ਜੂਨ (ਗੁਰਤੇਜ ਸਿੰਘ ਬੱਬੀ)-ਸਿਵਲ ਸਰਜਨ ਮੋਗਾ ਡਾ. ਅਸ਼ੋਕ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜਿਲ੍ਹਾ ਐਪੀਡੀਮੋਲੋਜਿਸਟ ਡਾ. ਨਰੇਸ਼ ਆਮਲਾਂ ਦੀ ਅਗਵਾਈ ਹੇਠ ਜਿਲ੍ਹੇ ਵਿਚ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਡੇਂਗੂ ਰੋਕਥਾਮ ਅਤੇ ਜਾਗਰੂਕਤਾ ਸੰਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵੱਖ-ਵੱਖ ਇਲਾਕਿਆਂ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਟੀਮਾਂ ਨੇ ਕੂਲਰਾਂ, ਗਮਲਿਆਂ, ਫ਼ਰਿਜਾਂ ਦੀਆਂ ਟਰੇਆਂ, ਪਾਣੀ ਦੀਆਂ ਟੈਂਕੀਆਂ ਅਤੇ ਹੋਰ ਪਾਣੀ ਇਕੱਠਾ ਹੋਣ ਵਾਲੀਆਂ ਥਾਵਾਂ ਦੀ ਜਾਂਚ ਕੀਤੀ ਅਤੇ ਲੋਕਾਂ ਨੂੰ ਹਫ਼ਤੇ ਵਿਚ ਇਕ ਵਾਰ ਇਨ੍ਹਾਂ ਨੂੰ ਖਾਲੀ ਕਰਕੇ ਸਾਫ਼ ਕਰਨ ਲਈ ਪ੍ਰੇਰਿਤ ਕੀਤਾ। ਡਾ. ਅਸ਼ੋਕ ਸਿੰਗਲਾ ਨੇ ਕਿਹਾ ਕਿ ਡੇਂਗੂ ਇਕ ਮੱਛਰ-ਜਨਿਤ ਬਿਮਾਰੀ ਹੈ ਜਿਸ ਤੋਂ ਬਚਾਅ ਲਈ ਸਾਂਝੇ ਯਤਨਾਂ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਅਤੇ ਆਲੇ-ਦੁਆਲੇ ਸਾਫ਼-ਸਫ਼ਾਈ ਬਣਾਈ ਰੱਖਣ, ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਬੁਖ਼ਾਰ ਆਉਣ ਦੀ ਸੂਰਤ ਵਿਚ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨ। ਸਿਹਤ ਵਿਭਾਗ ਵਲੋਂ ਡੇਂਗੂ ਰੋਕਥਾਮ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਤਾਂ ਜੋ ਜਿਲ੍ਹੇ ਨੂੰ ਡੇਂਗੂ ਮੁਕਤ ਬਣਾਇਆ ਜਾ ਸਕੇ।