ਕੋਟ ਈਸੇ ਖਾਂ, 20 ਜੂਨ (ਗੁਰਮੀਤ ਸਿੰਘ ਖਾਲਸਾ)-ਮੋਗਾ ਦੇ ਪਿੰਡ ਖੋਸਾ ਰਣਧੀਰ ਵਿਖੇ ਸੂਏ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਗਾਂ ਵਿਚ ਸ਼ਬਦ-ਅਰਥ ਪੰਜ ਪੋਥੀ ਸਾਹਿਬ, ਗੁਰਬਾਣੀ ਦੇ ਗੁਟਕਾ ਸਾਹਿਬ, ਇਕ ਦਸਮ ਗ੍ਰੰਥ ਸਟੀਕ ਪੋਥੀ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਪੋਥੀ ਤੇ ਹੋਰ ਧਾਰਮਿਕ ਲਿਟਰੇਚਰ ਅੱਧ ਸੜੀ ਹਾਲਤ ਵਿਚ ਮਿਲਣ ‘ਤੇ ਭਾਰੀ ਰੋਸ ਦੀ ਭਾਵਨਾ ਫੈਲ ਗਈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਐਸ.ਪੀ.ਆਈ. ਬਾਲ ਕ੍ਰਿਸ਼ਨ ਸਿੰਗਲਾ, ਡੀ.ਐਸ.ਪੀ. ਧਰਮਕੋਟ ਸੁਖਵਿੰਦਰ ਸਿੰਘ ਬਰਾੜ, ਇੰਸਪੈਕਟਰ ਗੁਰਮੇਲ ਸਿੰਘ, ਥਾਣਾ ਕੋਟ ਈਸੇ ਖਾਂ ਦੀ ਪੁਲਿਸ ਪਾਰਟੀ ਤੇ ਹੋਰ ਅਧਿਕਾਰੀਆਂ ਨੇ ਵੀ ਤੁਰੰਤ ਉੱਥੇ ਪੁੱਜ ਕੇ ਤਫਤੀਸ਼ ਆਰੰਭ ਕਰ ਦਿੱਤੀ। ਇਸ ਬਾਰੇ ਪਤਾ ਲੱਗਣ ‘ਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਆਗੂ ਵੀ ਉੱਥੇ ਪੁੱਜ ਗਏ। ਧਾਰਮਿਕ ਆਗੂਆਂ, ਪਤਵੰਤਿਆਂ ਵਲੋਂ ਸਭ ਤੋਂ ਪਹਿਲਾਂ ਗੁਰਬਾਣੀ ਸਤਿਕਾਰ ਨੂੰ ਮੁੱਖ ਰੱਖਦਿਆਂ ਪੋਥੀ ਸਾਹਿਬ, ਗੁਟਕਾ ਸਾਹਿਬ ਤੇ ਬਾਕੀ ਧਾਰਮਿਕ ਸਾਹਿਤ ਨੂੰ ਮੁੱਢਲੀ ਸੰਭਾਲ ਲਈ ਸਤਿਕਾਰ ਸਹਿਤ ਗੁਰਦੁਆਰਾ ਬਾਬਾ ਰਣਧੀਰ ਸਿੰਘ ਜੀ ਵਿਖੇ ਲਿਆਂਦਾ ਗਿਆ ਉਪਰੰਤ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗਈ। ਇਸ ਦੌਰਾਨ ਪਿੰਡ ਦੇ ਸਰਪੰਚ ਰਮਨਦੀਪ ਸਿੰਘ ਰਿੰਪੀ ਹੋਰ ਪਤਵੰਤੇ ਤੇ ਪੁਲਿਸ ਪ੍ਰਸ਼ਾਸਨ ਵੀ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਰਿਹਾ। ਇਸ ਮੌਕੇ ਉੱਥੇ ਮੌਜੂਦ ਜਥੇਦਾਰ ਬਾਬਾ ਕਰਮਜੀਤ ਸਿੰਘ, ਭਾਈ ਗੁਰਦੀਪ ਸਿੰਘ ਸਤਿਕਾਰ ਕਮੇਟੀ ਮੋਗਾ, ਭਾਈ ਕੁਲਵੰਤ ਸਿੰਘ ਫੌਜੀ, ਜਗਜੀਤ ਸਿੰਘ ਖੋਸਾ ਦਲ ਖਾਲਸਾ ਨੇ ਕਿਹਾ ਕਿ ਇਹ ਬੇਹੱਦ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਨੇ ਸਾਡੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ| ਘਟਨਾ ਦਾ ਪਤਾ ਲੱਗਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਜ਼ਿਲ੍ਹਾ ਨਿਗਰਾਨ ਲਖਵੀਰ ਸਿੰਘ ਅਤੇ ਪ੍ਰਚਾਰਕ ਗੁਲਾਬਜਿੰਦਰ ਸਿੰਘ ਵਲੋਂ ਵੀ ਪੁੱਜ ਕੇ ਘਟਨਾ ਦੀ ਪੂਰਨ ਜਾਣਕਾਰੀ ਲਈ ਗਈ। ਇਸ ਮੌਕੇ ਕਿਸਾਨ ਯੂਨੀਅਨ ਅਤੇ ਸਤਿਕਾਰ ਕਮੇਟੀ ਨਾਲ ਸੰਬੰਧਿਤ ਇਸੇ ਪਿੰਡ ਦੇ ਮੁਹਤਬਰ ਕੁਲਵੰਤ ਸਿੰਘ ਫੌਜੀ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਕਰੀਬ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਦੇਖਿਆ ਕਿ ਸੂਏ ਦੇ ਕਿਨਾਰੇ ਅੱਧ ਸੜੀ ਹਾਲਤ ਵਿਚ ਪੰਜ ਪੋਥੀ ਸਾਹਿਬ ਸ਼ਬਦ-ਅਰਥ ਵਾਲੇ, 10 ਗੁਟਕਾ ਸਾਹਿਬ, ਇਕ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਪੋਥੀ, ਇਕ ਦਸਮ ਗ੍ਰੰਥ ਸਟੀਕ ਪੋਥੀ, 2 ਸ੍ਰੀ ਸਾਹਿਬ, 3 ਪੁਸਤਕਾਂ ਸੰਖੇਪ ਜੀਵਨੀ ਬਾਬਾ ਮਿੱਤ ਸਿੰਘ ਆਦਿ ਤੋਂ ਇਲਾਵਾ ਗੁਰਬਾਣੀ ਸ਼ਬਦਾਂ ਦੇ ਅੰਗ ਸ਼ਾਮਿਲ ਸਨ। ਕੁਲਵੰਤ ਸਿੰਘ ਫੌਜੀ ਦੇ ਬਿਆਨਾਂ ਨੂੰ ਆਧਾਰ ਬਣਾਉਂਦੇ ਹੋਏ ਅਤੇ ਕੀਤੀ ਜਾ ਰਹੀ ਤਫਤੀਸ਼ ਦੌਰਾਨ ਡੀ.ਐਸ.ਪੀ. ਧਰਮਕੋਟ ਸੁਖਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਗੁਰਬਾਣੀ ਸਤਿਕਾਰ ਨੂੰ ਮੁੱਖ ਰੱਖਦਿਆਂ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੋਸ਼ੀ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।